ਖੰਨਾ- ਖੰਨਾਂ ਸ਼ਹਿਰ ਦੇ ਬਾਜ਼ਾਰ ਵਿੱਚੋਂ ਰੇਹੜੀ-ਫੜੀ ਵਾਲਿਆ ਅਤੇ ਦੁਕਾਨਦਾਰਾ ਵੱਲੋ ਕੀਤੇ ਨਜਾਇਜ਼ ਕਬਜ਼ਿਆ ਨੂੰ ਹਟਾਉਣ ਲਈ ਨਗਰ ਕੌਂਸਲ ਖੰਨਾ ਦੇ ਅਧਿਕਾਰੀ ਸਮੇਂ-ਸਮੇਂ ਤੇ ਚੌਕਸੀ ਵਰਤ ਕੇ ਕਬਜ਼ਿਆ ਨੂੰ ਹਟਾਉਦੀ ਹੈ। ਪਰ ਦੂਜੇ ਪਾਸੇ ਲਾਈਨੋਪਾਰ ਲਲਹੇੜੀ ਰੋਡ ਇਲਾਕੇ ਦੀਆ ਰਿਹਾਇਸ਼ੀ ਕਲੋਨੀਆ ਦੇ ਸੀਵਰੇਜ਼ ਦਾ ਪਾਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ 2 ਦੇ ਬਿਲਕੁਲ ਨਾਲ ਪਈ ਰੇਲਵੇ ਵਿਭਾਗ ਦੀ ਜ਼ਮੀਨ ਵਿੱਚ ਸੁੱਟ ਕੇ ਕਰੀਬ ਤਿੰਨ ਏਕੜ ਜ਼ਮੀਨ ਨੂੰ ਹੀ ਸੀਵਰ ਬਣਾ ਦਿੱਤਾ ਹੈ। ਜਿਸ ਕਰਕੇ ਰੇਲਵੇ ਵਿਭਾਗ ਦੀ ਇਸ ਜ਼ਮੀਨ ’ਚ ਲੱਖਾ ਰੁਪਏ ਕੀਮਤ ਤੇ ਸੈਕੜੇ ਸਫੈਦੇ ਅਤੇ ਹੋਰ ਦਰੱਖਤ ਗੰਦੇ ਪਾਣੀ ਕਾਰਨ ਬਰਬਾਦ ਹੋ ਗਏ ਹਨ। ਗੰਦੇ ਪਾਣੀ ਕਾਰਨ ਜਿੱਥੇ ਰੇਲਵੇ ਵਿਭਾਗ ਦੇ ਅਧਿਕਾਰੀ ਪ੍ਰੇਸ਼ਾਨ ਹਨ, ਉਥੇ ਰੇਲਵੇ ਮੁਸਾਫਰਾ ਨੂੰ ਦਿਨ ਰਾਤ ਗੰਦੇ ਪਾਣੀ ਚੋ ਉਠਦੀ ਬਦਬੂ ਅਤੇ ਮੱਖੀ-ਮੱਛਰਾ ਦੇ ਕਾਰਨ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿਣੈ ਰੇਲਵੇ ਮੁਸਾਫਰਾ ਅਤੇ ਸ਼ਹਿਰ ਵਾਸੀਆ ਦੀ- ਰੇਲਵੇ ਸਟੇਸ਼ਨ ਖੰਨਾ ਤੋਂ ਟਰੇਨ ਦੇ ਡੇਲੀ ਪੈਸੰਜ਼ਰ ਰਘਵੀਰ ਸਿੰਘ, ਚਰਨਜੀਤ ਸਿੰਘ ਅਤੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾ ਤੋਂ ਨਗਰ ਕੌਂਸਲ ਵੱਲੋਂ ਲਲਹੇੜੀ ਰੋਡ ਦੀਆਂ ਰਿਹਾਇਸ਼ੀ ਕਲੌਨੀਆ ਦੇ ਸੀਵਰੇਜ਼ ਦਾ ਗੰਦਾ ਪਾਣੀ ਰੇਲਵੇ ਵਿਭਾਗ ਦੀ ਜ਼ਮੀਨ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸੈਕੜੇ ਦੀ ਗਿਣਤੀ ’ਚ ਸਫੈਦੇ ਅਤੇ ਹੋਰ ਦਰੱਖਤ ਗਲ ਕੇ ਬਰਬਾਦ ਹੋ ਚੁੱਕੇ ਹਨ। ਦੂਜਾ ਗਰਮੀ ਦੇ ਮੌਸਮ ’ਚ ਗੰਦੇ ਪਾਣੀ ਵਿਚ ਮੱਖੀ-ਮੱਛਰ ਕਾਰਨ ਟਰੇਨ ਚ ਸਫਰ ਕਰਨ ਵਾਲੇ ਰੇਲ ਮੁਸਾਫਰਾ ਨੂੰ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਗੰਦੇ ਪਾਣੀ ਦੇ ਛੱਪੜ ਦੇ ਆਸਪਾਸ ਸਥਿਤ ਗਲੀ-ਮੁਹੱਲਿਆ ’ਚ ਰਹਿੰਦੇ ਲੋਕਾ ਨੂੰ ਮੱਛਰਾ ਅਤੇ ਬਦਬੂ ਕਾਰਨ ਦਿੱਕਤਾ ਦਾ ਸਾਹਮਣਾ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਕੌਂਸਲ ਦੀ ਅਣਗਹਿਲੀ ਕਾਰਨ ਲੋਕਾ ਨੂੰ ਪਰੇਸ਼ਾਨੀਆ ਝੱਲਣੀਆ ਪੈ ਰਹੀਆ ਹਨ।
ਕੀ ਕਹਿਣੈ ਰੇਲਵੇ ਵਿਭਾਗ ਦੇ ਸਟੇਸ਼ਨ ਸੁਪਰਡੈਂਟ ਦਾ- ਨਗਰ ਕੌਂਸਲ ਵੱਲੋਂ ਰੇਲਵੇ ਵਿਭਾਗ ਦੀ ਜ਼ਮੀਨ ਵਿੱਚ ਸੁੱਟੇ ਜਾ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਸੰਬੰਧੀ ਖੰਨਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ, ਰੇਲਵੇ ਇੰਜਨੀਅਰਿੰਗ ਡਿਪਾਰਟਮੈਂਟ ਸ਼ਾਖਾ ਦੇ ਅਧਿਕਾਰੀਆ ਨੂੰ ਪੱਤਰ ਲਿਖ ਕੇ ਕੋਸ਼ਲ ਵੱਲੋਂ ਰੇਲਵੇ ਦੀ ਜ਼ਮੀਨ ਵਿੱਚ ਸੁੱਟੇ ਜਾ ਰਹੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਰੋਕਣ ਸੰਬੰਧੀ ਉਚਿਤ ਕਾਰਵਾਈ ਕੀਤੇ ਜਾਣ ਦੀ ਮੰਗ ਕਰ ਚੁੱਕੇ ਹਨ। ਪ੍ਰੰਤੂ ਨਗਰ ਕੌਂਸਲ ਅਧਿਕਾਰੀਆ ਵੱਲੋਂ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ ਹੈ। ਬਰਸਾਤ ਦੇ ਮੌਸਮ ਵਿੱਚ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੇ ਵੱਧਣ ਵਾਲੇ ਪੱਧਰ ਨੂੰ ਦੇਖਦੇ ਹੋਏ ਤਿੰਨ ਨੰਬਰ ਪਲੇਟਫਾਰਮ ਦੀ ਰੇਲਵੇ ਟਰੈਕ ਨੂੰ ਹੋਣ ਵਾਲੇ ਨੁਕਸਾਨ ਤੋ ਬਚਾਉਣ ਲਈ ਟਰੈਕ ਕਿਨਾਰੇ ਕੰਕਰੀਟ ਦੀ ਦੀਵਾਰ ਬਣਾਈ ਜਾ ਰਹੀ ਹੈ ਤਾ ਕਿ ਪਾਣੀ ਕਾਰਨ ਰੇਲ ਟਰੈਕ ਨੂੰ ਕੋਈ ਨੁਕਸਾਨ ਪਹੁੰਚ ਸਕੇ। ਜੇਕਰ ਕੋਂਸਲ ਨੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਰੋਕਣ ਵੱਲ ਕੋਈ ਕਦਮ ਨਾ ਚੁੱਕਿਆ ਤਾ ਰੇਲਵੇ ਵੱਲੋ ਬੰਨ ਬਣਾਕੇ ਪਾਣੀ ਨੂੰ ਬੰਦ ਕਰ ਦਿੱਤਾ ਜਾਵੇਗਾ।
ਕੀ ਕਹਿਣੈ ਇਲਾਕਾ ਕੋਂਸਲਰ ਦਾ- ਰੇਲਵੇ ਵਿਭਾਗ ਦੇ ਜ਼ਮੀਨ ’ਚ ਛੱਡੇ ਜਾਦੇ ਗੰਦੇ ਪਾਣੀ ਸੰਬੰਧੀ ਇਲਾਕੇ ਦੇ ਕੋਂਸਲਰ ਗੁਰਮਿੰਦਰ ਸਿੰਘ ਲਾਲੀ ਦਾ ਪੱਖ ਜਾਣਨ ਲਈ ਉਨਾ ਦੇ ਮੋਬਾਇਲ ਫੋਨ ਤੇ ਸੰਪਰਕ ਕੀਤਾ ਗਿਆ ਤਾ ਉਨਾ ਫੋਨ ਨਹੀ ਚੁੱਕਿਆ। ਜਿਨ੍ਹਾਂ ਦੀ ਪਤਨੀ ਇਸ ਤਿੰਨ ਨੰਬਰ ਵਾਰਡ ਦੀ ਕੌਸਲਰ ਹੈ ਅਤੇ ਲਾਲੀ ਖੁਦ 7 ਵਾਰਡ ਤੋਂ ਹਾਕਮ ਧਿਰ ਦੇ ਕੌਸਲਰ ਹੋਣ ਦੇ ਬਾਵਜੂਦ ਗੰਦੇ ਪਾਣੀ ਦਾ ਮਸਲਾ ਉਲਝਿਆ ਪਿਆ ਹੈ। ਜਿਕਰਯੋਗ ਹੈ ਕਿ ਇਨ੍ਹਾਂ ਵਾਰਡਾਂ ’ਚ ਆਏ ਦਿਨ ਗੰਦੇ ਪਾਣੀ ਸਬੰਧੀ ਧਰਨੇ ਮੁਜਾਹਰੇ ਲਗ ਰਹੇ ਹਨ।
ਕੀ ਕਹਿਣਾ ਹੈ ਕਿ ਨਗਰ ਕੋਂਸਲ ਪ੍ਰਧਾਨ ਦਾ- ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਦਾ ਕਹਿਣਾ ਹੈ ਕਿ ਲਲਹੇੜੀ ਰੋਡ ਰੇਲਵੇ ਪੁਲ ਦੇ ਦੂਸਰੀ ਸਾਈਡ ਸਥਿਤ ਰਿਹਾਇਸ਼ੀ ਕਲੌਨੀਆ ਚ ਸੀਵਰੇਜ਼ ਲਾਈਨ ਨਾ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌੋਂਸਲ ਵੱਲੋਂ ਰੇਲਵੇ ਦੀ ਜ਼ਮੀਨ ’ਚ ਪਾਣੀ ਛੱਡੇ ਜਾਣ ਤੋਂ ਉਨਾ ਪੱਲਾ ਝਾੜਦੇ ਹੋਏ ਕਿਹਾ ਕਿ ਸੀਵਰੇਜ਼ ਦਾ ਪਾਣੀ ਓਵਰ ਫਲੋਅ ਹੋ ਕੇ ਨੀਵੇਂ ਇਲਾਕੇ ’ਚ ਚਲਾ ਗਿਆ ਹੋਵੇਗਾ। ਜੇਕਰ ਰੇਲਵੇ ਅਧਿਕਾਰੀਆ ਵੱਲੋ ਉਨਾ ਦੇ ਧਿਆਨ ’ਚ ਮਾਮਲਾ ਲਿਆਂਦਾ ਜਾਵੇਗਾ ਤਾ ਉਹ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ ਕਰਨਗੇ। ਉਹ ਨਹੀ ਚਾਹੁੰਦੇ ਕਿ ਰੇਲਵੇ ਦਾ ਕੋਈ ਨੁਕਸਾਨ ਹੋਵੇ।