ਕ੍ਰਿਕਟ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵੀ ਇਕ ਮਿਸਾਲ ਬਣਦੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਇਕ ਵੱਡੀ ਪਹਿਲਕਦਮੀ ਲੈਂਦੇ ਹੋਏ ਆਪਣੇ ਅਧੀਨ ਸਥਾਨਕ ਸਰਕਾਰਾਂ ਅਤੇ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਾਰਾ ਦਫਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨ ਦੇ ਆਦੇਸ਼ ਦਿੱਤੇ ਹਨ। ਦੋਵੇਂ ਵਿਭਾਗਾਂ ਨਾਲ ਸਬੰਧਤ ਹਰ ਸਾਈਨ ਬੋਰਡ ’ਤੇ ਵੀ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਸਖਤ ਵਿਭਾਗੀ ਕਾਰਵਾਈ ਹੋਵੇਗੀ। ਪਿਛਲੇ ਦਿਨੀਂ ਸ. ਸਿੱਧੂ ਨੇ ਇਕ ਜਨਤਕ ਇਕੱਠ ਵਿੱਚ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਦੋਵੇਂ ਵਿਭਾਗਾਂ ਦਾ ਕੰਮਕਾਜ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਹੋਵੇਗਾ। ਇਸ ਵਾਅਦੇ ਨੂੰ ਇਨ-ਬਿਨ ਪੂਰਾ ਕਰਦੇ ਹੋਏ ਉਨ੍ਹਾਂ ਨੇ ਮੰਗਲਵਾਰ ਨੂੰ ਦੋਵੇਂ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਲਾਜ਼ਮੀ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਹਨ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਵੱਡਾ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਿਆਸੀ ਨੇਤਾ ਜਾਂ ਮੰਤਰੀ ਨੇ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਿਆ। ਸ. ਸਿੱਧੂ ਨੇ ਪੰਜਾਬ ਸਰਕਾਰ ਦੇ ਦੋ ਵਿਭਾਗਾਂ ਵਿੱਚ ਸਮੁੱਚਾ ਕੰਮਕਾਜ ਪੰਜਾਬੀ ਵਿੱਚ ਕਰਨ ਦੇ ਆਦੇਸ਼ ਦੇ ਕੇ ਇਕ ਨਵੀਂ ਪਿਰਤ ਤੌਰ ਦਿੱਤੀ ਹੈ। ਉਨ੍ਹਾਂ ਦੇ ਇਸ ਫੈਸਲੇ ਦਾ ਦੂਸਰੇ ਵਿਭਾਗਾਂ ਅਤੇ ਮੰਤਰੀਆਂ ਉਪਰ ਵੀ ਅਸਰ ਪਵੇਗਾ। ਲਾਜ਼ਮੀ ਤੌਰ ’ਤੇ ਇਸ ਨਾਲ ਸਰਕਾਰੀ ਦਫਤਰਾਂ ਵਿੱਚ ਸਮੁੱਚਾ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਪਿਰਤ ਹੋਰ ਮਜ਼ਬੂਤ ਹੋਵੇਗੀ। ਸ. ਸਿੱਧੂ ਪੰਜਾਬ ਅਤੇ ਪੰਜਾਬੀ ਦੇ ਸੱਚੇ ਸਪੂਤ ਹਨ। ਉਨ੍ਹਾਂ ਵੱਲੋਂ ਮੰਤਰੀ ਦੇ ਤੌਰ ’ਤੇ ਕੀਤੇ ਜਾ ਰਹੇ ਵਿਲੱਖਣ ਕਾਰਜ ਬਹੁਤ ਮਿਸਾਲੀ ਹਨ। ਪਹਿਲਾਂ ਉਨ੍ਹਾਂ ਨੇ ਆਪਣੇ ਅਧੀਨ ਵਿਭਾਗਾਂ ’ਚ ਭ੍ਰਿਸ਼ਟਾਚਾਰ ਖਿਲਾਫ਼ ਸਖਤ ਕਾਰਵਾਈ ਕਰਕੇ ਪੰਜਾਬੀਆਂ ਦੇ ਮਨ ਜਿੱਤ ਲਏ ਹਨ। ਹੁਣ ਉਹ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਝੰਡਾ ਬਰਦਾਰ ਬਣ ਗਏ ਹਨ। ਸ. ਸਿੱਧੂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਜਾਗ ਰਹੀਆਂ ਹਨ। ਦਹਾਕਿਆਂ ਤੋਂ ਅਣਗੌਲੀ ਪੰਜਾਬੀ ਨੂੰ ਸਰਕਾਰੀ ਦਫਤਰਾਂ ਵਿੱਚ ਸਤਿਕਾਰ ਦੇਣ ਲਈ ਸ. ਸਿੱਧੂ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ। ਸ. ਸਿੱਧੂ ਦੀ ਅਗਵਾਈ ਹੇਠਲੇ ਦੋਵੇਂ ਵਿਭਾਗ ਸਿੱਧੇ ਤੌਰ ’ਤੇ ਲੋਕਾਂ ਦੇ ਕੰਮਕਾਜ ਨਾਲ ਜੁੜੇ ਹੋਏ ਹਨ। ਇਸ ਨਾਲ ਆਮ ਲੋਕਾਂ ਨੂੰ ਭਾਰੀ ਰਾਹਤ ਅਤੇ ਲਾਭ ਮਿਲਣ ਦੀ ਸੰਭਾਵਨਾ ਹੈ। ਚੰਗਾ ਹੋਵੇਗਾ ਜੇਕਰ ਸ. ਸਿੱਧੂ ਆਪਣੇ ਦੋਵੇਂ ਵਿਭਾਗਾਂ ਵਿੱਚ ਪੰਜਾਬੀ ਲਾਗੂ ਕਰਨ ਦੇ ਕਾਰਜ ਦੀ ਨਿਗਰਾਨੀ ਲਈ ਗੈਰ ਸਰਕਾਰੀ ਸਖਸ਼ੀਅਤਾਂ ’ਤੇ ਅਧਾਰਿਤ ਇਕ ਪੈਨਲ ਬਣਾਉਣ। ਪੰਜਾਬੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਇਸ ਪੈਨਲ ਨੂੰ ਵਿਸ਼ੇਸ਼ ਅਖਤਿਆਰ ਦਿੱਤੇ ਜਾਣ। ਪੰਜਾਬੀ ਮਾਂ ਬੋਲੀ ਸਾਡੀ ਪਹਿਚਾਣ ਹੈ। ਕਾਨੂੰਨੀ ਤੌਰ ’ਤੇ ਵੀ ਪੰਜਾਬੀ ਨੂੰ ਦਫ਼ਤਰਾਂ ਵਿੱਚ ਲਾਗੂ ਕਰਨਾ ਪੰਜਾਬੀਆਂ ਦਾ ਅਧਿਕਾਰ ਹੈ। ਜੇਕਰ ਪੰਜਾਬੀ ਨਹੀਂ ਰਹਿੰਦੀ ਤਾਂ ਪੰਜਾਬ ਵੀ ਨਹੀਂ ਰਹੇਗਾ। ਪੰਜਾਬੀ ਮਾਂ ਬੋਲੀ ਦੇ ਰੁਤਬੇ ਨੂੰ ਬਹਾਲ ਕਰਨਾ ਅਤੇ ਇਸ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਇਸ ਫਰਜ਼ ਨੂੰ ਨਿਭਾਉਣ ਵਿੱਚ ਸ. ਸਿੱਧੂ ਮੋਹਰੀ ਬਣ ਗਏ ਹਨ।
5 ਜੁਲਾਈ 2018 – ਬਲਜੀਤ ਸਿੰਘ ਬਰਾੜ



