April 27, 2026 11:00 am

ਸਾਧੂਆਂ ਦੀ ਮਾਇਆ

ਦੇਸ਼ ਵਿੱਚ ਕਈ ਵੱਡੇ ਸਾਧੂ ਮਾਇਆਧਾਰੀ ਬਣੇ ਬੈਠੇ ਹਨ। ਉਨ੍ਹਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਦੇਸ਼ ਦੇ ਰਾਜਸੀ ਪ੍ਰਬੰਧ ਉਪਰ ਵੀ ਭਾਰੀ ਪੈ ਰਹੀ ਹੈ। ਇਹ ਮਾਇਆਧਾਰੀ ਸਾਧੂ ਧਰਮ ਦੀ ਸੇਵਾ ਦੇ ਨਾਮ ਉਪਰ ਰਾਜਨੀਤੀ ਅਤੇ ਵਪਾਰ ਵੀ ਕਰ ਰਹੇ ਹਨ। ਸਿਆਸੀ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਲਈ ਮਾਇਆਧਾਰੀ ਸਾਧੂ ਇਕ ਤਰ੍ਹਾਂ ਨਾਲ ਵਰਦਾਨ ਬਣ ਗਏ ਹਨ। ਇਨ੍ਹਾਂ ਮਾਇਆਧਾਰੀ ਸਾਧੂਆਂ ਰਾਹੀਂ ਹੀ ਵੋਟਾਂ ਦਾ ਸੌਦਾ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਮਾਇਆਧਾਰੀ ਸਾਧੂ ਦੇਸ਼ ਦੇ ਲੋਕਤੰਤਰ ਲਈ ਵੀ ਖਤਰਾ ਬਣੇ ਹੋਏ ਹਨ। ਸ਼ਾਇਦ ਇਹੋ ਕਾਰਨ ਹੈ ਕਿ ਦੇਸ਼ ਦੇ ਪ੍ਰਮੁੱਖ ਸਿਆਸੀ ਨੇਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਕੌਮੀ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਨੇ ਇਹ ਮੰਗ ਕੀਤੀ ਹੈ ਕਿ ਦੇਸ਼ ਵਿੱਚ ਜਿੰਨੇ ਵੀ ਹਾਈ – ਫਾਈ ਸਾਧੂ – ਸੰਤ ਹਨ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ ।ਉਨ੍ਹਾਂ ਨੇ ਯੋਗ ਗੁਰੂ ਬਾਬਾ ਰਾਮਦੇਵ ਨੂੰ ਦੁਨੀਆ ਅਤੇ ਦੇਸ਼ ਦਾ ਸਭ ਤੋਂ ਵੱਡਾ ਪੂੰਜੀਪਤੀ ਅਤੇ ਵਪਾਰੀ ਵੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕੁਝ ਹੋਰ ਸੰਤਾਂ-ਮਹਾਤਮਾਂ ਅਤੇ ਮਾਇਆਧਾਰੀ ਸਾਧੂਆਂ ਦੇ ਨਾਮ ਵੀ ਲਏ ਹਨ, ਜਿਹੜੇ ਕਥਿਤ ਤੌਰ ’ਤੇ ਦੇਸ਼ ਨੂੰ ਤੋੜਨ ਅਤੇ ਨਫਰਤ ਫੈਲਾਣ ਦਾ ਕਾਰਜ ਕਰ ਰਹੇ ਹਨ। ਮਾਇਆਧਾਰੀ ਸਾਧੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸੱਚਮੁੱਚ ਅਫਸੋਸਨਾਕ ਹੈ। ਪਿਛਲੇ ਕੁਝ ਸਾਲਾਂ ਤੋਂ ਅਜਿਹੇ ਕਈ ਮਾਇਆਧਾਰੀ ਸਾਧੂਆਂ ਖਿਲਾਫ ਗੰਭੀਰ ਅਪਰਾਧ ਸਾਹਮਣੇ ਆਏ ਹਨ। ਅਦਾਲਤਾਂ ਵਿੱਚ ਕੇਸ ਵੀ ਚੱਲ ਰਹੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਵੀ ਅਜਿਹੇ ਸਾਧੂਆਂ ਉਪਰ ਲੋਕ ਵਿਸ਼ਵਾਸ ਕਰ ਰਹੇ ਹਨ। ਸਰਕਾਰ ਵੱਲੋਂ ਵੀ ਅਜਿਹੇ ਅਪਰਾਧੀ ਸਾਧੂਆਂ ਦੇ ਡੇਰਿਆਂ ਅਤੇ ਜਾਇਦਾਦਾਂ ਨੂੰ ਸੀਲ ਨਹੀਂ ਕੀਤਾ ਗਿਆ। ਲੋਕਾਂ ਦੀ ਧਾਰਮਿਕ ਸ਼ਰਧਾ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਪਰਾਧੀਆਂ ਨਾਲ ਨਰਮੀ ਦਾ ਸਲੂਕ ਸਹੀ ਨਹੀਂ ਹੈ। ਜਿਨ੍ਹਾਂ ਮਾਇਆਧਾਰੀ ਸਾਧੂਆਂ ਖਿਲਾਫ ਅਪਰਾਧਕ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਦੇ ਡੇਰਿਆਂ ਅਤੇ ਸੰਪਤੀ ਨੂੰ ਕੌਮੀ ਜਾਇਦਾਦ ਐਲਾਨਿਆ ਜਾਣਾ ਚਾਹੀਦਾ ਹੈ। ਅਜਿਹੇ ਜ਼ਿਆਦਾਤਰ ਮਾਇਆਧਾਰੀ ਸਾਧੂ ਧਰਮ ਦੇ ਨਾਮ ’ਤੇ ਨਫਰਤ ਫੈਲਾਅ ਰਹੇ ਹਨ। ਇਨ੍ਹਾਂ ਦਾ ਰਵੱਈਆ ਦਲਿਤ ਅਤੇ ਪਛੜਾ ਵਰਗ ਵਿਰੋਧੀ ਹੈ। ਅਜਿਹੇ ਸਾਧੂ ਅਤੇ ਡੇਰੇ ਅਪਰਾਧੀਆਂ ਦਾ ਗੜ੍ਹ ਬਣ ਗਏ ਹਨ। ਇਸ ਮਾਫੀਆ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਵਿਅਕਤੀ ਨੂੰ ਧਰਮ ਦੇ ਨਾਮ ਉਪਰ ਅਪਰਾਧ ਅਤੇ ਨਫਰਤ ਵਾਲੀਆਂ ਕਾਰਵਾਈਆਂ ਚਲਾਉਣ ਦਾ ਅਧਿਕਾਰ ਨਹੀਂ ਹੈ। ਸਿਆਸੀ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਮਾਇਆਧਾਰੀ ਸਾਧੂਆਂ ਤੋਂ ਦੂਰੀ ਬਣਾਉਣ ਤਾਂ ਜੋ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend