ਲੁਧਿਆਣਾ, 14 ਜੁਲਾਈ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਕੁਝ ਦਿਨ ਪਹਿਲਾ ਹੈਬੋਵਾਲ ਵਿਖੇ ਹੋਏ ਨੌਜਵਾਨ ਉਪਰ ਕਾਤਲਾਨਾ ਹਮਲੇ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਥਾਣਾ ਹੈਬੋਵਾਲ ਦੀ ਪੁਲਿਸ ਨੇ 3 ਮੁਲਜਮਾਂ ਸਮੇਤ 1 ਦੋਸ਼ਣ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਤੇ ਇਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਮਾਮਲੇ ਦੀ ਜਾਣਕਾਰੀ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਗਿਲ, ਏ.ਡੀ.ਸੀ.ਪੀ ਗੁਰਪ੍ਰੀਤ ਕੌਰ ਪੁਰੇਵਾਲ, ਏ.ਸੀ.ਪੀ ਵੇਸਟ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਬੀਤੇ ਮੰਗਲਵਾਰ ਨੂੰ ਹੈਬੋਵਾਲ ਵਿਖੇ ਮਨਪ੍ਰੀਤ ਸਿੰਘ ਉਰਫ ਮਨੀ ਪੁਤਰ ਨਰੰਗ ਸਿੰਘ ਜੋ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਗਡੀ ਵਿਚ ਬੈਠਣ ਲਈ ਜਾ ਰਿਹਾ ਸੀ ਤਾਂ ਉਸ ਦੌਰਾਨ ਦੋ ਨਕਾਬਪੋਸ਼ ਬਾਇਕ ਸਵਾਰ ਹਮਲਾਵਰਾਂ ਨੇ ਮਨਪ੍ਰੀਤ ਉਪਰ ਜਾਣੋ ਮਾਰਨ ਦੀ ਨੀਅਤ ਨਾਲ 3 ਫਾਇਰ ਕੀਤੇ ਅਤੇ ਉਸਨੂੰ ਮਰਿਆ ਸਮਝ ਕਿ ਉਥੇ ਹੀ ਛਡ ਕਿ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਆਪਣੀ ਤਫਤੀਸ ਵਿਚ ਪਾਇਆ ਕਿ ਮਨਪ੍ਰੀਤ ਦੇ ਪਿਤਾ ਨਰੰਗ ਸਿੰਘ ਕਾਫੀ ਜਾਇਦਾਦ ਦਾ ਮਾਲਕ ਹੈ ਤੇ ਉਹ ਇਕਲਾ ਹੀ ਵਾਰਸ ਹੈ। ਸਬ ਤੋਂ ਪਹਿਲਾ ਪੁਲਿਸ ਨੇ ਮਨਪ੍ਰੀਤ ਦੀ ਭੈਣ ਐਨੀਪ੍ਰੀਤ ਕੋਲੋ ਸ਼ਕ ਦੇ ਆਧਾਰ ਤੇ ਪੁਛਗਿਛ ਕੀਤੀ ਗਈ , ਜੋ ਕਿ ਇਕ ਵਿਧਵਾ ਹੈ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਤੋਂ ਆਪਣੇ ਪਿਤਾ ਨਰੰਗ ਸਿੰਘ ਦੇ ਘਰ ਵਿਚ ਹੀ ਰਹਿ ਰਹੀ ਸੀ ਦਾ ਆਪਣੇ ਪਿਤਾ ਦੇ ਡਰਾਈਵਰ ਸਤਨਾਮ ਸਿੰਘ ਨਾਲ ਜਨਵਰੀ 2018 ਪ੍ਰੇਮ ਸੰਬੰਧ ਬਣ ਗਏ ਸਨ ਤੇ ਉਹ ਆਪਸ ਵਿਚ ਇਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ। ਦੋਵਾਂ ਨੂੰ ਲਗਦਾ ਸੀ ਕਿ ਉਨ੍ਹਾਂ ਦਾ ਭਰਾ ਮਨਪ੍ਰੀਤ ਸਿੰਘ ਇਨ੍ਹਾਂ ਦੇ ਪ੍ਰੇਮ ਵਿਆਹ ਵਿਚ ਰੁਕਾਵਟ ਪਾ ਸਕਦਾ ਹੈ। ਐਨੀਪ੍ਰੀਤ ਦੇ ਪਿਤਾ ਕੋਲ ਬਹੁਤ ਜ਼ਿਆਦਾ ਜਾਇਦਾਦ ਸੀ ਜਿਸ ਦਾ ਇਕੋ ਇਕ ਵਾਰਿਸ ਉਸ ਦਾ ਪੁਤਰ ਮਨਪ੍ਰੀਤ ਸਿੰਘ ਮੰਨੀ ਹੈ। ਇਸ ਤਰ੍ਹਾਂ ਪ੍ਰੇਮ ਵਿਚ ਅੰਨ੍ਹੀ ਹੋਈ ਭੈਣ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਭਰਾ ਦੀ ਜਾਇਦਾਦ ਹੜਪਣ ਅਤੇ ਵਿਆਹ ਕਰਵਾਉਣ ਲਈ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਮਿਤੀ 10 ਜੁਲਾਈ ਨੂੰ ਸਤਨਾਮ ਸਿੰਘ ਆਪਣੇ ਦੋਸਤ ਜਸਵੀਰ ਸਿੰਘ ਉਰਫ ਜਸੀ ਦੀ ਸਹਾਇਤਾ ਨਾਲ ਆਪਣੇ ਇਕ ਹੋਰ ਮਿਤਰ ਸੁਖਦੇਵ ਸਿੰਘ ਪਾਸੋਂ ਉਸ ਦਾ ਲਾਇਸੰਸੀ ਰਿਵਾਲਵਰ 32 ਬੋਰ ਮੰਗ ਕੇ ਅਤੇ ਦੂਸਰੇ ਮਿਤਰ ਜਸ਼ਨਪ੍ਰੀਤ ਕੋਲੋਂ ਉਸ ਦਾ ਪਲਸਰ ਮੋਟਰਸਾਈਕਲ ਮੰਗ ਕੇ ਰਾਤ ਨੌਂ ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ,ਜਿਨ੍ਹਾਂ ਵਿਚੋਂ ਪੁਲਿਸ ਨੇ ਦੋਸ਼ੀ ਸਤਨਾਮ ਸਿੰਘ ਨੂੰ ਮਿਤੀ 13 ਜੁਲਾਈ ਨੂੰ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਮੰਡਾਲੀ ਫਗਵਾੜਾ ਤੋਂ ਗ੍ਰਿਫਤਾਰ ਕੀਤਾ 32 ਬੋਰ ਰਿਵਾਲਵਰ ਸਮੇਤ 7 ਜਿੰਦਾ ਰੌਂਦ ਅਤੇ ਮੋਟਰਸਾਈਕਲ ਪਲਸਰ ਬਰਾਮਦ ਕੀਤਾ, ਦੂਸਰੇ ਦੋਸ਼ੀ ਜਸਵੀਰ ਸਿੰਘ ਉਰਫ ਜਸੀ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਕਾਬੂ ਕੀਤਾ। ਜਸਵੀਰ ਸਿੰਘ ਵਲੋਂ ਵਰਤਿਆ ਗਿਆ ਰਿਵਾਲਵਰ ਅਤੇ ਪਲਸਰ ਮੋਟਰਸਾਈਕਲ ਜੋ ਕਿ ਉਹ ਆਪਣੇ ਦੋਸਤ ਕੋਲੋ ਲੈ ਕੇ ਆਏ ਸਨ। ਪੁਲਸ ਨੇ 3 ਮੁਲਜਮਾਂ ਸਮੇਤ 1 ਦੋਸ਼ਣ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਜਿਹਨਾਂ ਦੀ ਪਹਿਚਾਣ ਸੁਖਦੇਵ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜਿਲ੍ਹਾ ਅੰਮ੍ਰਿਤਸਰ, (ਲਾਇਸੈਂਸੀ ਅਸਲੇ ਦਾ ਮਾਲਕ) ਸਤਨਾਮ ਸਿੰਘ ਪੁਤਰ ਜੋਗਾ ਸਿੰਘ ਵਾਸੀ ਜਿਲ੍ਹਾ ਗੁਰਦਾਸਪੁਰ,(ਮੁਖ ਦੋਸ਼ੀ) ਜਸਵੀਰ ਸਿੰਘ ਜਸੀ ਪੁਤਰ ਸੰਤ ਸਿੰਘ ਵਾਸੀ ਮਹਿਤਾ ਅੰਮ੍ਰਿਤਸਰ,(ਮੋਟਰਸਾਈਕਲ ਚਾਲਕ) ਐਨੀਪ੍ਰੀਤ ਕੌਰ ਪੁਤਰੀ ਨਰੰਗ ਸਿੰਘ (ਮੁਖ ਦੋਸ਼ਣ) ਅਤੇ ਜਸ਼ਨਜੋਤ ਸਿੰਘ ਪੁਤਰ ਰਣਜੀਤ ਸਿੰਘ ਵਾਸੀ ਜਿਲ੍ਹਾ ਗੁਰਦਾਸਪੁਰ( ਮੋਟਰਸਾਈਕਲ ਮਾਲਕ) ਵਜੋਂ ਹੋਈ ਹੈ। ਜਿਨ੍ਹਾਂ ਵਿਚੋਂ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਬਾਕੀ ਹੈ। ਜਿਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।