ਚੰਡੀਗੜ੍ਹ, 24 ਅਗਸਤ (ਨਾਗਪਾਲ)- ਹਰਿਆਣਾ ਸਰਕਾਰ ਨੇ ਮਹਿਲਾਵਾਂ ਨੂੰ ਰੱਖੜੀ ਦਾ ਤੋਹਫਾ ਦਿੰਦੇ ਹੋੲੈ ਇਸ ਮੌਕੇ ’ਤੇ ਉਨ੍ਹਾਂ ਨੂੰ ਹਰਿਆਣਾ ਰਾਜ ਟਰਾਂਸਪੋਰਟ ਦੀ ਬੱਸਾਂ ਵਿਚ ਮੁਫਤ ਯਾਤਰਾ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਮਹਿਲਾਵਾਂ ਅਤੇ ਉਨ੍ਹਾਂ ਦੇ ਨਾਲ 15 ਸਾਲ ਤਕ ਦੇ ਬੱਚਿਆਂ ਨੂੰ ਇਹ ਮੁਫਤ ਯਾਤਰਾ ਸਹੂਲਤ 25 ਅਗਸਤ, 2018 ਨੂੰ ਦੁਪਹਿਰ 12:00 ਵਜੇ ਤੋਂ 26 ਅਗਸਤ, 2018 ਨੂੰ ਰਾਤ 12 ਵਜੇ ਤਕ ਦਿੱਤੀ ਜਾਵੇਗੀ। ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਸਹੂਲਤ ਸਿਰਫ ਹਰਿਆਣਾ ਰਾਜ ਟਰਾਂਸਪੋਰਟ ਦੀ ਸਾਧਾਰਣ ਬੱਸਾਂ ਵਿਚ ਹਰਿਆਣਾ ਵਿਚ ਸਥਿਤੀ ਕਿਸੇ ਵੀ ਇਕ ਥਾਂ ਤੋਂ ਦੂਜੀ ਥਾਂ ਤਕ ਉਪਲੱਬਧ ਹੋਵੇਗੀ, ਜਿਸ ਵਿਚ ਦਿੱਲੀ ਤੇ ਚੰਡੀਗੜ੍ਹ ਵੀ ਸ਼ਾਮਿਲ ਹਨ। ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਇਸ ਸਹੂਲਤ ਦਾ ਲਾਭ ਚੁੱਕਣ ਲਈ ਬੱਸ ਅੱਡਿਆਂ ’ਤੇ ਭਾਰੀ ਭੀੜ ਜੁੱਟ ਗਈ ਸੀ ਅਤੇ ਇਸ ਵਾਰ ਵੀ ਰੱਖੜੀ ਦੇ ਦਿਨ ਕਾਫੀ ਲੋਕਾਂ ਵੱਲੋਂ ਯਾਤਰਾ ਕਰਨ ਦੀ ਸੰਭਾਵਨਾ ਹੈ। ਇਸ ਲਈ, ਯਾਤਰੀਆਂ, ਵਿਸ਼ੇਸ਼ ਕਰਕੇ ਮਹਿਲਾਵਾਂ ਦੀ ਸਹੂਲਤ ਦੇ ਮੱਦੇਨਜ਼ਰ ਇਸ ਦਿਨ ਵੱਧ ਤੋਂ ਵੱਧ ਬੱਸਾਂ ਚਲਾਈ ਜਾਣਗੀਆਂ।