ਪੰਜਾਬ ਵਿੱਚ ਆਵਾਰਾ ਪਸ਼ੂਆਂ ਦਾ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ। ਕਿਸਾਨਾਂ ਨੂੰ ਫਸਲਾਂ ਦੀ ਰਾਖੀ ਲਈ ਰਾਤਾਂ ਨੂੰ ਜਾਗਣਾ ਪੈ ਰਿਹਾ ਹੈ। ਕੁਝ ਖੇਤਰਾਂ ਵਿੱਚ ਤਾਂ ਫਸਲਾਂ ਦੀ ਰਾਖੀ ਇਕ ਮਹਿੰਗਾ ਸੌਦਾ ਬਣ ਗਿਆ ਹੈ। ਆਮ ਸਧਾਰਨ ਕਿਸਾਨ ਇਹ ਖਰਚਾ ਚੁੱਕਣ ਦੇ ਸਮਰੱਥ ਨਹੀਂ ਹਨ। ਆਵਾਰਾ ਪਸ਼ੂਆਂ ’ਚ ਜ਼ਿਆਦਾਤਰ ਉਹ ਗਊਆਂ ਅਤੇ ਦੂਸਰੇ ਪਸ਼ੂ ਹਨ ਜਿਨ੍ਹਾਂ ਨੂੰ ਹਿੰਦੂਵਾਦੀ ਜਥੇਬੰਦੀਆਂ ਦੇ ਵਿਰੋਧ ਕਾਰਨ ਵੇਚਣਾ ਮੁਸ਼ਕਿਲ ਹੋ ਗਿਆ ਹੈ। ਨਵੇਂ ਪੈਦਾ ਹੋਏ ਹਾਲਾਤਾਂ ਵਿੱਚ ਦੂਸਰੇ ਰਾਜਾਂ ਤੋਂ ਪਸ਼ੂ ਵਪਾਰੀ ਪੰਜਾਬ ਨਹੀਂ ਆ ਰਹੇ। ਪੰਜਾਬ ਦੇ ਵਪਾਰੀ ਵੀ ਸੂਬੇ ’ਚੋਂ ਫੰਡਰ ਮੱਝਾਂ-ਗਾਵਾਂ ਖਰੀਦ ਕੇ ਦੂਸਰੇ ਸੂਬਿਆਂ ਵਿੱਚ ਵੇਚਣ ਲਈ ਲੈ ਜਾਣ ਤੋਂ ਡਰਦੇ ਹਨ। ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਖਾਸ ਕਰਕੇ ਕਥਿਤ ਗਊ ਰਾਖੇ ਅਜਿਹੇ ਟਰੱਕਾਂ ਵਾਲਿਆਂ ਅਤੇ ਵਪਾਰੀਆਂ ਦੀ ਕੁੱਟਮਾਰ ਕਰਦੇ ਹਨ ਜਿਨ੍ਹਾਂ ਵਿੱਚ ਵੇਚਣ ਲਈ ਪਸ਼ੂ ਲੱਦੇ ਹੁੰਦੇ ਹਨ। ਇਸ ਹਾਲਤ ਕਾਰਨ ਹੀ ਆਵਾਰਾ ਪਸ਼ੂਆਂ ਦੀ ਪੰਜਾਬ ਵਿੱਚ ਗਿਣਤੀ ਲਗਾਤਾਰ ਵਧ ਰਹੀ ਹੈ। ਭਾਵੇਂ ਆਵਾਰਾ ਪਸ਼ੂਆਂ ਦੀ ਸੰਭਾਲ (ਸਿਰਫ਼ ਦੇਸੀ ਗਾਵਾਂ) ਲਈ ਪੰਜਾਬ ਦੇ ਪਿੰਡਾ ਵਿਚ ਲੋਕਾਂ ਵਲੋਂ ਆਪਣੇ ਖ਼ਰਚੇ ਉਪਰ ਇਕ ਅੰਕੜੇ ਮੁਤਾਬਿਕ 500 ਦੇ ਕਰੀਬ ਗਊਸ਼ਾਲਾਵਾਂ ਹਨ। ਪੰਜਾਬ ਸਰਕਾਰ ਵੱਲੋਂ ਵੀ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੀਆਂ ਗਊਸ਼ਾਲਾਵਾਂ ਬਣਾਉਣ ਅਤੇ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਗਊ ਸੈਸ ਵੀ ਲਗਾ ਰੱਖਿਆ ਹੈ। ਇਸ ਸਭ ਕੁਝ ਦੇ ਬਾਵਜੂਦ ਆਵਾਰਾ ਪਸ਼ੂਆਂ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕਿਸਾਨ ਜਥੇਬੰਦੀਆਂ ਵੀ ਇਸ ਸਬੰਧੀ ਲਗਾਤਾਰ ਸੰਘਰਸ਼ੀਲ ਹਨ। ਫੰਡਰ ਅਮਰੀਕਨ ਗਾਵਾਂ ਅਤੇ ਦੇਸੀ ਢੱਠਿਆਂ ਦੀ ਸੰਭਾਲ ਸਭ ਤੋਂ ਵੱਡਾ ਮਸਲਾ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਇਕ-ਇਕ ਕਰੋੜ ਦੀ ਲਾਗਤ ਨਾਲ 22 ਗਊਸ਼ਾਲਾਵਾਂ ਖੋਲ੍ਹਣ ਦੀ ਯੋਜਨਾ ਵੀ ਛਲਾਵਾ ਬਣ ਕੇ ਹੀ ਰਹਿ ਗਈ ਹੈ। ਪਿੰਡਾਂ ਤੇ ਸ਼ਹਿਰਾਂ ’ਚ ਖੇਤਾਂ ਅਤੇ ਸੜਕਾਂ ’ਤੇ ਆਵਾਰਾ ਪਸ਼ੂਆਂ ਦੇ ਝੁੰਡ ਇਸ ਗੱਲ ਦਾ ਸਬੂਤ ਹਨ। ਕਿਸਾਨਾਂ ਨੂੰ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭ ਰਿਹਾ। ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਵੀ ਸਰਕਾਰ ਨੂੰ ਇਸ ਸਬੰਧੀ ਮਜ਼ਬੂਰ ਨਹੀਂ ਕਰ ਸਕਿਆ। ਆਵਾਰਾ ਪਸ਼ੂਆਂ ਦੇ ਸਤਾਏ ਕਿਸਾਨਾਂ ਨੇ ਪਿਛਲੇ ਮਹੀਨੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ’ਚ ਆਵਾਰਾ ਪਸ਼ੂ ਛਡ ਕੇ ਆਪਣੀ ਵਿਰੋਧਤਾ ਦਰਸਾਈ ਸੀ। ਆਵਾਰਾ ਪਸ਼ੂਆਂ ਨਾਲ ਪੰਜਾਬ ਦੇ ਕਿਸਾਨਾਂ ਦਾ ਹਰ ਸਾਲ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਮਸਲੇ ਦਾ ਤੁਰੰਤ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ। ਆਵਾਰਾ ਪਸ਼ੂਆਂ ਦੀ ਸਮਸਿਆ ਨਾਲ ਨਜਿਠਣ ਦੇ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