April 29, 2026 7:30 pm

‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਬਿਨ੍ਹਾਂ ਲਾਇਸੰਸ ਚੱਲਦੀ ਡੇਅਰੀ ਤੋਂ ਵੱਡੀ ਮਾਤਰਾ ’ਚ ਮਿਲਾਵਟੀ ਪਨੀਰ, ਮੱਖਣ, ਦੁੱਧ, ਦਹੀਂ ਤੇ ਕਰੀਮ ਬਰਾਮਦ

ਮੋਰਿੰਡਾ, 22 ਅਗਸਤ (ਹਰਜਿੰਦਰ ਸਿੰਘ ਛਿੱਬਰ)- ਬੀਤੀ ਰਾਤ ਕਰੀਬ 10.30 ਵਜੇ ਸਹਾਇਕ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ, ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਅਤੇ ਡਾਇਰੀ ਵਿਕਾਸ ਵਿਭਾਗ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਵੱਲੋਂ ਨਜ਼ਦੀਕੀ ਪਿੰਡ ਬੂਰਮਾਜਰਾ ਵਿੱਖੇ ਚੱਲਦੀ ਹਰਜੀਤ ਕੰਗ ਨਾਂਅ ਦੀ ਡੇਅਰੀ ’ਤੇ ਅਚਨਚੇਤ ਛਾਪੇਮਾਰੀ ਕਰਕੇ ਕਰੀਬ 12 ਕੁਇੰਟਲ ਪਨੀਰ, 200 ਲੀਟਰ ਦੁੱਧ, 125 ਕਿਲੋ ਦੁੱਧ ਦੀ ਕਰੀਮ, 535 ਕਿੱਲੋ ਦਹੀਂ ਅਤੇ 10 ਕਿਲੋ ਮੱਖਣ ਨੂੰ ਕਬਜ਼ੇ ਲੈ ਕੇ ਵੱਖ ਵੱਖ ਸੈਂਪਲ ਲਏ ਗਏ। ਇਸ ਚੈਕਿੰਗ ਦੌਰਾਨ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੈਂਬਰ ਸੇਵਾ ਸਿੰਘ ਭੂਰੜੇ, ਟੈਕਨੀਕਲ ਅਫ਼ਸਰ ਦਰਸ਼ਨ ਸਿੰਘ, ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸ਼ੋਸੀਏਸ਼ਨ ਦੇ ਅਵਤਾਰ ਸਿੰਘ, ਹਰਿੰਦਰ ਸਿੰਘ ਸ਼ਾਹਪੁਰ, ਰਾਜਿੰਦਰ ਸਿੰਘ ਝਾੜ ਸਾਹਿਬ ਆਦਿ ਅਧਿਕਾਰੀ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਵਿਸ਼ੇਸ਼ ਟੀਮ ਵਲੋ ਇਸ ਡੇਅਰੀ ਚੋਂ ਕੁੱਲ 7 ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚ ਪਨੀਰ ਦੇ ਦੋ, ਦੁੱਧ ਦਾ ਇੱਕ, ਘਿਓ ਦਾ ਇਕ, ਕਰੀਮ ਦਾ ਇੱਕ, ਦਹੀਂ ਦਾ ਇੱਕ ਅਤੇ ਮੱਖਣ ਦਾ ਇੱਕ ਸੈਂਪਲ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਫੂਡ ਐਨਾਲਿਸਟ ਪੰਜਾਬ ਦੇ ਦਫ਼ਤਰ ਭੇਜਿਆ ਗਿਆ ਹੈ ਅਤੇ ਰਿਪੋਰਟ ਪ੍ਰਾਪਤ ਹੋਣ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਨੇ ਦੱਸਿਆ ਡੇਅਰੀ ਵਿੱਚ ਪਿਆ ਸਾਰਾ ਸਟਾਕ ਡੇਅਰੀ ਦੇ ਕੋਲਡ ਰੂਮ ਵਿਚ ਰੱਖ ਦਿੱਤਾ ਗਿਆ ਹੈ ਅਤੇ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਵਿੱਚ ਸਾਫ-ਸਫਾਈ ਦਾ ਬਹੁਤ ਮਾੜਾ ਹਾਲ ਸੀ। ਡੇਅਰੀ ਮਾਲਕ ਮੌਕੇ ’ਤੇ ਅਧਿਕਾਰੀਆਂ ਨੂੰ ਸਮਾਨ ਵੇਚਣ ਦਾ ਲਾਈਸੰਸ ਵੀ ਨਹੀਂ ਵਿਖਾ ਸਕਿਆ। ਉਨ੍ਹਾਂ ਜ਼ਿਲ੍ਹੇ ਦੇ ਡੇਅਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਦੁੱਧ ਦੇ ਉੱਤਪਾਦ ਬਣਾਉਣ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਬਿਨ੍ਹਾਂ ਫੂਡ ਸੇਫ਼ਟੀ ਲਾਇਸੰਸ ਕੋਈ ਵੀ ਡੇਅਰੀ ਮਾਲਕ/ਹਲਵਾਈ ਸਮਾਨ ਦੀ ਵਿਕਰੀ ਨਹੀਂ ਕਰ ਸਕਦਾ। ਉਨ੍ਹਾਂ ਇਸ ਧੰਦੇ ਨਾਲ ਜੁੜ੍ਹੇ ਵਿਅਕਤੀਆਂ ਨੂੰ ਫੂਡ ਸੇਫ਼ਟੀ ਐਕਟ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਛੇ ਮਹੀਨੇ ਦੀ ਸਜਾ ਅਤੇ 3 ਲੱਖ ਰੁਪਏ ਤੱਕ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲਗਾਤਾਰ ਫੂਡ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਘਟੀਆ ਗੁਣਵੱਤਾ ਦਾ ਸਮਾਨ ਬਣਾਉਣ ਜਾਂ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੋਕੇ ਐਸ.ਐਚ.ਓ ਸਿਟੀ ਮੋਰਿੰਡਾ ਮਨਜੋਤ ਕੌਰ (ਪ੍ਰੋਬੇਸਨ ਡੀ.ਐਸ.ਪੀ), ਸਹਾਇਕ ਐਸ.ਐਚ.ਓ ਅਮਨਦੀਪ ਸਿੰਘ, ਐਸ.ਐਚ.ਓ ਸਦਰ ਸਿਮਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੁਲਾਜਮ ਹਾਜ਼ਰ ਸਨ।

Send this to a friend