April 20, 2026 4:59 pm

ਹਾਕੀ ਦਾ ਸਰਦਾਰ-ਬਲਬੀਰ ਸਿੰਘ‘ਸੀਨੀਅਰ’

ਕਦੇ ਸਮਾਂ ਸੀ ਕਿ ਪੂਰੀ ਦੁਨੀਆ ਵਿਚ ਭਾਰਤੀ ਹਾਕੀ ਟੀਮ ਦੀ ਤੂਤੀ ਬੋਲਦੀ ਸੀ ਅਤੇ ਭਾਰਤੀ ਟੀਮ ਵਿਚ ਸਰਦਾਰ ਖਿਡਾਰੀਆ ਦਾ ਬੋਲਬਾਲਾ ਸੀ।ਅੰਤਰਰਾਸ਼ਟਰੀ  ਪਧਰ ਤੇ 18 ਦੇਸ਼ਾਂ ਦੀਆਂ ਰਾਸ਼ਟਰੀ ਟੀਮਾਂ ਵਿਚ ਸਿਖ ਖਿਡਾਰੀ ਆਪਣੀ ਖੇਡ ਕਲਾਂ ਦਾ ਪ੍ਰਦਰਸ਼ਨ ਕਰ ਚੁਕੇ ਹਨ।ਸਿਖ ਖਿਡਾਰੀਆਂ ਦੇ ਭਾਰਤੀ ਟੀਮ ਵਿਚ ਪਾਏ ਯੋਗਦਾਨ ਦਾ ਇਸ ਤਥ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 1928 ਤੋਂ ਲੈ ਕੇ ਸੋਨਾ ਤਗਮਾ ਜੇਤੂ ਹਰੇਕ ਭਾਰਤੀ ਟੀਮ ਦਾ ਹਿਸਾ ਰਹੇ।1968 ‘ਚ ਮੈਕਸੀਕੋ ਓਲਪਿੰਕ ਵਿਚ ਕੁਲ 18 ਖਿਡਾਰੀਆਂ ਵਿਚ 13 ਸਿਖ ਖਿਡਾਰੀ ਸਨ।ਸਿਖ ਸਰਦਾਰ ਓਲਪਿੰਕ,ਵਿਸ਼ਵ ਕਪ,ਚੈਂਪੀਅਨਜ਼ ਟਰਾਫ਼ੀ ਅਤੇ ਏਸ਼ੀਅਨ ਖੇਡਾਂ ਵਿਚ ਭਾਰਤੀ ਟੀਮ ਦੇ ਕਪਤਾਨ ਵਜੋਂ ਨੁਮਾਇੰਦਗੀ ਕਰ ਚੁਕੇ ਹਨ।ਇਨ੍ਹਾਂ ਵਿਚੋਂ ਹੀ ਇਕ ਭਾਰਤੀ ਟੀਮ ਦੇ ਸਫਲ ਕਪਤਾਨ ਅਤੇ ਮਹਾਨ ਸੈਂਟਰ ਫਾਰਵਰਡ ਖਿਡਾਰੀ ਰਹੇ ਸ.ਬਲਬੀਰ ਸਿੰਘ ਸੀਨੀਅਰ ਹਨ ਜਿੰਨਾ ਆਪਣੀ ਖੇਡ ਕਲਾਂ ਦੀ ਧਾਕ ਪੂਰੀ ਦੁਨੀਆ ਵਿਚ ਪਾਈ।ਉਨ੍ਹਾਂ ਦਾ ਪੂਰਾ ਨਾਮ ਬਲਬੀਰ ਸਿੰਘ ਦੁਸਾਂਝ ਹੈ ਪਰ ਪੂਰੀ ਦੁਨੀਆ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਦੇ ਨਾਮ ਨਾਲ ਜਾਣਦੀ ਹੈ।ਸ. ਬਲਬੀਰ ਸਿੰਘ ਜੀ ਦਾ ਜਨਮ 31/12/1923 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ।ਉਨ੍ਹਾਂ ਦੇ ਪਿਤਾ ਸ. ਦਲੀਪ ਸਿੰਘ ਸੀ ਜੋ ਕਿ ਇਕ ਅਜ਼ਾਦੀ ਘੁਲਾਟੀਏ ਸਨ ਅਤੇ ਮਾਤਾ ਜੀ ਦਾ ਨਾਮ ਕਰਮ ਕੌਰ ਸੀ।