ਭਾਰਤ ਵਿੱਚ ਜਦੋਂ ਵੀ ਬੈਡਮਿੰਟਨ ਬਾਰੇ ਜ਼ਿਕਰ ਹੋਵੇਗਾ ਤਾਂ ਸਭ ਤੋਂ ਪਹਿਲਾਂ ਨਾਮ ਜੋ ਬੜੇ ਫ਼ਕਰ ਨਾਲ ਲਿਆ ਜਾਵੇਗਾ ਉਹ ਹੈ ਪੁਸਰਲਾ ਵੇਂਕਟ ਸਿੰਧੂ।ਜਿਸ ਨੇ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ।ਭਾਰਤੀ ਖਿਡਾਰੀਆਂ ਲਈ ਬਾ ਕਮਾਲ ਮਿਸਾਲ ਬਣ ਉਭਰੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿਖੇ ਹੋਇਆ ।ਪੀ ਵੀ ਸਿੰਧੂ ਦੀ ਰੁਚੀ ਖੇਡਾਂ ਵਿੱਚ ਹੋਣ ਦਾ ਮੁੱਖ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਹਨ। ਜੋ ਆਪ ਵਾਲੀਬਾਲ ਦੇ ਰਾਸ਼ਟਰੀ ਪੱਧਰ ਖਿਡਾਰੀ ਸਨ। ਪੀ ਵੀ ਸਿੰਧੂ ਦੇ ਪਿਤਾ ਪੀ.ਵੀ ਰਮਾਣਾ ਜੋ 1986 ਸਿਉਲ ਏਸ਼ੀਅਨ ਗੇਮਜ਼ ਵਿੱਚ ਭਾਰਤੀ ਵਾਲੀਬਾਲ ਟੀਮ ਵਿੱਚ ਸਨ ।ਜਿਨ੍ਹਾਂ ਨੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਤੇ ਬਾਅਦ ਵਿੱਚ ਅਰਜੁਨ ਐਵਾਰਡ ਦੇ ਕੇ ਰਾਸ਼ਟਰੀ ਸਨਮਾਨ ਕੀਤਾ ਗਿਆ ।ਸਿਰਫ 6 ਸਾਲ ਦੀ ਉਮਰ ਵਿੱਚ ਹੀ ਪੀ.ਵੀ.ਸਿੰਧੂ ਨੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਬੈਡਮਿੰਟਨ ਵਿੱਚ ਰੁਚੀ ਵਧਦੀ ਗਈ ਤੇ ਫਿਰ 8 ਸਾਲ ਦੀ ਉਮਰ ਵਿੱਚ ਬੈਡਮਿੰਟਨ ਵਿੱਚ ਹੀ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖਿਆ।ਹੌਰਨਾਂ ਖਿਡਾਰੀਆਂ ਵਾਂਗ ਪੀ.ਵੀ. ਸਿੰਧੂ ਦਾ ਓਲੰਪਿਕ ਤੱਕ ਦਾ ਸਫਰ ਆਸਾਨ ਨਹੀਂ ਸੀ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਹਰ ਰੋਜ਼ ਟ੍ਰੇਨਿੰਗ ਲਈ 56 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ।ਅਜਿਹੀਆਂ ਕਈ ਮੁਸ਼ਕਲਾਂ ਦੇ ਬਾਵਜੂਦ ਪੀ.ਵੀ.ਸਿੰਧੂ ਦਾ ਹੌਸਲਾ ਬੂਲੰਦ ਰਿਹਾ ਤੇ ਖੇਡ ਪ੍ਰਤੀ ਰੁਚੀ ਹੋਰ ਵਧਦੀ ਗਈ।ਸ਼ੁਰੂਆਤ ਵਿੱਚ ਪੀ.ਵੀ.ਸਿੰਧੂ ਨੇ ਟ੍ਰੇਨਿੰਗ ਕੋਚ ਮਹਿਬੂਬ ਅਲੀ ਸਿਕੰਦਰਾਬਾਦ ਤੋਂ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਕੋਚ ਪੁਲੇਲਾ ਗੋਪੀਚੰਦ ਜੋ ਖੁਦ ਬੈਡਮਿੰਟਨ ਦੇ ਬਹੁਤ ਸ਼ਾਨਦਾਰ ਖਿਡਾਰੀ ਰਹੇ ਉਨ੍ਹਾਂ ਦੀ ਅਕੈਡਮੀ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਟਰੇਨਿੰਗ ਕਰਨੀ ਸ਼ੁਰੂ ਕੀਤੀ।ਪੀ.ਵੀ.ਸਿੰਧੂ ਨੇ ਬੈਡਮਿੰਟਨ ਵਿੱਚ ਆਪਣੀ ਵੱਖਰੀ ਪਹਿਚਾਣ ਰਾਸ਼ਟਰੀ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ 2009 ਵਿੱਚ ਹੋਈ ਸਬ-ਜੂਨੀਅਰ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਬਣਾਈ। ਅਗਲੇ ਹੀ ਸਾਲ 2010 ਵਿੱਚ ਇਰਾਨ ਫੇਜ਼ਰ ਅੰਤਰਰਾਸ਼ਟਰੀ ਬੈਡਮਿੰਟਨ ਚੈਲੇਂਜ ਵਿੱਚ ਸਿਲਵਰ ਮੈਡਲ ਜਿੱਤਿਆ। ਪੀ.ਵੀ.ਸਿੰਧੂ ਵਿੱਚ ਇਕ ਮਹਾਨ ਖਿਡਾਰੀ ਹੋਣ ਦੀ ਝਲਕ ਉਦੋਂ ਦਿਖੀ ਜਦੋਂ 2012 ਵਿੱਚ ਲੀਨਿੰਗ ਚਾਈਨਾ ਮਾਸਟਰ ਸੁਪਰ ਸੀਰੀਜ਼ ਟੂਰਨਾਮੈਂਟ ਵਿੱਚ ਚਾਈਨਾ ਦੀ ਹੀ ਲੀ ਜ਼ੂਰਈ ਜੋ ਕੇ 2012 ਲੰਡਨ ਓਲੰਪਿਕ ਵਿੱਚ ਗੋਲਡ ਮੈਡਲਿਸਟ ਰਹੀ ਨੂੰ 21-19, 9-21, 21-16 ਅੰਕਾਂ ਨਾਲ ਹਰਾਇਆ ।ਸਿੰਧੂ ਨੇ 2013 ਅਤੇ 2014 ਦੀਆਂ ਵਰਲਡ ਚੈਂਪੀਅਨਸ਼ਿਪਸ ਮਹਿਲਾ ਸਿੰਗਲਜ਼ ਵਿੱਚ ਕਾਂਸੇ ਦਾ ਮੈਡਲ ਜਿੱਤਿਆ।2017 ਦੀਆਂ ਵਰਲਡ ਚੈਂਪੀਅਨਸ਼ਿਪਸ ਜੋ ਕਿ ਗਲਾਸਗੋ ਵਿਖੇ ਹੋਈਆਂ ਭਾਰਤ ਦੀ ਝੋਲੀ ਚਾਂਦੀ ਦਾ ਮੈਡਲ ਪਾਇਆ।ਪੀ.ਵੀ ਸਿੰਧੂ ਸਾਲ 2016 ਦੀਆਂ ਰੀਓ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਈਵੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਭਾਰਤੀ ਬੈਡਮਿੰਟਨ ਖਿਡਾਰਨ ਬਣੀ। ਪਰ ਇਹ ਫਾਈਨਲ ਪੀ ਵੀ ਸਿੰਧੂ ਸਪੇਨ ਦੀ ਕੈਰੋਲੀਨਾ ਮੈਰਿਨ ਤੋਂ 19-21, 21-12, 21-15 ਅੰਕਾਂ ਨਾਲ ਹਾਰ ਗਈ,ਪਰ ਹਾਰਨ ਦੇ ਬਾਵਜੂਦ ਵੀ ਪੀ.ਵੀ ਸਿੰਧੂ ਨੇ ਕਰੋੜਾਂ ਭਾਰਤੀਆਂ ਦਾ ਸਿਰ ਫ਼ਕਰ ਨਾਲ ਉਚਾ ਕੀਤਾ।ਪੀ.ਵੀ. ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਜਿਸ ਨੇ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ।ਅਗਰ ਗੱਲ ਖੇਡ ਸਨਮਾਨਾਂ ਦੀ ਕਰੀਏ ਤਾਂ ਪੀ.ਵੀ.ਸਿੰਧੂ ਨੂੰ ਭਾਰਤ ਦਾ ਖੇਡਾਂ ਵਿੱਚ ਸਭ ਤੋਂ ਉਚਾ ਐਵਾਰਡ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਸਾਲ 2015 ਵਿੱਚ ਸਿਰਫ਼ 20 ਸਾਲ ਦੀ ਛੋਟੀ ਉਮਰ ਵਿੱਚ ਹਾਸਿਲ ਕੀਤਾ।ਜੋ ਖੁਦ ਵਿੱਚ ਇੱਕ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ।ਸਾਲ 2015 ਵਿੱਚ ਹੀ ਪੀ.ਵੀ.ਸਿੰਧੂ ਘੱਟ ਉਮਰ ਵਿੱਚ ਪਦਮਸ਼੍ਰੀ ਐਵਾਰਡ ਹਾਸਿਲ ਕਰਨ ਵਾਲੀ ਇਕਲੌਤੀ ਬੈਡਮਿੰਟਨ ਖਿਡਾਰਨ ਬਣੀ।ਪੀ.ਵੀ. ਸਿੰਧੂ ਨੂੰ 2013 ਵਿੱਚ ਅਰਜੁਨ ਐਵਾਰਡ ਤੇ 2014 ਵਿੱਚ ਐਫ.ਆਈ. .ਸੀ.ਸੀ.