April 22, 2026 2:00 pm

ਨੈਣਾ ਦੇਵੀ ਵਿਖੇ ਪੰਜਾਬ ਪੁਲਿਸ ਮੁਕਾਬਲੇ ’ਚ ਗੈਂਗਸਟਰ ਹਲਾਕ

ਪਰਿਵਾਰ ਸਦਮੇ ’ਚ, ਪੁਲਿਸ ’ਤੇ ਝੂਠਾ ਮੁਕਾਬਲਾ ਬਣਾ ਕੇ ਮਾਰਨ ਦੇ ਦੋਸ਼ ਲਾਏ

ਮੋਹਾਲੀ, 14 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸਥਿਤ ਸ੍ਰੀ ਨੈਣਾ ਦੇਵੀ ਮੰਦਰ ਨੇੜੇ ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ’ਚ ਗੈਂਗਸਟਰ ਸਨੀ ਮਸੀਹ ਮਾਰਿਆ ਗਿਆ, ਜਦਕਿ ਉਸ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਇਕ ਭਜਣ ਵਿਚ ਕਾਮਯਾਬ ਰਿਹਾ ਹੈ।ਇਸ ਮੁਕਾਬਲੇ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ।ਇਹ ਘਟਨਾ ਸਵੇਰੇ ਤੜਕੇ ਤਿੰਨ ਵਜੇ ਉਸ ਸਮੇਂ ਘਟੀ ਜਦੋਂ ਗੈਂਗਸਟਰ ਮੁਹਾਲੀ ਤੋਂ ਇਕ ਵਰਨਾ ਗਡੀ ਖੋਹ ਕੇ ਨੈਣਾ ਦੇਵੀ ਆ ਪੁਜੇ। ਇਨ੍ਹਾਂ ਖ਼ਿਲਾਫ਼ ਸੋਹਾਣਾ ਥਾਣੇ ਵਿਚ ਆਰਮਜ਼ ਐਕਟ ਦੇ ਅਧੀਨ ਸਨੈਚਿੰਗ ਅਤੇ ਜਾਨ ਤੋਂ ਮਾਰਨ ਦੇ ਕੇਸ ਦਰਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਨੇ ਪਹਿਲੇ ਖਰੜ ਦੇ ਕੋਲ ਸੋਹਾਣਾ ਤੋਂ ਇਕ ਵਿਅਕਤੀ ਤੋਂ ਵਰਨਾ ਗਡੀ ਖੋਹੀ ਅਤੇ ਬਾਅਦ ਵਿਚ ਉਸ ਨੂੰ ਗੋਲੀ ਮਾਰ ਦਿਤੀ ਅਤੇ ਨੈਣਾ ਦੇਵੀ ਵਲ ਨੂੰ ਭਜ ਗਏ। ਪਤਾ ਚਲਿਆ ਕਿ ਇਨ੍ਹਾਂ ਦੇ ਨਾਲ ਹੋਰ ਦੋ ਜਾਂ ਤਿੰਨ ਬਦਮਾਸ਼ ਵੀ ਸਨ ਜੋ ਕਿ ਕਿਸੇ ਹੋਰ ਗਡੀ ਵਿਚ ਸੀ ਜੋ ਕਿ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਪੰਜਾਬ ਤੋਂ ਹੀ ਫਰਾਰ ਹੋ ਗਏ।ਇਸ ਤੋਂ ਬਾਅਦ ਉਨ੍ਹਾਂ ਨੇ ਨੈਣਾ ਦੇਵੀ ਬਸ ਅਡੇ ਦੇ ਕੋਲ ਇਕ ਨਿਜੀ ਹੋਟਲ ਦੇ ਬਾਹਰ ਖਾਣਾ ਖਾਧਾ ਉਸੇ ਸਮੇਂ ਪੰਜਾਬ ਪੁਲੀਸ ਦੇ ਡੀਐਸਪੀ ਰਮਨਦੀਪ ਵੀ ਦਲ ਬਲ ਦੇ ਨਾਲ ਉਥੇ ਆ ਪਹੁੰਚੇ ਅਤੇ ਇਸ ਤੋਂ ਪਹਿਲਾਂ ਇਕ ਗੈਂਗਸਟਰ ਨੇ ਡੀਐਸਪੀ ਨੂੰ ਗੋਲੀ ਮਾਰ ਦਿਤੀ ਅਤੇ ਗੋਲੀ ਡੀਐਸਪੀ ਦੇ ਕੋਲੋਂ ਦੀ ਗੁਜ਼ਰ ਗਈ ਤੇ ਪੁਲਿਸ ਨੇ ਜਵਾਬੀ ਕਾਰਵਾਈ ’ਚ ਗੈਂਗਸਟਰ ਸਨੀ ਮਸੀਹ ਢੇਰ ਕਰ ਦਿਤਾ।ਅਮਨਪ੍ਰੀਤ ਨਿਵਾਸੀ ਚਮਕੌਰ ਸਾਹਿਬ (ਰੂਪਨਗਰ) ਅਤੇ ਗੋਲਡੀ ਮਸੀਹ ਨਿਵਾਸੀ ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕਰ ਲਿਆ ਗਿਆ।ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ਸੰਨੀ ਮਸੀਹ ਗੁਰਦਾਸਪੁਰ ਜ਼ਿਲੇ ਦੇ ਥਾਣਾ ਕਲਾਨੌਰ ‘ਚ ਪੈਂਦੇ ਪਿੰਡ ਧਿਦੋਵਾਲ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਰਿਵਾਰ ਤਕ ਪੁਜੀ ਤਾਂ ਪਰਿਵਾਰ ’ਚ ਮਾਤਮ ਛਾ ਗਿਆ। ਪਰਿਵਾਰ ਵਾਲਿਆਂ ਨੇ ਪੁਲਸ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਨੀ ’ਤੇ ਕੋਈ ਵੀ ਕੇਸ ਪੂਰੇ ਪੰਜਾਬ ’ਚ ਦਰਜ ਨਹੀਂ ਹੈ, ਫਿਰ ਵੀ ਪੁਲਿਸ ਉਸ ਨੂੰ ਗੈਂਗਸਟਰਾਂ ਦਾ ਸਾਥੀ ਦਸ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਪੁਖਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ।ਦਸਣਯੋਗ ਹੈ ਕਿ ਪਿੰਡ ਧਿਦੋਵਾਲ ਦਾ ਸਰਪੰਚ ਯੂਨੀਸ ਮਸੀਹ ਸੰਨੀ ਦਾ ਚਾਚਾ ਹੈ। ਯੂਨੀਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਦਾ ਸਰਪੰਚ ਚਲਿਆ ਆ ਰਿਹਾ ਹੈ। ਇਸ ਮੌਕੇ ਮ੍ਰਿਤਕ ਸੰਨੀ ਦੇ ਚਾਚਾ ਨੇ ਦਸਿਆ ਕਿ ਇਸੇ ਮਹੀਨੇ 11 ਤਾਰੀਕ ਨੂੰ ਸੰਨੀ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੂੰ ਕਿਸੇ ਕੰਪਨੀ ‘ਚ ਟੋਲ ਪਲਾਜ਼ਾ ‘ਤੇ ਨੌਕਰੀ ਮਿਲੀ ਹੈ ਪਰ ਅਜ ਜਦੋਂ ਪੁਲਿਸ ਨੇ ਉਸ ਦੇ ਮੁਕਾਬਲੇ ਦੌਰਾਨ ਮਾਰੇ ਜਾਣ ਬਾਰੇ ਦਸਿਆ ਤਾਂ ਇਸ ਖਬਰ ਨੂੰ ਸੁਣ ਸਾਰਾ ਪਰਿਵਾਰ ਸਦਮੇ ‘ਚ ਆ ਗਿਆ।

Send this to a friend