ਡਾ: ਬਰਜਿੰਦਰ ਸਿੰਘ ਹਮਦਰਦ ਦੀ ਨਵੀਂ ਸੰਗੀਤ ਐਲਬਮ ‘ਸਰਘੀ’
ਪੰਜਾਬੀ ਪੱਤਰਕਾਰੀ ਦੇ ਬੇਤਾਜ ਬਾਦਸ਼ਾਹ ਅਤੇ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰਤਿਭਾ ਦੇ ਕਈ ਵਿਸਥਾਰ ਹਨ। ਉਹ ਜਿੱਥੇ ਇੱਕ ਸਫਲ ਸੰਪਾਦਕ ਅਤੇ ਪ੍ਰਬੰਧਕ ਹਨ ਉਥੇ ਹੀ ਬਹੁਤ ਹੀ ਸੁਰੀਲੇ ਅਤੇ ਹਰਮਨ ਪਿਆਰੇ ਗਾਇਕ ਹਨ। ਉਨ੍ਹਾਂ ਦੀ ਗਾਇਕੀ ਵੀ ਬਹੁਤ ਵਿਲੱਖਣ ਅਤੇ ਅਰਥ ਭਰਪੂਰ ਹੈ। ਹੁਣ ਤੱਕ ਉਹ ਪੰਜਾਬੀ ਸੰਗੀਤ ਦੀ ਝੋਲੀ ਵਿੱਚ 10 ਸ਼ਾਨਦਾਰ ਸੰਗੀਤ ਐਲਬਮਾਂ ਪਾ ਚੁੱਕੇ ਹਨ। ਉਨ੍ਹਾਂ ਦੀ ਹਰ ਪੇਸ਼ਕਸ਼ ਇੱਕ ਨਵਾਂ ਸੰਦੇਸ਼ ਦਿੰਦੀ ਹੈ। ਡਾ. ਹਮਦਰਦ ਵੱਲੋਂ ਆਪਣੇ ਸੰਗੀਤਕ ਸਫਰ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਨਵੀਂ ਐਲਬਮ ‘ਸਰਘੀ’ ਪੇਸ਼ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਆਧੁਨਿਕ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਤਾਰ ਦੀ ਮਨੁਖੀ ਸੰਵੇਦਨਾ ਤੇ ਜ਼ਿੰਦਗੀ ਦੇ ਵਖ-ਵਖ ਰੰਗਾਂ ਨੂੰ ਪੇਸ਼ ਕਰਦੀਆਂ ਗ਼ਜ਼ਲਾਂ ਨੂੰ ਆਪਣੀ ਸੋਜ਼ ਭਰੀ, ਸੁਰੀਲੀ ਅਤੇ ਵਿਲੱਖਣ ਆਵਾਜ਼ ’ਚ ਉਘੇ ਸੰਗੀਤਕਾਰ ਪੰਡਿਤ ਜਵਾਲਾ ਪ੍ਰਸਾਦ ਵਲੋਂ ਤਿਆਰ ਸੰਗੀਤ ’ਚ ਗਾਇਆ ਹੈ। ਪਿਛਲੇ ਮਹੀਨੇ ਐਲਬਮ ਦੇ ਰਿਲੀਜ਼ ਸਮਾਗਮ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਐਲਬਮ ਵਿਚਲੀਆਂ ਗ਼ਜ਼ਲਾਂ ਨੂੰ ਹਾਰਮੋਨੀਅਮ ਨਾਲ ਸਟੇਜ ’ਤੇ ਲਾਇਵ ਪੇਸ਼ ਕਰਕੇ ਸਭ ਨੂੰ ਮੋਹਿਤ ਕਰ ਦਿੱਤਾ। ਇਸ ਐਲਬਮ ਨਾਲ ਉਨ੍ਹਾਂ ਨੇ ਪੰਜਾਬੀ ਗੀਤ-ਸੰਗੀਤ ’ਚ ਸਾਹਿਤ ਦੇ ਦਖ਼ਲ ਦੀ ਮੁੜ ਪੈਰਵੀ ਕੀਤੀ ਹੈ। ਪੰਜਾਬੀ ਸੰਗੀਤ ਦੇ ਮੌਜੂਦਾ ਸੰਕਟ ਦਾ ਇਹੋ ਵੱਡਾ ਕਾਰਨ ਹੈ ਕਿ ਉਹ ਸਾਹਿਤ ਨਾਲੋਂ ਟੁੱਟ ਗਿਆ ਹੈ। ਡਾ. ਹਮਦਰਦ ਨੇ ਸੁਚੇਤ ਤੌਰ ’ਤੇ ਇਸ ਦਿਸ਼ਾ ਵਿੱਚ ਇੱਕ ਨਵਾਂ ਰਾਹ ਦਿਖਾਇਆ ਹੈ। ਡਾ. ਹਮਦਰਦ ਜਦੋਂ ਵੀ ਕੋਈ ਕਾਰਜ ਕਰਦੇ ਹਨ ਤਾਂ ਹਮੇਸ਼ਾ ਰੋਸ਼ਨੀ ਵੰਡਦੇ ਹਨ। ਉਹ ਪੰਜਾਬੀ ਸਮਾਜ ਲਈ ਅਕਸਰ ਵੱਡੀਆਂ ਉਮੀਦਾਂ ਅਤੇ ਆਸਾਂ ਬਣ ਕੇ ਬਹੁੜਦੇ ਹਨ। ਸੰਸਾਰ ਭਰ ਵਿੱਚ ਫੈਲੇ ਪੰਜਾਬੀਆਂ ਲਈ ਉਹ ਸਭ ਤੋਂ ਵੱਡੇ ਸੰਚਾਰ-ਦਾਤਾ ਹਨ। ‘ਅਜੀਤ’ ਅਖ਼ਬਾਰ ਨਾਲ ਉਨ੍ਹਾਂ ਨੇ ਸੰਸਾਰ ਭਰ ਵਿੱਚ ਫੈਲੇ ਪੰਜਾਬੀ ਸਮਾਜ ਨੂੰ ਇੱਕ ਲੜੀ ਵਿੱਚ ਪਰੋਇਆ ਹੋਇਆ ਹੈ। ਹਰ ਰੋਜ਼ ਹਰ ਪੰਜਾਬੀ ਉਨ੍ਹਾਂ ਦੇ ਸ਼ਬਦਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਉਡੀਕਦਾ ਹੈ। ਸਿਆਸਤ ਹੋਵੇ ਜਾਂ ਸਮਾਜ, ਸੱਭਿਆਚਾਰ ਹੋਵੇ ਜਾਂ ਸੰਗੀਤ ਉਨ੍ਹਾਂ ਦੀ ਦ੍ਰਿਸ਼ਟੀ ਨੂੰ ਪੰਜਾਬੀ ਹਮੇਸ਼ਾ ਮਾਣ-ਸਤਿਕਾਰ ਦਿੰਦੇ ਹਨ। ਡਾ. ਹਮਦਰਦ ਆਪਣੀ ਰਾਇ ਪ੍ਰਗਟ ਕਰਨ ਸਮੇਂ ਕੋਈ ਵੱਲ ਫਰੇਬ ਨਹੀਂ ਕਰਦੇ। ਉਨ੍ਹਾਂ ਦੀ ਹਰ ਗੱਲ ਰੂਹ ਤੋਂ ਹੁੰਦੀ ਹੈ। ਅਸਲ ਵਿੱਚ ਉਹ ਸੱਚੇ ਪੰਜਾਬੀ ਸਪੁੱਤਰ ਹਨ। ਉਹ ਪੈਸੇ ਦੇ ਪੁੱਤਰ ਨਹੀਂ ਹਨ। ਉਹ ਹਮੇਸ਼ਾ ਪੰਜਾਬ ਲਈ, ਪੰਜਾਬੀਆਂ ਲਈ ਅਤੇ ਮਾਨਵਤਾ ਲਈ ਸੋਚਦੇ ਹਨ। ਉਨ੍ਹਾਂ ਦਾ ਹਰ ਅੱਖਰ ਅਤੇ ਹਰ ਸੁਰ ਇਸ ਦਿਸ਼ਾ ਵੱਲ ਹੀ ਸੇਧਤ ਹੈ। ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਡਾ. ਹਮਦਰਦ ਮਕਬੂਲੀਅਤ ਦੇ ਜਿਸ ਮੁਕਾਮ ਉਪਰ ਖੜ੍ਹੇ ਹਨ, ਉਥੇ ਪਹੁੰਚਣਾ ਹਰ ਇੱਕ ਦੇ ਬਸ ਨਹੀਂ ਹੈ। ਪੱਤਰਕਾਰੀ ਦੇ ਅਥਾਹ ਰੁਝੇਵਿਆਂ ਦੇ ਬਾਵਜੂਦ ਡਾ. ਹਮਦਰਦ ਦਾ ਸੰਗੀਤ ਦੇ ਖੇਤਰ ਨਾਲ ਜੁੜਣਾ ਅਤੇ ਲਗਾਤਾਰ ਸਰਗਰਮ ਰਹਿਣਾ ਬਹੁਤ ਹੀ ਸੁਖਦ ਅਹਿਸਾਸ ਹੈ। ਉਨ੍ਹਾਂ ਨੇ ਇਸ ਨਾਲ ਪੰਜਾਬੀ ਸੰਗੀਤ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ ਅਤੇ ਗਾਇਕਾਂ ਨੂੰ ਚੰਗੀ ਗਾਇਕੀ ਲਈ ਪ੍ਰੇਰਿਆ ਹੈ। ਉਨ੍ਹਾਂ ਦੀ ਇਹ ਇਤਿਹਾਸਿਕ ਦੇਣ ਪੰਜਾਬੀ ਸਮਾਜ ਲਈ ਵੱਡਾ ਮਹੱਤਵ ਰੱਖਦੀ ਹੈ। ਪੰਜਾਬੀ ਬੋਲੀ, ਪੰਜਾਬੀ ਅਦਬ, ਪੰਜਾਬੀ ਸੰਗੀਤ ਅਤੇ ਸੱਭਿਆਚਾਰ ਲਈ ਉਨ੍ਹਾਂ ਦੀਆਂ ਬੇਸ਼ੁਮਾਰ ਘਾਲਣਾਵਾਂ ਹਨ। ਉਨ੍ਹਾਂ ਦੀਆਂ ਪੈੜਾਂ ਦੇ ਹਰ ਨਕਸ਼ ਨੂੰ ਪੰਜਾਬੀ ਸਿਜਦਾ ਕਰਦੇ ਹਨ।
ਪੰਜਾਬ ਦੇ ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਵਿੱਚ ਡਾ. ਹਮਦਰਦ ਦੀ ਸ਼ਖ਼ਸੀਅਤ ਬਾਰੇ ਬੋਲਿਆ ਇਹ ਸ਼ੇਅਰ ‘ਉਸ ਕੇ ਕਦ ਕਾ ਅੰਦਾਜ਼ਾ ਹੋ ਨਹੀਂ ਸਕਤਾ, ਵੋ ਆਸਮਾ ਹੈ, ਫਿਰ ਭੀ ਸਿਰ ਝੁਕਾਏ ਬੈਠਾ ਹੈ।’ ਬੇਹੱਦ ਢੁੱਕਵਾਂ ਹੈ। ਡਾ. ਹਮਦਰਦ ਦੀ ਗਾਇਕੀ ਨੇ ਡਾ. ਜਗਤਾਰ ਦੀਆਂ ਗ਼ਜ਼ਲਾਂ ਨੂੰ ਇੱਕ ਨਵਾਂ ਅਰਥ ਅਤੇ ਜੀਵਨ ਦਿੱਤਾ ਹੈ। ਡਾ. ਹਮਦਰਦ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਨੂੰ ਆਵਾਜ਼ ਦੇ ਕੇ ਸਦੀਵੀ ਬਣਾ ਦਿਤਾ ਹੈ। ‘ਸਰਘੀ’ ਐਲਬਮ ‘ਅਜੀਤ’ ਭਵਨ ਵਿਖੇ ਉਸਾਰੇ ਗਏ ਨਵੇਂ ਆਡੀਟੋਰੀਅਮ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਮੁਖ ਸ਼ਖ਼ਸੀਅਤਾਂ ਵਲੋਂ ਪੜਾਅਵਾਰ ਰਿਲੀਜ਼ ਕੀਤੀ ਗਈ। ਡਾ. ਹਮਦਰਦ ਦੀ ਸੋਚ ਤੇ ਸੰਕਲਪ ਜੱਗੋਂ ਨਿਆਰੇ ਹਨ। ਮਿਆਰੀ ਪਤਰਕਾਰੀ ਲਈ ਉਨ੍ਹਾਂ ਵੱਲੋਂ ਬੇਮਿਸਾਲ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਗਾਇਕੀ ਲਈ ਵੀ ਉਨ੍ਹਾਂ ਦਾ ਯੋਗਦਾਨ ਲਾਸਾਨੀ ਹੈ। ਉਨ੍ਹਾਂ ਲਈ ਗਾਇਕੀ ਇਕ ਤਪਸਿਆ ਦੀ ਤਰ੍ਹਾਂ ਹੈ। ਡਾ. ਹਮਦਰਦ ਨੇ ਲਗਾਤਾਰ ਰਿਆਜ਼ ਨਾਲ ਆਪਣੀ ਗਾਇਨ ਕਲਾ ਨੂੰ ਨਿਖਾਰਿਆ ਹੈ। ਉਨ੍ਹਾਂ ਦੀ ਗਾਇਕੀ ’ਚ ਹੋਰ ਪਰਪਕਤਾ ਆਈ ਹੈ। ਡਾ. ਹਮਦਰਦ ਦੀ ਗਾਇਕੀ ਸੱਚਮੁੱਚ ਰੂਹ ਨੂੰ ਸਕੂਨ ਪਹੁੰਚਾਉਂਦੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਾਰਜਾਂ ’ਚੋਂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਮਹਿਕ ਆਉਂਦੀ ਹੈ। ਡਾ. ਹਮਦਰਦ ਗਾਇਕੀ ਦੇ ਖੇਤਰ ’ਚ ਸਿਰਫ ਆਪਣਾ ਸ਼ੌਕ ਪੂਰਾ ਕਰਨ ਲਈ ਨਹੀਂ ਆਏ ਬਲਕਿ ਉਹ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੇ ਵਡਮੁੱਲੇ ਫ਼ਰਜ਼ ਅਦਾ ਕਰ ਰਹੇ ਹਨ। ਬੇਹੱਦ ਖੂਬਸੁਰਤ ਇਨਸਾਨ ਅਤੇ ਉਚ ਦੁਮਾਲੜੀ ਸ਼ਖਸੀਅਤ ਡਾ. ਹਮਦਰਦ ਦੀ ਲੰਬੀ ਅਤੇ ਤੰਦਰੁਸਤ ਉਮਰ ਦੀ ਕਾਮਨਾ ਕਰਦੇ ਹੋਏ ਆਸ ਕਰਦੇ ਹਾਂ ਕਿ ਉਹ ਭਵਿਖ ’ਚ ਵੀ ਇਸੇ ਤਰ੍ਹਾਂ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।