ਸ. ਬਲਬੀਰ ਸਿੰਘ ਦਾ ਜਦੀ ਪਿੰਡ ਪੁਆਦੜਾ ਹੈ ਜੋ ਕਿ ਜ਼ਿਲ੍ਹਾ ਜਲੰਧਰ ਵਿਚ ਹੀ ਪੈਂਦਾ ਹੈ।ਬਲਬੀਰ ਸਿੰਘ ਜੀ ਨੇ ਮੋਗੇ ਦੇ ਦੇਵ ਸਮਾਜ ਸਕੂਲ ਵਿਖੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਗੋਲ-ਕੀਪਰ ਵਜੋਂ ਕੀਤੀ ਪਰ ਬਾਅਦ ਵਿਚ ਉਹ ਫਾਰਵਰਡ ਲਾਈਨ ਵਿਚ ਖੇਡਣ ਲਗੇ। ਸ. ਹਰਬੇਲ ਸਿੰਘ ਜੋ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਹਾਕੀ ਟੀਮ ਦੇ ਕੋਚ ਸਨ ਉਹ ਬਲਬੀਰ ਸਿੰਘ ਦੀ ਖੇਡ ਕਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਦੇ ਜ਼ੋਰ ਦੇਣ ਤੇ ਬਲਬੀਰ ਸਿੰਘ ਸਿਖ ਨੈਸ਼ਨਲ ਕਾਲਜ ਲਾਹੌਰ ਤੋਂ ਖ਼ਾਲਸਾ ਕਾਲਜ ਅੰਮ੍ਰਿਤਸਰ 1942 ‘ਚ ਵਿਚ ਆ ਕੇ ਉਨ੍ਹਾਂ ਦੀ ਦੇਖ ਰੇਖ ਵਿਚ ਹਾਕੀ ਖੇਡਣ ਲਗੇ ।1942 ’ਚ ਹੀ ਉਨ੍ਹਾਂ ਦੀ ਪੰਜਾਬ ਯੂਨੀਵਰਸਿਟੀ ਦੀ ਟੀਮ ਵਿਚ ਚੋਣ ਹੋਈ ਅਤੇ ਉਨ੍ਹਾਂ ਦੀ ਕਪਤਾਨੀ ਦੇ ਅੰਦਰ ਹੀ ਯੂਨੀਵਰਸਿਟੀ ਲਗਾਤਾਰ 1943,44,45 ਵਿਚ ਇੰਟਰ ਯੂਨੀਵਰਸਿਟੀ  ਖ਼ਿਤਾਬ ਜਿਤਣ ਵਿਚ ਕਾਮਯਾਬ ਰਹੀ।ਉਹ ਵੰਡ ਤੋਂ ਪਹਿਲਾ ਦੇ ਪੰਜਾਬ ਦੀ 1947 ‘ਚ ਨੈਸ਼ਨਲ ਚੈਂਪੀਅਨ ਜਿਤਣ ਵਾਲੀ ਟੀਮ ਦੇ ਖਿਡਾਰੀ ਵੀ ਰਹੇ।ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਉਨ੍ਹਾਂ ਨੇ 1941 ਤੋਂ 1961 ਤਕ ਪੰਜਾਬ ਪੁਲਿਸ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਨੇ ਆਪਣੀ ਪਹਿਲੀ ਲੰਡਨ ਓਲਪਿੰਕ 1948 ’ਚ ਆਪਣੇ ਪਹਿਲੇ ਹੀ ਮੈਚ ਵਿਚ ਅਰਜਨਟੀਨਾ ਦੇ ਖ਼ਿਲਾਫ਼ 6 ਗੋਲ ਹੀ ਨਹੀਂ ਕੀਤੇ ਸਗੋਂ ਹੈਟ੍ਰਿਕ ਵੀ ਬਣਾਈ ।ਫਾਈਨਲ ਮੈਚ ਵਿਚ ਭਾਰਤ ਨੇ ਬਰਤਾਨੀਆ ਜਿਨ੍ਹਾਂ ਨੇ ਸਾਡੇ ਦੇਸ਼ ਤੇ 200 ਸਾਲ ਰਾਜ ਕੀਤਾ ਉਸ ਦੇਸ਼ ਦੀ ਟੀਮ ਨੂੰ ਉਸ ਦੇ ਖੇਡ ਮੈਦਾਨ ਅੰਦਰ 4-0 ਨਾਲ ਹਰਾਇਆ ,ਇਸ ਵਿਚ ਬਲਬੀਰ ਸਿੰਘ ਦੇ ਵੀ 2 ਸ਼ਾਨਦਾਰ ਗੋਲ ਸ਼ਾਮਿਲ ਸਨ।ਇਸ ਓਲਪਿੰਕ ਵਿਚ ਸ. ਬਲਬੀਰ ਸਿੰਘ ਨੂੰ ਖੇਡ ਰਾਜਨੀਤੀ ਦਾ ਵੀ ਸ਼ਿਕਾਰ ਹੋਣਾ ਪਿਆ ਤੇ ਉਹ ਕੁਝ ਮੈਚ ਨਹੀਂ ਖੇਡ ਸਕੇ।1952 ‘ਚ ਹੈਲਸਿੰਕੀ,ਫਿਨਲੈਂਡ ਵਿਚ ਹੋਈਆ ਓਲਪਿੰਕ ਖੇਡਾਂ ਵਿਚ ਉਨ੍ਹਾਂ ਨੂੰ ਭਾਰਤੀ ਖੇਡ ਦਲ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਅਤੇ ਉਹ ਭਾਰਤੀ ਹਾਕੀ ਟੀਮ ਦੇ ਵਾਈਸ ਕੈਪਟਨ ਵਜੋਂ ਖੇਡੇ।ਇਸ ਓਲਪਿੰਕ ਵਿਚ ਬਰਤਾਨੀਆ ਦੇ ਖ਼ਿਲਾਫ਼ ਸੈਮੀ ਫਾਈਨਲ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਹੈਟ-ਟ੍ਰਿਕ ਬਣਾਈ ,ਇਹ ਮੈਚ ਭਾਰਤ ਬਲਬੀਰ ਸਿੰਘ ਦੇ ਹੀ ਤਿੰਨ ਗੋਲਾਂ ਨਾਲ ਜਿਤਿਆ।ਫਾਈਨਲ ਵਿਚ ਉਨ੍ਹਾਂ ਨੇ ਜੋ ਰਿਕਾਰਡ ਬਣਾਇਆ ਉਹ ਅਜ 66 ਸਾਲ ਹੋਣ ਤੋਂ ਬਾਅਦ ਵੀ ਕਾਇਮ ਹੈ ਜਦੋਂ ਬਲਬੀਰ ਸਿੰਘ ਨੇ ਇਕ ਤੋਂ ਬਾਅਦ ਇਕ ਪੰਜ ਗੋਲ ਕਰਕੇ ਭਾਰਤ ਨੂੰ ਨੀਦਰਲੈਂਡ ਦੇ ਖ਼ਿਲਾਫ਼ 6-1 ਨਾਲ ਵਡੀ ਜਿਤ ਦਿਵਾਉਣ ਵਿਚ ਮੁਖ ਭੂਮਿਕਾ ਨਿਭਾਈ।ਇਸ ਰਿਕਾਰਡ ਲਈ ਉਨ੍ਹਾਂ ਦਾ ਨਾਮ ਗਿਨਿਜ਼ ਵਰਲਡ ਰਿਕਾਰਡ ਵਿਚ ਦਰਜ ਹੈ। ਇਸ ਹੀ ਓਲਪਿੰਕ ਵਿਚ ਇਕ ਰੋਚਕ ਘਟਨਾ ਵੀ ਵਾਪਰੀ ਜਦੋਂ ਇਕ ਮਹਿਲਾ ਪ੍ਰਸੰਸਕ ਨੇ ਬਲਬੀਰ ਸਿੰਘ ਦੀ ਜਰਸੀ ਦਾ 13 ਨੰਬਰ ਹੋਣ ਕਾਰਨ ਉਸ ਨੂੰ ਕਿਹਾ ਕਿ ਇਹ ਨੰਬਰ ਸ਼ੁਭ ਨਹੀਂ ਮੰਨਿਆ ਜਾਂਦਾ ਪਰ ਬਲਬੀਰ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿਤਾ ਕਿ ਸਾਡੀ ਸੰਸਕ੍ਰਿਤੀ  ਅਨੁਸਾਰ 13 ਪ੍ਰਮਾਤਮਾ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ ਇਸ ਲਈ ਇਹ ਮੇਰੇ ਲਈ ਅਸ਼ੁਭ ਨਹੀਂ ਹੈ।