Skip to content
Independent perspectives. Global stories.
BREAKING

ਸਿੱਖ ਸੰਸਥਾਵਾਂ ਵੱਲੋਂ ਅਫਗਾਨੀ ਦੂਤਘਰ ਦੇ ਬਾਹਰ ਮੁਜਾਹਰਾ ਕਰਨ ਦਾ ਐਲਾਨ

Share this story

ਨਵੀਂ ਦਿਲੀ, 2 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਸਿਖ ਆਗੂਆਂ ‘ਤੇ ਹੋਏ ਆਤਮਘਾਤੀ ਹਮਲੇ ਨੂੰ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਇਰਤਾ ਅਤੇ ਬਰਬਰਤਾ ਪੂਰਣ ਹਮਲਾ ਦਸਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਬਾਰੇ ਮੁਲਾਕਾਤ ਕਰਨ ਆਏ ਦਿਲੀ ਰਹਿੰਦੇ ਅਫਗਾਨੀ ਮੂਲ ਦੇ ਸਿਖ ਆਗੂਆਂ ਨਾਲ ਗਲਬਾਤ ਕਰਨ ਉਪਰੰਤ ਦਿਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ‘ਤੇ ਮੰਗਲਵਾਰ 3 ਜੁਲਾਈ ਨੂੰ ਅਫਗਾਨੀ ਦੂਤਘਰ ਦੇ ਬਾਹਰ ਮੁਜਾਹਰਾ ਕਰਨ ਦਾ ਐਲਾਨ ਕੀਤਾ। ਇਸਤੋਂ ਪਹਿਲਾ ਘਟਨਾ ਦੇ ਤੁਰੰਤ ਬਾਅਦ ਹਰਕਤ ‘ਚ ਆਏ ਦਿਲੀ ਕਮੇਟੀ ਪ੍ਰਬੰਧਕਾਂ ਨੇ ਕਲ ਰਾਤ ਨੂੰ ਕਮੇਟੀ ਦਫ਼ਤਰ ਵਿਖੇ ਉਕਤ ਆਗੂਆਂ ਨਾਲ ਮੁਲਾਕਾਤ ਦੌਰਾਨ ਇਸ ਮਸਲੇ ‘ਤੇ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨਾਲ ਅਜ ਮੁਲਾਕਾਤ ਕਰਨ ਦੀ ਗਲ ਕਹੀ ਸੀ। ਜੀ.ਕੇ. ਨੇ ਦਸਿਆ ਕਿ ਅਫਗਾਨ ਦੀ ਸਿਆਸੀ ਅਤੇ ਧਾਰਮਿਕ ਸਿਖ ਲੀਡਰਸ਼ਿਪ ਦੇ ਕਤਲੇਆਮ ਨਾਲ ਸਿਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸਦੀ ਭਰਪਾਈ ਬਹੁਤ ਮੁਸ਼ਿਕਲ ਹੈ।ਜੀ.ਕੇ. ਨੇ ਕਿਹਾ ਕਿ ਅਫ਼ਗਾਨਿਸਤਾਨ ਵਿਖੇ ਸਿਖਾਂ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਭਾਰਤ ਵਿਖੇ ਸਿਖ ਪਰਿਵਾਰਾਂ ਦੇ ਮੁੜ੍ਹ ਤੋਂ ਪਲਾਇਨ ਕਰਨ ਦਾ ਖਦਸਾ ਪੈਦਾ ਹੋ ਗਿਆ ਹੈ। ਇਸਤੋਂ ਪਹਿਲਾ ਤਾਲੀਬਾਨ ਦੇ ਖੌਫ਼ ਕਰਕੇ ਦਿਲੀ ਆਏ ਅਫ਼ਗਾਨੀ ਬਿਰਾਦਰੀ ਦੇ ਸਿਖਾਂ ਨੂੰ ਭਾਰਤੀ ਨਾਗਰਿਕਤਾ ਦਿਵਾਉਣ ‘ਚ ਅਕਾਲੀ ਦਲ ਨੇ ਵਡੀ ਭੂਮਿਕਾ ਨਿਭਾਈ ਸੀ। ਇਸ ਕਰਕੇ ਅਫ਼ਗਾਨੀ ਸਿਖ ਭਾਈਚਾਰੇ ਦੀ ਨਿਗਾਹਾਂ ਇਕ ਵਾਰ ਫਿਰ ਅਕਾਲੀ ਲੀਡਰਸ਼ਿਪ ਵਲ ਹੈ। ਜਿਸ ਲਈ ਅਸੀਂ ਸ਼ੁਸਮਾ ਸਵਰਾਜ ਨੂੰ ਮਿਲ ਰਹੇ ਹਾਂ। ਇਸ ਮੁਲਾਕਾਤ ਦੌਰਾਨ ਭਾਰਤ ਸਰਕਾਰ ਨੂੰ ਅਫ਼ਗਾਨੀ ਸਿਖਾਂ ਦੀਆਂ ਪਰੇਸ਼ਾਨੀਆਂ ਬਾਰੇ ਦਸਿਆ ