May 1, 2026 9:57 am

ਪ੍ਰਧਾਨ ਮੰਤਰੀ ਦੀ ਨੇਕ ਸਲਾਹ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਤਰ੍ਹਾਂ ‘ਗੰਦਗੀ’ ਨਾ ਫੈਲਾਉਣ। ਉਨ੍ਹਾਂ ਇਹ ਵੀ ਆਖਿਆ ਹੈ ਕਿ ਇਹ ਵਿਸ਼ਾ ਕਿਸੇ ਵਿਚਾਰਧਾਰਾ ਨਾਲ ਸਬੰਧਤ ਨਹੀਂ ਹੈ ਪਰ ਇਹ ਕਿਸੇ ਸੁੱਘੜ ਸਮਾਜ ਨੂੰ ਸੋਭਦਾ ਨਹੀਂ ਹੈ।ਪ੍ਰਧਾਨ ਮੰਤਰੀ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਕਾਰਕੁਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਸਚਾਈ ’ਤੇ ਆਧਾਰਤ ਖ਼ਬਰਾਂ ਦਾ ਮਾਹੌਲ ਬਣਾਇਆ ਜਾਵੇ ਅਤੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਜਾਵੇ ਜਿਸ ਨਾਲ ਸਮਾਜ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋਕਾਂ ਨੂੰ ਇਸ ਮੁੱਦੇ ਸਬੰਧੀ ਸਿੱਖਿਅਤ ਕਰਨ ਕਿ ਸੋਸ਼ਲ ਮੀਡੀਆ ਜ਼ਰੀਏ ਝੂਠੀਆਂ, ਅਫ਼ਵਾਹਾਂ ਅਤੇ ਗੰਦਗੀ ਨਾਲ ਲਬਰੇਜ਼ ਖ਼ਬਰਾਂ ਫੈਲਾਉਣ ਤੋਂ ਸੰਕੋਚ ਕੀਤਾ ਜਾਵੇ।ਪ੍ਰਧਾਨ ਮੰਤਰੀ ਦੀ ਇਹ ਸਲਾਹ ਸੁੱਟਣ ਵਾਲੀ ਨਹੀਂ ਹੈ। ਮੌਜੂਦਾ ਸਮੇਂ ਸੋਸ਼ਲ ਮੀਡੀਆ ਦੀ ਭਾਰੀ ਦੁਰਵਰਤੋਂ ਹੋ ਰਹੀ ਹੈ। ਗੈਰ ਸਮਾਜੀ ਅਨਸਰ ਗਲਤ ਅਫਵਾਹਾਂ ਫੈਲਾਅ ਰਹੇ ਹਨ। ਇਸ ਨਾਲ ਸਮਾਜ ਅੰਦਰ ਅਫਰਾ-ਤਫਰੀ ਦਾ ਮਾਹੌਲ ਬਣ ਰਿਹਾ ਹੈ। ਗਲਤ ਸੂਚਨਾ ਅਤੇ ਖਬਰਾਂ ਕਾਰਨ ਕਈ ਥਾਂ ਹਿੰਸਾ ਵੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਦੂਰਉਪਯੋਗ ਨੂੰ ਰੋਕਣਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਲਈ ਸਾਰੀਆਂ ਧਿਰਾਂ ਨੂੰ ਰਲ ਮਿਲ ਕੇ ਇਸ ਮੁੱਦੇ ’ਤੇ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਸੋਸ਼ਲ ਮੀਡੀਆ ਦੇ ਦੁਰਉਪਯੋਗ ਨੂੰ ਰੋਕਿਆ ਜਾ ਸਕੇ। ਸੋਸ਼ਲ ਮੀਡੀਆ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਇਕ ਚੰਗਾ ਪਲੇਟ ਫਾਰਮ ਹੈ। ਇਸ ਨਾਲ ਇਕ-ਦੂਜੇ ਨਾਲ ਸੰਪਰਕ ਬਣਾਉਣਾ ਬਹੁਤ ਸੌਖਾ ਅਤੇ ਸਸਤਾ ਹੈ। ਸੋਸ਼ਲ ਮੀਡੀਆ ਨੂੰ ਸਮਾਜ ਸੇਵਾ ਦੇ ਨਜ਼ਰੀਏ ਤੋਂ ਉਸਾਰੂ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ਗੈਰ ਸਮਾਜੀ ਅਨਸਰਾਂ ਉਪਰ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਦਾ ਦੁਰਉਪਯੋਗ ਨਾ ਹੋ ਸਕੇ। ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਮੁੱਦੇ ’ਤੇ ਵਿਸਥਾਰ ਵਿੱਚ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਰਾਏ ਉਪਰ ਪਹਿਰਾ ਦੇਣਗੇ। ਦੂਜੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੀ ਸਵੱਛਤਾ ਲਈ ਇਕ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ

Send this to a friend