ਕੇਂਦਰ ਸਰਕਾਰ ਦੀ ਪਹਿਲਕਦਮੀ ਉਪਰ ਵਿਆਹ ਕਰਵਾਕੇ ਵਿਦੇਸ਼ ਭੱਜਣ ਵਾਲੇ ਧੋਖੇਬਾਜ਼ ਪ੍ਰਵਾਸੀ ਲਾੜਿਆਂ ਖਿਲਾਫ ਬਹੁਤ ਹੀ ਪ੍ਰਭਾਵੀ ਕਾਰਵਾਈ ਵਿੱਢੀ ਗਈ ਹੈ। ਸਰਕਾਰ ਦੇ ਹੁਕਮਾਂ ਉਪਰ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਪਾਸਪੋਰਟ ਡਵੀਜ਼ਨ ਵੱਲੋਂ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਭਜਣ ਵਾਲੇ ਪਤੀਆਂ ’ਤੇ ਸ਼ਿਕੰਜੇ ਕਸਿਆ ਜਾ ਰਿਹਾ ਹੈ। ਜਲੰਧਰ ਅਤੇ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰਾਂ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਧੋਖੇਬਾਜ਼ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾ ਰਹੇ ਹਨ। ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਨੇ ਪਤਨੀਆਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲੇ 45 ਪਤੀਆਂ ਦੇ ਪਾਸਪੋਰਟ ਰਦ ਕਰ ਦਿਤੇ ਹਨ।ਇਨ੍ਹਾਂ ’ਚੋਂ 12 ਨੂੰ ਤਾਂ ਵਿਦੇਸ਼ਾਂ ’ਚੋਂ ਨੌਕਰੀ ਤੋਂ ਵੀ ਕੱਢ ਦਿਤਾ ਗਿਆ ਹੈ।ਅਜਿਹੇ ਧੋਖੇਬਾਜ਼ 2 ਲਾੜਿਆਂ ਨੂੰ ਭਾਰਤ ਵਾਪਸ ਆਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਧੋਖੇਬਾਜ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਗਏ ਹਨ ਉਨ੍ਹਾਂ ’ਚੋਂ ਜ਼ਿਆਦਾਤਰ ਕੈਨੇਡਾ, ਅਮਰੀਕਾ ਅਤੇ ਯੂਕੇ ਨਾਲ ਸਬੰਧਤ ਹਨ। ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਤਨੀਆਂ ਵੱਲੋਂ ਪਾਸਪੋਰਟ ਦਫ਼ਤਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਹੁਣ ਤੱਕ ਹਜ਼ਾਰਾਂ ਪੀੜਤ ਪਤਨੀਆਂ ਸੁਣਵਾਈ ਲਈ ਪਾਸਪੋਰਟ ਦਫ਼ਤਰਾਂ ਨੂੰ ਆਪਣੀਆਂ ਅਰਜ਼ੀਆਂ ਦੇ ਚੁੱਕੀਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਸਪੋਰਟ ਦਫਤਰ ਬਕਾਇਦਾ ਜਾਂਚ-ਪੜਤਾਲ ਤੋਂ ਬਾਅਦ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਸ਼ੁਰੂ ਕਰਦੇ ਹਨ। ਪਾਸਪੋਰਟ ਦਫ਼ਤਰ ਵੱਲੋਂ 100 ਦੇ ਕਰੀਬ ਹੋਰ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪਾਸਪੋਰਟ ਦਫ਼ਤਰ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਧੋਖੇਬਾਜ਼ ਪ੍ਰਵਾਸੀ ਲਾੜਿਆਂ ਨੂੰ ਭਾਰਤ ਆਉਣ ਲਈ ਮਜ਼ਬੂਰ ਕੀਤਾ ਜਾਵੇ। ਪਾਸਪੋਰਟ ਦਫ਼ਤਰ ਇਸ ਸਬੰਧ ਵਿੱਚ ਭਾਰਤੀ ਰਾਜਦੂਤਕ ਮਿਸ਼ਨਾਂ ਤੋਂ ਵੀ ਮੱਦਦ ਲੈ ਰਹੇ ਹਨ। ਇਸ ਸਬੰਧ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਵੀ ਭਰੋਸੇ ਵਿੱਚ ਲਿਆ ਜਾ ਰਿਹਾ ਹੈ ਤਾਂ ਜੋ ਉਥੇ ਕੰਮ ਕਰਦੇ ਧੋਖੇਬਾਜ਼ ਪ੍ਰਵਾਸੀ ਲਾੜਿਆਂ ਖਿਲਾਫ ਕਾਰਵਾਈ ਹੋ ਸਕੇ। ਪਾਸਪੋਰਟ ਦਫ਼ਤਰ ਵਿੱਚ ਇਸ ਸਬੰਧੀ ਬਣਾਏ ਗਏ ਸੈਲ ’ਚ ਪੀੜਤ ਔਰਤਾਂ ਵੀ ਸਹਿਯੋਗ ਦੇ ਰਹੀਆਂ ਹਨ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਧੋਖੇਬਾਜ ਪ੍ਰਵਾਸੀ ਲਾੜਿਆਂ ਤੋਂ ਪੀੜਤ ਹਨ। ਵਿਦੇਸ਼ ਭੱਜ ਜਾਣ ਕਾਰਨ ਅਜਿਹੇ ਲਾੜਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਸੰਭਵ ਨਹੀਂ ਹੁੰਦੀ। ਹੁਣ ਨਵੇਂ ਹਾਲਾਤਾਂ ਵਿੱਚ ਪੀੜਤ ਔਰਤਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਕੇਂਦਰ ਸਰਕਾਰ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਸਬੰਧ ਵਿੱਚ ਖੇਤਰੀ ਪਾਸਪੋਰਟ ਦਫਤਰਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਨਵੀਆਂ ਉਮੀਦਾਂ ਜਗਾਅ ਰਹੀ ਹੈ।
– ਬਲਜੀਤ ਸਿੰਘ ਬਰਾੜ