ਮੋਟਰਸਾਇਕਲ ਅਤੇ ਕਾਰ ’ਤੇ ਸਵਾਰ ਹੋ ਕੇ ਆਏ ਦਰਜ਼ਨ ਦੇ ਕਰੀਬ ਹਥਿਆਰਬੰਦ, ਗੋਲੀਆਂ ਚਲਾਉਣ ਉਪਰੰਤ ਧਮਕੀਆਂ ਦੇ ਕੇ ਹੋਏ ਫਰਾਰ
ਝਬਾਲ, 22 ਅਗਸਤ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਸੇਲ ਵਾਸੀ ਪਾਵਰਕਾਮ ਵਿਭਾਗ ’ਚ ਜੇ.ਈ. ਤਾਇਨਾਤ ਨੌਨਿਹਾਲ ਸਿੰਘ ਕਸੇਲ ਦੇ ਘਰ ’ਤੇ ਬੀਤੀ ਮੰਗਲਵਾਰ ਦੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਇੰਸ. ਤਰਸੇਮ ਮਸੀਹ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈਨੇਜਰ ਜਥੇਦਾਰ ਗੁਰਬਚਨ ਸਿੰਘ ਕਸੇਲ, ਜਥੇਦਾਰ ਬਲਜੀਤ ਸਿੰਘ, ਕੁਲਵਿੰਦਰ ਸਿੰਘ, ਮਨਬੀਰ ਸਿੰਘ ਕਸੇਲ, ਜਸਪਿੰਦਰ ਸਿੰਘ ਕਸੇਲ ਅਤੇ ਸਰਪੰਚ ਅਮਰਜੀਤ ਸਿੰਘ ਕਸੇਲ ਦੀ ਹਾਜ਼ਰੀ ’ਚ ਜਾਣਕਾਰੀ ਦਿੰਦਿਆਂ ਜੇ.ਈ. ਨੌਨਿਹਾਲ ਸਿੰਘ ਪੁੱਤਰ ਹਰਬੰਤ ਸਿੰਘ ਵਾਸੀ ਪਿੰਡ ਕਸੇਲ ਨੇ ਦੱਸਿਆ ਕਿ ਉਹ ਇਸ ਸਮੇਂ ਸਰਾਏ ਅਮਾਨਤ ਖਾਂ ਸਬ ਸਟੇਸ਼ਨ ਪਾਵਰਕਾਮ ਵਿਖੇ ਤਾਇਨਾਤ ਹੈ । ਉਸਨੇ ਦੱਸਿਆ ਕਿ ਪਿੰਡ ਕਸੇਲ ਸਥਿਤ ਸੜਕ ਤੋਂ 2 ਕੁ ਏਕੜ ਹੱਟਵਾਂ ਖੇਤਾਂ ’ਚ ਉਸਦਾ ਘਰ (ਕੋਠੀ) ਹੈ ਅਤੇ ਘਰ ਦੇ ਨਾਲ ਹੀ ਪਛੂਆਂ ਵਾਲੀ ਹਵੇਲੀ ਵੀ ਹੈ। ਉਸਨੇ ਦੱਸਿਆ ਕਿ ਪਛੂਆਂ ਵਾਲੀ ਹਵੇਲੀ ਦਾ ਗੇਟ ਰਾਤ ਸਮੇਂ ਹਮੇਸ਼ਾਂ ਖੁੱਲ੍ਹਾ ਹੁੰਦਾ ਹੈ। ਜੇ.ਈ. ਨੌਨਿਹਾਲ ਸਿੰਘ ਨੇ ਦੱਸਿਆ ਕਿ ਬੀਤੀ ਮੰਗਲਵਾਰ ਦੀ ਰਾਤ ਕਰੀਬ ਪੌਣੇ 10 ਵਜੇ ਪੱਛੂਆਂ ਵਾਲੀ ਹਵੇਲੀ ਥਾਂਣੀ ਪਹਿਲਾਂ ਹਥਿਆਰਾਂ ਨਾਲ ਲੈਸ 2 ਅਣਪਛਾਤੇ ਵਿਅਕਤੀ ਉਸਦੀ ਕੋਠੀ ’ਚ ਦਾਖਲ ਹੋਏ, ਇਸ ਉਪਰੰਤ ਮੋਟਰਸਾਇਕਲ ’ਤੇ ਸਵਾਰ 2 ਵਿਅਕਤੀ ਹੋਰ ਉਸਦੀ ਕੋਠੀ ਦੇ ਬਾਹਰ ਆ ਕੇ ਖਲੋ ਗਏ, ਜਦਕਿ ਇਕ ਕਾਰ ਬਾਹਰ ਸੜਕ ’ਤੇ ਆ ਕੇ ਖੜੀ ਹੋ ਗਈ ਜਿਸ ਵਿਚ ਵੀ ਅੱਧੀ ਦਰਜ਼ਨ ਦੇ ਕਰੀਬ ਲੋਕ ਸਵਾਰ ਸਨ। ਨੌਨਿਹਾਲ ਸਿੰਘ ਅਨੁਸਾਰ ਘਰ ’ਚ ਦਾਖ਼ਲ ਹੋਏ ਵਿਅਕਤੀ ਜਿੰਨ੍ਹਾਂ ਦੇ ਹੱਥਾਂ ’ਚ 315 ਬੋਰ ਅਤੇ 12 ਬੋਰ ਰਾਇਫਲਾਂ ਸਨ, ਵੱਲੋਂ ਉਸਦੇ ਘਰ ਦੇ ਵਿਹੜੇ ’ਚ ਖਲੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਕੁਝ ਗੋਲੀਆਂ ਉਸਦੇ ਘਰ ਦੇ ਕਮਰਿਆਂ ਦੀਆਂ ਦੀਵਾਰਾਂ ’ਚ ਲੱਗੀਆਂ ਅਤੇ ਕੁਝ ਗੋਲੀਆਂ ਇਕ ਕਮਰੇ ਦੀ ਬਾਰੀ ਵਿਚੋਂ ਦੀ ਲੰਘ ਕੇ ਕਮਰੇ ਦੇ ਅੰਦਰ ਵੀ ਲੱਗੀਆਂ। ਉਸਨੇ ਪੁਲਿਸ ਨੂੰ 315 ਅਤੇ 12 ਬੋਰ ਰਾਇਫਲਾਂ ਚੋਂ ਚੱਲੀਆਂ ਗੋਲੀਆਂ ਦੇ ਖੋਲ੍ਹ ਪੁਲਿਸ ਨੂੰ ਦਿੰਦਿਆਂ ਦੱਸਿਆ ਕਿ ਇਕ ਗੋਲੀ ਉਸਦੇ ਅੰਦਰ ਦੇ ਛੱਤ ਦੇ ਨਜ਼ਦੀਕ ਕੰਧ ’ਚ ਵੱਜੀ ਅਤੇ ਕੰਧ ’ਤੇ ਲੱਗੀ ਸਿਨਰੀ ਟੁੱਟ ਜਾਣ ਨਾਲ ਸੀਸਾ ਉਸਦੇ ਭਤੀਜੇ ਤੇਜਪਾਲ ਸਿੰਘ ਦੀ ਲੱਤ ’ਚ ਲੱਗਣ ਨਾਲ ਉਹ ਜ਼ਖਮੀ ਵੀ ਹੋ ਗਿਆ। ਉਸਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਨੰਗਾ ਨਾਚ 15 ਤੋਂ 20 ਮਿੰਟ ਤੱਕ ਖੇਡਿਆ ਗਿਆ ਜਦੋਂ ਕਿ ਹਮਲਾਵਰਾਂ ਨੂੰ ਭਜਾਉਣ ਲਈ ਬਾਹਰ ਕੋਠੀ ਅੱਗੇ ਅਤੇ ਸੜਕ ’ਤੇ ਖੜੇ ਕਾਰ ਸਵਾਰਾਂ ਵੱਲੋਂ ਵੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ। ਨੌਨਿਹਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਦਰਾਂ ’ਚ ਬੰਦ ਹੋ ਕੇ ਆਪਣੀ ਜਾਨ ਬਚਾਈ ਗਈ ਅਤੇ ਉਕਤ ਸਾਰਾ ਮੰਜ਼ਰ ਆਪਣੀ ਅੱਖੀਂ ਵੇਖਿਆ। ਉਸਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਨੂੰ ਗਾਲੀ ਗਲੋਚ ਕਰਨ ਤੋਂ ਇਲਾਵਾ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਪੁਲਿਸ ਕੰਟਰੌਲ ਰੂਮ ’ਤੇ ਫੋਨ ’ਤੇ ਜਾਣਕਾਰੀ ਦਿੱਤੀ ਗਈ ਜਿਸ ਉਪਰੰਤ ਕੰਟਰੌਲ ਪੁਲਿਸ ਦੇ ਏ.ਐਸ.ਆਈ ਹਰਦੀਪ ਸਿੰਘ ਪੁਲਿਸ ਫੋਰਸ ਸਮੇਤ ਰਾਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਸੁਰੱਖਿਆ ਮੁਹੱਈਆ ਕਰਾਈ ਗਈ। ਇਸ ਮੌਕੇ ਹਰਦਿਆਲ ਸਿੰਘ ਫੌਜੀ, ਬਲਬੀਰ ਸਿੰਘ, ਸਤਿੰਦਰ ਸਿੰਘ, ਕੁਲਵਿੰਦਰ ਸਿੰਘ ਜੀ.ਈ. ਅਤੇ ਮੰਗਲ ਸਿੰਘ ਆਦਿ ਹਾਜ਼ਰ ਸਨ। ਘਟਨਾ ਸਥਾਨ ’ਤੇ ਪੁੱਜੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਇੰਸ. ਤਰਸੇਮ ਮਸੀਹ ਨੇ ਦੱਸਿਆ ਕਿ ਨੌਨਿਹਾਲ ਸਿੰਘ ਦੇ ਬਿਆਨ ਕਲਮਬੰਦ ਕੀਤੇ ਗਏ ਹਨ, ਜਿਸ ’ਚ ਉਸ ਵੱਲੋਂ ਆਪਣੇ ਬਿਆਨਾਂ ’ਚ ਕਿਸੇ ਨਾਲ ਵੀ ਵੈਰ ਵਿਰੁੱਧ ਜਾਂ ਦੁਸ਼ਮਣੀ ਹੋਣ ਗੱਲ ਨਹੀਂ ਕਹੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਨਿਹਾਲ ਸਿੰਘ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਹਮਲਵਾਰਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ ਪਰ ਮੌਕਾ ਏ ਵਾਰਦਾਤ ਤੋਂ ਮਿਲੇ ਗੋਲੀਆਂ ਦੇ ਖੋਲ੍ਹ ਅਤੇ ਹੋਰ ਸਬੂਤਾਂ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਹਮਲਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਜਲਦ ਹੀ ਦੋਸ਼ੀਆਂ ਦੇ ਗਿਰੇਬਾਨ ਤੱਕ ਪਹੁੰਚਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕਰਨ ਤੋਂ ਇਲਾਵਾ ਫੌਰਸ਼ਿਕ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ।