ਤਲਵੰਡੀ ਸਾਬੋ, 2 ਜੁਲਾਈ (ਰਾਮ ਰੇਸ਼ਮ ਸ਼ਰਨ)- ਬੀਤੀ 23-24 ਜੂਨ ਦੀ ਦਰਮਿਆਨੀ ਰਾਤ ਨੂੰ ਇਲਾਕੇ ਅੰਦਰ ਸਥਿੱਤ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਗੁਰੁੂ ਗੋਬਿੰਦ ਸਿੰਘ ਰਿਫਾਇੰਨਰੀ ਵਿੱਚੋਂ ਜਾਅਲੀ ਨੰਬਰ ਲਗਾ ਕੇ ਪਲਾਸਟਿਕ ਦਾਣਾ ਭਰਨ ਵਿੱਚ ਕਾਮਯਾਬ ਹੋਣ ਉਪਰੰਤ ਟਰਾਲੇ (ਘੋੜੇ) ਨੂੰ ਚੋਰੀ ਕਰਕੇ ਲੈ ਜਾਣ ਵਾਲਿਆਂ ਦਾ ਖੁਰਾਖੋਜ ਆਖਿਰ ਪੁਲਿਸ ਨੇ ਕਰੜੀ ਮਿਹਨਤ ਤੋਂ ਬਾਅਦ ਲੱਭਣ ਵਿੱਚ ਸਫਲਤਾ ਹਾਸਿਲ ਕਰ ਲਈ ਤੇ ਉਕਤ ਮਾਮਲੇ ਦੇ ਕਥਿਤ ਦੋਸ਼ੀ ਦੋ ਵਿਅਕਤੀਆਂ ਤੇ ਦੋ ਟਰਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਅੱਜ ਡੀ.ਐਸ.ਪੀ ਤਲਵੰਡੀ ਸਾਬੋ ਸ੍ਰ.ਬਰਿੰਦਰ ਸਿੰਘ ਗਿੱਲ ਨੇ ਆਪਣੇ ਦਫਤਰ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਚੋਰੀ ਕੀਤੇ ਗਏ ਟਰਾਲੇ ਤੇ ਜਾਅਲੀ ਨੰਬਰ ਆਰ.ਜੇ 13 ਜੀ.ਬੀ. 2630 ਲਗਾਇਆ ਹੋਇਆ ਸੀ ਤੇ ਟਰਾਲੇ ਦਾ ਡਰਾਇਵਰ ਮਿਲੀਭੁਗਤ ਨਾਲ ਰਿਫਾਇੰਨਰੀ ਵਿੱਚੋਂ ਪਲਾਸਟਿਕ ਦਾਣੇ ਸਮੇਤ ਉਕਤ ਟਰਾਲਾ ਚੋਰੀ ਕਰਨ ਵਿੱਚ ਸਫਲ ਹੋ ਗਿਆ।ਜਿਸ ਸਬੰਧੀ ਸਤਰਪਾਲ ਸਿੰਘ ਪੁੱਤਰ ਹਰੀ ਸਿੰਘ ਜੋਧਪੁਰ (ਰਾਜਸਥਾਨ) ਦੇ ਬਿਆਨ ਤੇ 25 ਜੂਨ ਨੂੰ ਮੁਕੱਦਮਾ ਨੰ: 149 ਥਾਣਾ ਰਾਮਾਂ ਮੰਡੀ ਵਿੱਚ ਦਰਜ ਕੀਤਾ ਗਿਆ ਸੀ ਅਤੇ ਦੀਨ ਦਿਆਲ ਉਰਫ ਦਿਨੇਸ਼ ਪੁੱਤਰ ਬਖਤਾਰਾਮ ਵਾਸੀ ਵੀਆਤਰਾ ਤਹਿ:ਕੁਲੈਤ ਜਿਲ੍ਹਾ ਬੀਕਾਨੇਰ ਦੇ ਬਿਆਨ ਤੇ ਦੋਸ਼ੀਆਨ ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਗਾ ਖੁਰਦ (ਚੱਕ ਘੁਬਾਈ) ਥਾਣਾ ਮਮਦੋਟ ਅਤੇ ਗੁਰਚਰਨ ਸਿੰਘ ਉਰਫ ਬਚਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਥਾਰਾ ਸਿੰਘ ਵਾਲਾ (ਫਿਰੋਜਪੁਰ) ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ ਸੀ।ਡੀ.ਐਸ.ਪੀ ਨੇ ਦੱਸਿਆ ਕਿ ਉਕਤ ਦੋਸ਼ੀਆਨ ਨੂੰ ਫੜਨ ਲਈ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਵੱਲੋਂ ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਚੌਂਕੀ ਫੁੱਲੋਖਾਰੀ ਅਤੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਥਾਣਾ ਰਾਮਾਂ ਦੀ ਅਗਵਾਈ ਵਿੱਚ ਦੋ ਪੁਲਿਸ ਪਾਰਟੀਆਂ ਗਠਿਤ ਕੀਤੀਆਂ ਸਨ ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਸ਼ੀ ਦਲਜੀਤ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀ ਵੱਲੋਂ ਦਿੱਤੀ ਜਾਣਕਾਰੀ ਤੇ ਛਾਪੇਮਾਰੀ ਕਰਕੇ ਗੁਰਚਰਨ ਸਿੰਘ ਨੂੰ ਮੌਕੇ ਤੇ ਚੋਰੀ ਕੀਤੇ ਟਰਾਲਾ ਨੰਬਰ ਪੀ.ਬੀ.05 ਏ.ਬੀ 9464 ਅਤੇ ਇੱਕ ਹੋਰ ਟਰਾਲਾ ਨੰਬਰ ਪੀ.ਬੀ.05 ਡਬਲਿਯੂ 9335 ਨੂੰ ਕਾਬੂ ਕੀਤਾ ਜਿਸ ਵਿੱਚ ਪਹਿਲੇ ਟਰਾਲੇ ਦੇ ਐਕਸੀਡੈਂਟ ਤੋਂ ਬਾਅਦ ਮਾਲ ਪਲਟੀ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਉਕਤ ਦੋਸ਼ੀ ਇਸ ਸ਼ਸੋਪੰਜ ਕਾਰਣ ਹੀ ਫੜੇ ਜਾ ਸਕੇ ਕਿ ਉਨਾਂ ਮਾਲ ਚੋਰੀ ਤਾਂ ਕਰ ਲਿਆ ਪਰ ਉਸਨੂੰ ਵੇਚਣ ਬਾਰੇ ਉਨਾਂ ਨੂੰ ਪਤਾ ਨਹੀ ਸੀ ਇਸਲਈ ਉਹ ਇੰਨੇ ਦਿਨ ਮਾਲ ਨੂੰ ਲੈ ਕੇ ਘੁੰਮਦੇ ਰਹੇ ਤੇ ਆਖਿਰ ਫੜੇ ਗਏ।ਡੀ.ਐਸ.ਪੀ ਗਿੱਲ ਅਨੁਸਾਰ ਫੜੇ ਗਏ ਮਾਲ (1066 ਬੋਰੀ ਪਲਾਸਟਿਕ ਦਾਣਾ) ਸਮੇਤ ਟਰਾਲੇ ਦੀ ਕੀਮਤ 72 ਲੱਖ ਰੁਪਏ ਬਣਦੀ ਹੈ।ਉਨਾਂ ਦੱਸਿਆ ਕਿ ਉਕਤ ਦੋਵਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਪੁੱਛਗਿੱਛ ਵਿੱਚ ਕਈ ਹੋਰ ਖੁਲਾਸੇ ਹੋਣ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ।
ਰਿਫਾਇੰਨਰੀ ਵਿੱਚੋਂ ਪਲਾਸਟਿਕ ਦਾਣੇ ਦਾ ਟਰਾਲਾ ਚੋਰੀ ਕਰਨ ਵਾਲੇ ਦੋਸ਼ੀ ਪੁਲਿਸ ਵੱਲੋਂ ਕਾਬੂ



