ਫਗਵਾੜਾ- ਅਜ ਦੇ ਇਸ ਯੁਗ ਵਿਚ ਭਾਵੇਂ ਮਨੁਖੀ ਮਾਨਸਿਕਤਾ ਬਦਲ ਰਹੀ ਹੈ।ਮਨ ਇਨਸਾਨ ਨੂੰ ਮਾੜੇ ਕੰਮਾਂ ਵਲ ਹੀ ਲੈ ਕੇ ਜਾ ਰਿਹਾ ਹੈ। ਜਿਸ ਕਾਰਨ ਅਜ ਇਨਸਾਨੀ ਰਿਸ਼ਤਿਆਂ ਦਾ ਅਰਥ ਹੀ ਬਦਲ ਗਏ ਹਨ। ਹਰ ਪਾਸੇ ਬਲਾਤਕਾਰ, ਬੈਂਕ ਡਕੈਤੀਆਂ, ਖੂਨ ਖਰਾਬੇ ਦਾ ਸਮੁਚੇ ਦੇਸ਼ ਵਿਚ ਬੋਲਬਾਲਾ ਹੈ।ਜਿਹੜਾ ਕਿ ਘਟ ਹੋਣ ਦੀ ਬਜਾਏ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਇਹ ਸਭ ਕੁਝ ਸਫੈਦ ਪੋਸ਼ ਨੇਤਾਵਾਂ ਦੇ ਆਸ਼ੀਰਵਾਦ ਨਾਲ ਉਨਾਂ ਦੇ ਚਹੇਤੇ ਕਰ ਰਹੇ ਹਨ। ਦੇਸ਼ ‘ਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਨੂੰ ਨਵੀਂ ਸੇਧ ਦੇਣ ਲਈ ਸਮੇਂ-ਸਮੇਂ ‘ਤੇ ਨਵੇਂ ਪ੍ਰੋਜੈਕਟ ਲੈ ਕੇ ਕੰਮ ਕਰ ਰਹੀਆਂ ਹਨ। ਦਿਲੀ ਦੀ ਵਿਸ਼ੇਸ਼ ਫੇਰੀ ਦੋਰਾਨ ਗੁਰਦੁਆਰਾ ਸ਼ੀਸ਼ ਗੰਜ਼ ਸਾਹਿਬ ਦੇ ਸਾਹਮਣੇ ਜੋ ਨਜ਼ਾਰਾ ਵੇਖਿਆ ਉਸ ਤੋਂ ਬਹੁਤ ਪ੍ਰਭਾਵਿਤ ਹੋ ਕੇ ਉਸ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰੇ ‘ਚ ਕੈਦ ਕਰ ਲਿਆ ਤੇ ਇਸ ਦੀ ਜਾਣਕਾਰੀ ਸ੍ਰ.ਕਮਲਜੀਤ ਸਿੰਘ ਜਿਸ ਦੀ ਉਮਰ ਤਕਰੀਬਨ 50-52 ਸਾਲ ਦੇ ਆਸ ਪਾਸ ਤੋਂ ਮਿਲੀ ਹੈ। ਇਹ ਜਾਣਕਾਰੀ ਆਪ ਜੀ ਤਕ ਪਹੁੰਚਾਣ ਲਈ ਆਪਣੀ ਕਲਮ ਚੁਕੀ ਕਿ ਮਾਨਵਤਾ ਦੇ ਕੰਮਾਂ ‘ਚ ਇਨਸਾਨ ਕੀ ਕੁਝ ਕਰ ਸਕਦਾ ਹੈ ਜੋ ਕਿ ਸਾਡੇ ਸੋਚ ਤੋਂ ਵੀ ਪਰੇ ਦੀ ਗਲ ਹੈ। ਸਮਾਜ ਦਾ ਇਕ ਵਰਗ ਜਿਸ ਨੂੰ ਸਾਡਾ ਸਮਾਜ ਸਵੀਕਾਰ ਨਹੀਂ ਕਰਦਾ, ਉਸ ਨੂੰ ਵੇਖ ਕੇ ਹਰ ਕੋਈ ਮੂੰਹ ਮੋੜ ਲੈਂਦਾ ਹੈ। ਸਵੇਰੇ ਸਾਢੇ ਸਤ ਵਜੇ ਤੋਂ ਸਾਢੇ ਨੋਂ ਵਜੇ ਤਕ ਕਮਲਜੀਤ ਸਿੰਘ ਤੇ ਉਨਾਂ ਦੇ ਸਾਥੀ ਜਿਨਾਂ ‘ਚ ਰਿਟਾਇਡ ਬ੍ਰਗੇਡੀਅਰ, ਡਾਕਟਰ, ਵਪਾਰੀ ਤਬਕਾ ਬੀਬੀਆਂ ਤੇ ਬਚੇ ਭਿਖਾਰੀਆਂ ਦੀ ਮੈਡੀਕਲ ਪਟੀ, ਮਲਹਮ, ਜ਼ਖਮ ਦੀ ਸਾਫ ਸਫਾਈ ਤੇ ਦਵਾਈ ਦੀ ਨਿਸਵਾਰਥ ਸੇਵਾ ਕਰਦੇ ਹਨ। ਜਿਨਾਂ ਦੀਆਂ ਲਤਾਂ ਤੇ ਪੈਰ ਗਲੇ ਹੋਣ ਸ਼ਰੀਰ ਦੇ ਕਿਸੇ ਅੰਗ ਤੇ ਕੋਹੜ ਫੈਲਿਆ ਹੋਵੇ, ਉਸ ਨੂੰ ਬਿਨਾਂ ਕਿਸੇ ਘਬਰਾਹਟ ਸਾਫ ਕਰ ਕੇ ਦਵਾਈਆਂ ਲਗਾ ਕੇ ਮਲਹਮ ਪਟੀ ਕਰਦੇ ਹਨ। ਇਹ ਮੁਫਤ ਤੇ ਨਿਰਸਵਾਰਥ ਸੇਵਾ ਰੋਜਾਨਾ ਦੋ ਘੰਟੇ ਚਲਦੀ ਹੈ। ਮਰੀਜ਼ਾਂ ਲਈ ਲੰਗਰ ਦਾ ਵੀ ਰੋਜਾਨਾ ਪ੍ਰਬੰਧ ਕੀਤਾ ਜਾਂਦਾ ਹੈ। ਤੁਸੀਂ ਖੁਦ ਸੋਚੋ ਕਿ ਜੇਕਰ ਕਿਸੇ ਲਾਚਾਰ,ਗਰੀਬ ਜਾਂ ਲੋੜਵੰਦ ਦੀ ਇਸ ਤਰਾਂ ਦੀ ਸੇਵਾ ਹੋਵੇ ਤਾਂ ਉਸ ਦੇ ਦਿਲ ਚੋਂ ਅਸ਼ੀਸ਼ਾਂ ਹੀ ਨਿਕਲਣਗੀਆਂ। ਇਹ ਸੇਵਾ ਪਿਛਲੇ 30-32 ਸਾਲ ਤੋਂ ਚਲ ਰਹੀ ਹੈ। ਕਮਲਜੀਤ ਸਿੰਘ ਦੇ ਪਿਤਾ ਜੀ ਨੇ ਮਹਾਰਾਜ ਜੀ ਅਗੇ ਅਰਦਾਸ ਕਰ ਕੇ ਬਿਨਾਂ ਕਿਸੇ ਭੇਦ-ਭਾਵ ਦੇ ਸ਼ੁਰੂ ਕੀਤੀ ਸੀ, ਜੋ ਕਿ ਝਾੜੂ ਵਾਲੇ ਵੀਰ ਜੀ ਦੇ ਨਾਮ ਨਾਲ ਮਸ਼ਹੂਰ ਸਨ। ਇਹ ਦਿਲੀ ਵਾਸੀਆਂ ਲਈ ਇਕ ਜਿੰਦਾ ਮਿਸਾਲ ਬਣ ਗਈ ਹੈ। ਸਭ ਤੋਂ ਵਡੀ ਗਲ ਇਹ ਹੈ ਕਿ ਇਸ ਕਾਫਲੇ ਵਿਚ ਜਿਆਦਾਤਰ ਸਿਖ ਸੇਵਾਦਾਰਾਂ ਦੇ ਨਾਲ-ਨਾਲ ਬੀਬੀਆਂ ਤੇ ਬਚੇ ਵੀ ਹਨ। ਕਮਲਜੀਤ ਸਿੰਘ ਨੇ ਦਸਿਆ ਕਿ ਅਸੀਂ ਕੋਈ ਸੰਸਥਾ ਨਹੀਂ ਬਣਾਈ ਤੇ ਨਾ ਹੀ ਅਸੀਂ ਬਨਾਉਣਾ ਚਾਹੁੰਦੇ ਹਾਂ। ਇਕ ਮਹਤਵਪੂਰਨ ਪਹਿਲੂ ਇਹ ਵੀ ਹੈ ਕਿ ਕਦੀ ਕਿਸੇ ਲਾਵਾਰਿਸ ਇਨਸਾਨ ਦੀ ਮੋਤ ਹੋ ਜਾਂਦੀ ਹੈ ਤਾਂ ਦਿਲੀ ਪੁਲਿਸ ਇਨਾਂ ਸੇਵਾਦਾਰਾਂ ਨੂੰ ਸੂਚਨਾ ਦਿੰਦੀ ਹੈ ਤੇ ਇਨਾਂ ਵਲੋਂ ਮ੍ਰਿਤਕ ਦਾ ਵਿਧੀ ਪੂਰਵਕ ਦਾਹ ਸੰਸਕਾਰ ਕੀਤਾ ਜਾਂਦਾ ਹੈ। ਅਜ ਵੀ ਇਹ ਸੇਵਾ ਨਿਰੰਤਰ ਜਾਰੀ ਹੈ।
– ਅਸ਼ੋਕ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼’