June 23, 2026 1:51 am

ਫ਼ਰੀਦਕੋਟ ਰੈਲੀ ’ਚ ਬਾਦਲ ਵੱਲੋਂ ਆਪਣੀ ਤੇ ਪੁੱਤ ਦੀ ਕੁਰਬਾਨੀ ਦੇਣ ਦਾ ਪ੍ਰਣ

ਸੁਖਬੀਰ ਵੱਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਹਮਲੇ

ਫ਼ਰੀਦਕੋਟ, 16 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਲਈ ਆਪਣੀ ਅਤੇ ਆਪਣੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ। ਰੈਲੀ ਵਿੱਚ ਕਾਂਗਰਸ ਦੀ ਤਿੱਖੀ ਅਲੋਚਨਾ ਕੀਤੀ ਗਈ। ਲਗਭਗ ਸਭ ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਦੂਸਰੇ ਆਗੂਆਂ ਨੂੰ ਨਿਸ਼ਾਨਾ ਬਣਾਇਆ। ਸ. ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਵਾਰ-ਵਾਰ ਸਿਖ ਤੇ ਪੰਜਾਬ ਵਿਰੋਧੀ ਕਰਾਰ ਦਿਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਸਾਡਾ ਪਾਣੀ ਵੀ ਖੋਹ ਲਿਆ, ਨਾਲੇ ਰਾਜਧਾਨੀ ਵੀ ਖੋਹ ਲਈ ਤੇ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿਤੇ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ਤੇ ਪੰਜਾਬ ਵਿਚ ਅਮਨ ਤੇ ਸ਼ਾਂਤੀ ਕਾਇਮ ਰਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਸੀ ਕਿ ਅਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿਚ ਆਇਆ ਸੀ ਤੇ ਇਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ।ਇਸ ਖੁਲਾਸੇ ਤੋਂ ਬਾਅਦ ਹੀ ਸ. ਬਾਦਲ ਨੇ ਕੁਰਬਾਨੀ ਵਾਲੀ ਗਲ ਕਹੀ।ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਜੰਮ ਕੇ ਭੜਾਸ ਕਢੀ। ਸੁਖਬੀਰ ਨੇ ਕੈਪਟਨ ਦੀ ਵਿਧਾਨ ਸਭਾ ਵਿਚ ਸਾਬਕਾ ਮੁਖ ਮੰਤਰੀ ਬਾਦਲ ਵਿਰੁਧ ਮੰਦੀ ਸ਼ਬਦਾਵਲੀ ਦਾ ਦੋਸ਼ ਲਾਉਂਦਿਆਂ ਕਾਫੀ ਆਲੋਚਨਾ ਕੀਤੀ।ਸ. ਬਾਦਲ ਨੇ ਕੈਪਟਨ ਦੇ ਚਰਿਤਰ ਤੇ ਮੁਖ ਮੰਤਰੀ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁਕਦਿਆਂ ਪ੍ਰਕਾਸ਼ ਸਿੰਘ ਦੀ ਬਾਦਲ ਦੀ ਖ਼ੂਬ ਸ਼ਲਾਘਾ ਕੀਤੀ।ਸ. ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਨੇ ਬਰਗਾੜੀ ਵਿਚ ਮੋਰਚੇ ’ਤੇ ਬੈਠੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜੱਥੇਦਾਰ ਧਿਆਨ ਸਿੰਘ ਮੰਡ ’ਤੇ ਵੀ ਕਈ ਤਿਖੇ ਵਾਰ ਕੀਤੇ।
ਸ. ਮਜੀਠਿਆ ਮੁਤਵਾਜ਼ੀ ਜਥੇਦਾਰ ਦਾ ਮਜ਼ਾਕ ਉਡਾਉਂਦਿਆਂ ‘ਡਡੂਵਾਲ‘ ਤਕ ਕਹਿ ਦਿਤਾ। ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਤੇ ਸੁਨੀਲ ਜਾਖੜ ‘ਤੇ ਵੀ ਕਈ ਨਿਸ਼ਾਨੇ ਲਾਏ। ਸਾਰੇ ਅਕਾਲੀ ਲੀਡਰਾਂ ਨੇ ਰੈਲੀ ਦੀ ਆਗਿਆ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਵੀ ਕੀਤਾ।ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਤੋਂ ਫ਼ਰੀਦਕੋਟ ਤਕ ਪੂਰੇ ਸੁਰਖਿਆ ਘੇਰੇ ਵਿਚ ਲਿਆਂਦਾ ਗਿਆ।

Send this to a friend