ਇਥੇ ਇਹ ਵੀ ਦਸਣਯੋਗ ਹੈ ਕਿ ਇਸ ਓਲਪਿੰਕ ਵਿਚ ਭਾਰਤੀ ਟੀਮ ਨੇ ਕੁਲ ਗੋਲ ਵੀ 13 ਹੀ ਕੀਤੇ ਜਿਸ ਵਿਚ ਬਲਬੀਰ ਸਿੰਘ ਦੇ 9 ਗੋਲ ਸ਼ਾਮਿਲ ਸਨ।
1956 ’ਚ ਮੈਲਬੋਰਨ, ਅਸਟ੍ਰੇਲੀਆ ਵਿਚ ਹੋਈਆਂ ਓਲਪਿੰਕ ਖੇਡਾਂ ਵਿਚ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ।ਭਾਰਤ ਨੇ ਸੋਨ ਤਗਮਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ  1-0 ਨਾਲ ਹਰਾ ਕੇ ਜਿਤਿਆ।ਉਨ੍ਹਾਂ ਨੂੰ ਤਿੰਨ ਵਾਰ ਓਲਪਿੰਕ ਜੇਤੂ ਟੀਮ ਦਾ ਹਿਸਾ ਹੋਣ ਕਾਰਨ ਗੋਲਡਨ ਹੈਟ੍ਰਿਕ ਵਾਲਾ ਬਲਬੀਰ ਵੀ ਕਿਹਾ ਜਾਣ ਲਗਾ।
1957‘ਚ ਸ. ਬਲਬੀਰ ਸਿੰਘ ਖੇਡ ਵਰਗ ਵਿਚ ਪਦਮ ਮੈਟ੍ਰਿਕ ਪ੍ਰਾਪਤ ਕਰਨ ਵਾਲ ਪਹਿਲੇ ਖਿਡਾਰੀ ਬਣੇ।1975 ਦੀ ਵਿਸ਼ਵ ਕਪ ਵਿਜੇਤਾ ਟੀਮ ਦੇ ਉਹ ਚੀਫ਼ ਕੋਚ ਅਤੇ ਮੈਨੇਜਰ ਰਹੇ।ਬਲਬੀਰ ਸਿੰਘ ਨੇ ਆਪਣੇ ਪਿਤਾ ਜੀ ਦੀ ਮੌਤ ਹੋਣ ਅਤੇ ਆਪਣੀ ਧਰਮ ਪਤਨੀ ਸੁਸ਼ੀਲ ਕੌਰ ਨੂੰ ਬਰੇਨ ਸਟ੍ਰੋਕ ਹੋਣ ਦੇ ਬਾਵਜੂਦ ਭਾਰਤੀ ਟੀਮ ਦੀ ਸਿਖਲਾਈ ਵਿਚ ਕੋਈ ਵਿਘਨ ਨਹੀਂ ਆਉਣ ਦਿਤਾ 1958 ‘ਚ ਡੋਮੈਨਿਕ ਗਣਰਾਜ ਦੁਆਰਾ 1956 ਦੇ ਉਲੰਪਿਕ ਦੀ ਯਾਦਗਾਰ ਮਨਾਉਣ ਲਈ  ਉਨ੍ਹਾਂ ਤੇ ਡਾਕ ਟਿਕਟ ਵੀ ਜਾਰੀ ਕੀਤਾ ਗਿਆ।1982‘ਚ ਨਵੀਂ ਦਿਲੀ ਵਿਚ ਹੋਈਆਂ ਏਸ਼ੀਆ ਖੇਡਾਂ ਮੌਕੇ ਉਨ੍ਹਾਂ ਦੁਆਰਾ ਹੀ ਪਵਿਤਰ ਲਾਟ ਨੂੰ ਰੌਸ਼ਨ ਕੀਤਾ ਗਿਆ ਸੀ। 2006 ‘ਚ ਉਨ੍ਹਾਂ ਨੂੰ ਸਭ ਤੋ ਸਰਵੋਤਮ ਸਿਖ ਹਾਕੀ ਖਿਡਾਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ।2012 ‘ਚ ਉਹ ਏਸ਼ੀਆ ਮਹਾਂਦੀਪ ਤੋਂ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੂੰ ਕਿ ਕੌਮਾਂਤਰੀ ਓਲਪਿੰਕ ਕਮੇਟੀ ਨੇ ਓਲਪਿੰਕ ਇਤਿਹਾਸ ਦੇ 16 ਆਈਕਾਨ ਖਿਡਾਰੀਆਂ ਵਿਚ ਸ਼ਾਮਿਲ ਕੀਤਾ ਜਿਨ੍ਹਾਂ ਵਿਚ ਅਠ ਪੁਰਸ਼ ਅਤੇ ਅਠ ਮਹਿਲਾ ਖਿਡਾਰੀ ਸ਼ਾਮਲ ਸਨ।2015 ‘ਚ ਸ. ਬਲਬੀਰ ਸਿੰਘ ਜੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮੇਜਰ ਧਿਆਨ ਚੰਦ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਦੋ ਕਿਤਾਬਾਂ ਵੀ ਲਿਖੀਆਂ ਠਦੀ ਗੋਲਡਨ ਹੈਟ-ਟ੍ਰਿਕ (1977)” ਅਤੇ “ਦੀ  ਗੋਲਡਨ ਯਾਰਡ ਸਟਿਕ (2008) ਜਿਨ੍ਹਾਂ ਵਿਚ ਪਹਿਲੀ ਉਨ੍ਹਾਂ ਦੀ ਸਵੈਜੀਵਨੀ ਹੈ।ਉਹ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਵੀ ਆਪਣੀਆਂ ਸੇਵਾ ਨਿਭਾ ਚੁਕੇ ਹਨ।2016 ‘ਚ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਖੇਲ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸ. ਬਲਬੀਰ ਸਿੰਘ ਜੀ ਦੀਆਂ ਹੁਣ ਦੋ ਇਛਾਵਾਂ ਹਨ ਇਕ ਤਾਂ ਉਹ ਭਾਰਤੀ ਹਾਕੀ ਟੀਮ ਓਲਪਿੰਕ ਵਿਚ ਸੋਨ ਤਗਮਾ ਜਿਤਦੇ ਦੇਖਣਾ ਚਾਹੁੰਦੇ ਹਨ ਤੇ ਦੂਜੀ ਉਨ੍ਹਾਂ ਦੇ ਮੈਡਲ ਅਤੇ ਬਲੈਜ਼ਰ ਜੋ ਕਿ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੂੰ ਸਪੋਰਟਸ ਮਿਊਜ਼ੀਅਮ ਵਿਚ ਰਖਣ ਨੂੰ ਦਿਤੇ ਸਨ ਜੋ ਕਿ ਸ਼ਾਇਦ ਲਾਪਤਾ ਹੋ ਗਏ ਹਨ ਉਹ ਉਨ੍ਹਾਂ ਨੂੰ ਵਾਪਸ ਮਿਲ ਜਾਣ।ਉਹ ਭਾਰਤ ਰਤਨ ਸਨਮਾਨ ਦੇ ਪ੍ਰਬਲ ਦਾਅਵੇਦਾਰ ਹਨ।

Send this to a friend