April 30, 2026 3:29 am

ਕਿਵੇਂ ਪਹੁੰਚੀ ਸਫਲਤਾ ਦੀ ਮੰਜ਼ਿਲ ਤੇ?

‘ਸਫਲਤਾ’ ਸੁਣਨ ਵਿਚ ਕਿੰਨਾ ਪਿਆਰਾ ਸ਼ਬਦ ਹੈ ਅਤੇ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਸਫਲਤਾ ਪਾਉਣਾ ਚਾਹੁੰਦਾ ਹੈ। ਹਾਂ ! ਕਿਸੇ ਦੇ ਸੁਪਨੇ ਵਡੇ ਹਨ ਤੇ ਕਿਸੇ ਦੇ ਛੋਟੇ ਪਰ ਸੁਪਨੇ ਹਰ ਕੋਈ ਦੇਖਦਾ ਹੈ ਅਤੇ ਉਨ੍ਹਾਂ ਨੂੰ ਪਾ ਲੈਣ ਦਾ ਚਾਅ ਉਸ ਦੇ ਮਨ ਵਿਚ ਰਹਿੰਦਾ ਹੈ ।
ਪਰ ਅਜ ਅਸੀਂ ਗਲ ਕਰਾਂਗੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਿਵੇਂ ਕਰੀਏ ?ਕਿਵੇਂ ਪਾਈਏ ਸਫਲਤਾ ਨੂੰ ?
ਇਸ ਵਿਚ ਸਭ ਤੋਂ ਵਧੇਰੇ ਜੋ ਧਿਆਨ ਦੇਣ ਵਾਲੀ ਗਲ ਹੈ ਉਹ ਹੈ ਸਾਡੇ ਟੀਚੇ ਦਾ ਸਾਫ਼ ਹੋਣਾ। ਵਿਦਿਆਰਥੀਆਂ ਵਿਚ ਵਿਸ਼ੇਸ਼ ਕਰਕੇ ਇਹ ਗਲ ਦੇਖੀ ਜਾਂਦੀ ਹੈ ਕਿ ਅਸੀਂ ਅਗਾਂਹ ਜਾ ਕੇ ਕੀ ਕਰਨਾ ਹੈ ਉਹ ਇਸ ਗਲ ਵਿਚ ਬਹੁਤ ਹੀ ਉਲ਼ਝਣ ਮਹਿਸੂਸ ਕਰਦੇ ਹਨ । ਸਾਡਾ ਨਿਸ਼ਚਾ ਜਾਂ ਟੀਕਾ ਹੀ ਨਿਰਧਾਰਿਤ ਨਹੀਂ ਹੁੰਦਾ । ਮੈਂ ਖ਼ੁਦ ਇਕ ਵਿਦਿਆਰਥਣ ਹਾਂ ਤੇ ਇਸ ਗਲ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਕੇ ਭਵਿਖ ਨੂੰ ਲੈ ਕੇ ਅਸੀਂ ਬਚੇ ਹਮੇਸ਼ਾ ਚਿੰਤਿਤ ਰਹਿੰਦੇ ਹਾਂ । ਇਸ ਲਈ ਸਾਨੂੰ ਕਿਸੇ ਚੰਗੇ ਮਾਰਗ ਦਰਸ਼ਕ ਦੀ ਲੋੜ ਪੈਂਦੀ ਹੈ ਤਾਂ ਜੋ ਅਸੀਂ ਪਹਿਲਾਂ ਆਪਣੇ ਸਹੀ ਟੀਚੇ ਦੀ ਸਹੀ ਚੋਣ ਕਰ ਸਕੀਏ।ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀਆਂ ਰੁਚੀਆਂ ਵਲ ਦੇਖਣਾ ਚਾਹੀਦਾ ਹੈ। ਸਾਨੂੰ ਇਸ ਗਲ ਨੂੰ ਅਨੁਭਵ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜਾ ਕੰਮ ਵਧੀਆ ਕਰ ਸਕਦੇ ਹਾਂ । ਜਿਸ ਨੂੰ ਕਰਦੇ ਵਕਤ ਅਸੀਂ ਖ਼ੁਦ ਨੂੰ ਬੋਰ ਮਹਿਸੂਸ ਨਹੀਂ ਕਰਦੇ । ਜਿਸ ਵਿਚ ਸਾਡਾ ਮਨ ਖੁਭਿਆ ਰਹਿੰਦਾ ਹੈ ਅਤੇ ਸਮਾਂ ਕਿਵੇਂ ਬੀਤ ਜਾਂਦਾ ਸਾਨੂੰ ਪਤਾ ਹੀ ਨਹੀਂ ਚਲਦਾ। ਇਸ ਤਰ੍ਹਾਂ ਅਸੀਂ ਆਪਣੀ ਰੁਚੀ ਨੂੰ ਸਮਝ ਪਾਵਾਂਗੇ । ਫਿਰ ਤੁਸੀਂ ਆਪਣੀ ਰੁਚੀ ਅਨੁਸਾਰ ਆਪਣੇ ਟੀਚੇ ਨੂੰ ਜਲਦ ਸਮਝ ਜਾਓਗੇ। ਪਰ ਟੀਚੇ ਜਾਂ ਨਿਸਚੇ ਨੂੰ ਸਮਝ ਲੈਣਾ ਹੀ ਸਫਲਤਾ ਨੂੰ ਪਾ ਲੈਣਾ ਨਹੀਂ ਹੈ । ਇਸ ਤਕ ਪਹੁੰਚਣ ਲਈ ਅਜੇ ਸਾਨੂੰ ਆਪਣੇ ਰਾਹ ਸਾਫ ਕਰਨੇ ਪੈਣਗੇ । ਭਾਵ ਆ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਾਨੂੰ ਪਹਿਲਾਂ ਹੀ ਇਕ ਵਧੀਆ ਤੇ ਬਹਾਦਰ ਸਿਪਾਹੀ ਦੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ ।
ਆਖਿਰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ?
ਸਭ ਤੋਂ ਪਹਿਲੀ ਮੁਸ਼ਕਿਲ ਜੋ ਤੁਹਾਨੂੰ ਘੇਰਾ ਪਾਏਗੀ ਉਹ ਹੈ ਤੁਹਾਡੀ ਆਪਣੀ ਹੀ‘ ਸੋਚ‘ ਅਤੇ ਇਹ ਇਕ ਮੁਸ਼ਕਿਲ ਹੀ ਬਣੇਗੀ ਬਾਕੀ ਸਭ ਮੁਸ਼ਕਿਲਾਂ ਦੀ ਜਨਮਦਾਤੀ । ਤੁਸੀਂ ਟੀਚਾ ਤਾਂ ਨਿਰਧਾਰਿਤ ਕਰ ਲਿਆ ਪਰ ਉਸ ਨੂੰ ਪਾਉਣ ਲਗਿਆਂ ਜਦੋਂ ਮਿਹਨਤ ਕਰਨੀ ਸ਼ੁਰੂ ਕਰੋਗੇ ਤਾਂ ਸੁਸਤੀ ਤੁਹਾਨੂੰ ਆਣ ਘੇਰਾ ਪਾਵੇਗੀ ਤੁਸੀਂ ਕਈ ਵਾਰ ਖੁਦ ਨੂੰ ਹੀ ਧਕਿਆ ਅਤੇ ਆਤਮ ਵਿਸ਼ਵਾਸ ਵਿਚ ਕਮੀ ਮਹਿਸੂਸ ਕਰੋਗੇ। ਇਹ ਮਨੁਖੀ ਸੁਭਾਅ ਹੈ । ਇਸ ਲਈ ਇਹ ਆਮ ਗਲ ਹੈ । ਪਰ ਇਹ ਵਿਸ਼ਵਾਸ ਦੀ ਕਮੀ ਤੁਹਾਨੂੰ ਤੁਹਾਡੇ ਟੀਚੇ ਤੋਂ ਦੂਰ ਲਿਜਾਣਾ ਸ਼ੁਰੂ ਕਰ ਦੇਵੇਗੀ। ਫਿਰ ਸੁਸਤੀ ਦਿਮਾਗ ਅਤੇ ਸਰੀਰ ਤੇ ਹਾਵੀ ਹੋਣੀ ਸ਼ੁਰੂ ਹੋ ਜਾਂਦੀ ਹੈ । ਇਸ ਲਈ ਸਾਨੂੰ ਹਮੇਸ਼ਾ ਇਸ ਜਗ੍ਹਾ ਸੁਚੇਤ ਹੋ ਕੇ ਅਗਾਂਹ ਵਧਣਾ ਪਵੇਗਾ। ਇਸ ਤੋਂ ਅਗਾਂਹ ਦੀ ਇਕ ਹੋਰ ਮੁਸ਼ਕਿਲ ਹੈ ਸਾਡਾ ਠ ਡਰਠ। ਅਸੀਂ ਕਈ ਵਾਰ ਦੇਖਦੇ ਹਾਂ ਕਿ ਸਾਡਾ ਡਰ ਸਾਨੂੰ ਕਈ ਕੰਮ ਕਰਨ ਤੋਂ ਰੋਕਦਾ ਹੈ । ਸਾਡੇ ਮਨ ਵਿਚ ਹਮੇਸ਼ਾਂ ਡਰ ਉਦੋਂ ਬਣੇਗਾ । ਜਦੋਂ ਅਸੀਂ ਕਿਸੇ ਖਤਰੇ ਨੂੰ ਮਹਿਸੂਸ ਕਰਦੇ ਹਾਂ। ਮਿਸਾਲ ਦੇ ਤੌਰ ਤੇ ਜੇਕਰ ਕੋਈ ਇਨਸਾਨ ਐਵਰੈਸਟ ਤੇ ਚੜ੍ਹਨ ਦਾ ਸੁਪਨਾ ਦੇਖਦਾ ਹੈ । ਪਰ ਉਸ ਦੇ ਅੰਦਰ ਇਹ ਡਰ ਹੈ ਕਿ ਜੇਕਰ ਮੇਰੀ ਕੋਈ ਲਤ ਬਾਂਹ ਟੁਟ ਗਈ ਜਾਂ ਕੁਝ ਹੋਰ ਬੁਰੀ ਘਟਨਾ ਹੋ ਗਈ ਤਾਂ ਫਿਰ ਕੀ ਹੋਏਗਾ ? ਇਹ ਡਰ ਉਸ ਨੂੰ ਕਦੇ ਵੀ ਐਵਰੇਸਟ ਤਕ ਨਹੀਂ ਪਹੁੰਚਣ ਦੇਵੇਗਾ । ਫਿਰ ਉਸ ਦਾ ਟੀਚਾ ਸਿਰਫ਼ ਸੁਪਨਾ ਬਣ ਕੇ ਹੀ ਰਹਿ ਜਾਵੇਗਾ। ਇਸ ਲਈ ਤੁਹਾਡਾ ਤੁਹਾਡੇ ਡਰ ਤੇ ਕਾਬੂ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਜ਼ਿੰਦਗੀ‘ ਚ ਡਰ ਖਤਮ ਕਰ ਰਿਸਕ ਵੀ ਲੈਣਾ ਚਾਹੀਦਾ ਹੈ । ਕਿਉਂਕਿ ਜੇਕਰ ਤੁਸੀਂ ਜਿਤ ਗਏ ਤਾਂ ਸੁਖੀ ਹੋ ਜਾਵੋਗੇ ਤੇ ਜੇਕਰ ਤੁਸੀਂ ਹਾਰ ਗਏ ਤਾਂ ਫਿਰ ਸਿਆਣੇ ਹੋ ਜਾਓਗੇ । ਭਾਵ ਤੁਹਾਡਾ ਅਨੁਭਵ ਹੋਰ ਵਧ ਜਾਵੇਗਾ ਤੇ ਅਗਲੀ ਵਾਰ ਤੁਸੀਂ ਪਹਿਲਾਂ ਤੋਂ ਵੀ ਬਿਹਤਰ ਕਰ ਪਾਉਣਗੇ।
ਹੁਣ ਥੋੜ੍ਹਾ ਗਲ ਕਰਦੇ ਹਾਂ ਕਿ ਕਿਵੇਂ ਆਸਾਨੀ ਨਾਲ ਆਪਣੀ ਮੰਜ਼ਿਲ ਦੇ ਹੋਰ ਕਰੀਬ ਪਹੁੰਚਿਆ ਜਾ ਸਕੇ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਹਿੰਮਤ ਤੇ ਦਲੇਰੀ ਨੂੰ ਲੈ ਕੇ ਆਉਣ ਦੀ ਜ਼ਰੂਰਤ ਹੈ। ਸਾਡੇ ਅੰਦਰ ਕਿਸੇ ਚੀਜ਼ ਨੂੰ ਕਰਨ ਦਾ ਜਜ਼ਬਾ ਕਿਤਨਾ ਕੁ ਹੈ ਇਹ ਚੀਜ਼ ਬਹੁਤ ਮਹਤਤਾ ਰਖਦੀ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਪਰ ਅਸੀਂ ਕਿਤਨੀ ਕੁ ਮਿਹਨਤ ਕਰਦੇ ਹਾਂ ਇਹ ਗਲ ਤੁਹਾਡੇ ਜਜ਼ਬੇ ਤੇ ਨਿਰਧਾਰਿਤ ਕਰੇਗੀ । ਇਸ ਲਈ ਹਿੰਮਤ, ਜੋਸ਼, ਜਜ਼ਬੇ ਤੇ ਦਲੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਿਹਨਤ ਕਿਸ ਤਰ੍ਹਾਂ ਕਰਨੀ ਹੈ। ਇਸ ਗਲ ਵੀ ਇਕ ਵਿਸ਼ੇਸ਼ ਮਹਤਤਾ ਰਖਦੀ ਹੈ। ਸਾਨੂੰ ਹਮੇਸ਼ਾ ਇਕ ਪ੍ਰੇਰਨਾ ਸਰੋਤ ਲੈਣਾ ਚਾਹੀਦਾ ਹੈ ।ਜਿਸ ਨੂੰ ਅੰਗਰੇਜ਼ੀ ਵਿਚ ਅਸੀਂ ‘ਰੋਲ ਮਾਡਲ‘ ਵੀ ਆਖ ਦਿੰਦੇ ਹਾਂ। ਚਲੋ ਮਿਸਾਲ ਦੇ ਤੌਰ ਤੇ ਅਤੇ ਅਸੀਂ ਇਕ ਵਿਦਿਆਰਥੀ ਨੂੰ ਲੈ ਲੈਂਦੇ ਹਾਂ ।ਜੋ ਕਿ ਚੰਗਾ ਸਾਇੰਟਿਸਟ ਬਣਨਾ ਚਾਹੁੰਦਾ ਹੈ । ਉਸ ਨੂੰ ਹਮੇਸ਼ਾ ਦੇਖਣਾ ਚਾਹੀਦਾ ਹੈ ਕਿ ਇਸ ਵਿਸ਼ੇ ਵਿਚ ਜਿਨ੍ਹਾਂ ਲੋਕਾਂ ਨੇ ਮਹਾਰਤ ਹਾਸਿਲ ਕੀਤੀ ਹੈ ਉਹ ਕਿਵੇਂ ਕਰ ਗਏ । ਉਸ ਨੂੰ ਇਸ ਤਰ੍ਹਾਂ ਇਕ ਚੰਗਾ ਮਾਰਗ ਦਰਸ਼ਕ ਮਿਲ ਸਕਦਾ ਹੈ । ਜਿਸ ਨਾਲ ਉਸ ਦੀਆਂ ਕਈ ਮੁਸ਼ਕਿਲਾਂ ਹਲ ਹੋ ਜਾਣਗੀਆਂ। ਉਹ ਉਨ੍ਹਾਂ ਦੇ ਜੀਵਨ ਤੋਂ ਚੰਗੀ ਸੇਧ ਲੈ ਅਗੇ ਵਧ ਪਾਏਗਾ।ਇਸ ਤਰ੍ਹਾਂ ਉਹ ਆਪਣੀ ਮਿਹਨਤ ਨੂੰ ਇਕ ਸਹੀ ਦਿਸ਼ਾ ਦੀ ਪਾਵੇਗਾ ਅਤੇ ਜਲਦ ਹੀ ਆਪਣੀ ਸਫਲਤਾ ਦੀ ਮੰਜ਼ਿਲ ਤਕ ਪਹੁੰਚ ਜਾਵੇਗਾ ।
ਉਠਾ ਕਦਮ ,ਡਰ ਕਰ ਖਤਮ ।
ਮੁਕਦਰ ਨਾਂ ਦੇਖ ,
ਲਿਖ ਮਿਹਨਤ ਦੇ ਲੇਖ।
ਸੁਸਤੀ ਨਾ ਪਾ, ਖੁਦ ਨੂੰ ਰੌਸ਼ਨਾ ।
ਉਠ ਕੇ ਤਾਂ ਵੇਖ,
ਦਿਤੇ ਮੁਸ਼ਕਿਲਾਂ ਨੇ ਮਥੇ ਟੇਕ।

Send this to a friend