ਆਈ. ਸਪੋਰਟਸ ਪਰਸਨ ਆਫ਼ ਦਾ ਯੀਅਰ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਵੀ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਨੇ ਸਿੰਧੂ ਨੂੰ ਸਨਮਾਨਿਤ ਕੀਤਾ।ਭਾਰਤੀ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਦੀ ਦੇ ਮਹਾਨਾਇਕ ਸਚਿਨ ਤੇਂਦੁਲਕਰ ਨੇ 2016 ਰੀਓ ਓਲੰਪਿਕ ਵਿੱਚ ਚਾਂਦੀ ਦਾ ਮੈਡਲ ਜਿੱਤਣ ਤੋਂ ਬਾਅਦ ਬੀ.ਐਮ.ਡਬਲਿੳ.ੂ ਗੱਡੀ ਦਾ ਤੋਹਫਾ ਦਿੱਤਾ। ਭਾਰਤੀ ਪੈਟਰੋਲੀਅਮ ਨੇ 2013 ਵਿੱਚ ਹੈਦਰਾਬਾਦ ਵਿੱਚ ਸਿੰਧੂ ਨੂੰ ਅਸਿਸਟੈਂਟ ਸਪੋਰਟਸ ਮੈਨੇਜਰ ਦੀ ਨੌਕਰੀ ਦਿੱਤੀ ਤੇ ਬਾਅਦ ਵਿੱਚ 2016 ਦੀਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਣ ਤੋਂ ਬਾਅਦ ਪ੍ਰਮੋਟ ਕਰਕੇ ਸਪੋਰਟਸ ਮੈਨੇਜਰ ਬਣਾਇਆ ।ਆਂਧਰਾ ਪ੍ਰਦੇਸ਼ ਸਰਕਾਰ ਨੇ ਸਿੰਧੂ ਦੀਆਂ ਖੇਡਾਂ ਵਿੱਚ ਪ੍ਰਾਪਤੀਆ ਨੂੰ ਦੇਖਦੇ ਹੋਏ ਡਿਪਟੀ ਕੁਲੈਕਟਰ ਦੇ ਅਹੁਦੇ ਨਾਲ ਨਿਵਾਜਿਆ। ਪੀ.ਵੀ.ਸਿੰਧੂ ਹੋਰਨਾਂ ਖਿਡਾਰੀਆਂ ਲਈ ਮਿਸਾਲ ਹੈ ਜਿਸ ਨੇ ਇੰਨੀ ਛੋਟੀ ਉਮਰੇ ਓਲੰਪਿਕ ਪੋਡੀਅਮ ਤੱਕ ਦਾ ਸਫਰ ਤੈਅ ਕੀਤਾ।ਪੀ.ਵੀ.ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਜਿਸ ਨੇ ਓਲੰਪਿਕ ਦੇ ਫਾਈਨਲ ਤੱਕ ਦਾ ਸਫ਼ਰ ਪੂਰਾ ਕੀਤਾ।ਬੈਡਮਿੰਟਨ ਵਰਲਡ ਚੈਂਪੀਅਨਸ਼ਿਪਸ ਵਿੱਚ ਭਾਰਤ ਨੂੰ ਮੈਡਲ ਦਿਵਾਉਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ।ਸਿਰਫ 17 ਸਾਲ ਦੀ ਉਮਰ ਵਿੱਚ ਹੀ ਪੀ. ਵੀ. ਸਿੰਧੂ ਦੁਨੀਆ ਦੇ ਟਾਪ 20 ਖਿਡਾਰੀਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇੰਨ੍ਹੀ ਪ੍ਰਤਿਸ਼ਠਾ ਹੋਣ ਦੇ ਬਾਵਜੂਦ ਵੀ ਪੀ.ਵੀ.ਸਿੰਧੂ ਦੀ ਮਿਹਨਤ ਜਾਰੀ ਹੈ ਤੇ ਜੋ ਸੁਪਨਾ ਛੋਟੀ ਉਮਰੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਦੇਖਿਆ ਸੀ, ਉਸੇ ਲਈ ਸੰਘਰਸ਼ ਜਾਰੀ ਹੈ।ਪੀ.ਵੀ.ਸਿੰਧੂ ਦੀ ਮੌਜੂਦਾ ਸਮੇਂ ਦੌਰਾਨ ਵਰਲਡ ਰੈਂਕਿੰਗ ਨੰਬਰ 3 ਹੈ ਜੋ ਕਿ ਸਾਲ 2017 ਵਿੱਚ ਨੰਬਰ 2 ਸੀ।ਅਖੀਰ ਮੈਂ ਬਹੁਤ ਹੀ ਖੂਬਸੂਰਤ ਸਤਰਾਂ ਨਾਲ ਕਰਾਂਗਾ ਅਗਰ ਨਿਗਾਹਾਂ ਵਿੱਚ ਮੰਜ਼ਿਲ ਤੇ ਹੰੌਸਲੇ ਬੁਲੰਦ ਹੋਣ ਤੁਹਾਡੀ ਜਿੱਤ ਯਕੀਨੀ ਹੈ।
ਬੈਡਮਿੰਟਨ ਦੀ ਦੁਨੀਆਂ ’ਚ ਸਿਤਾਰਾ ਬਣ ਚਮਕੀ :ਪੁਸਰਲਾ ਵੇਂਕਟ ਸਿੰਧੂ



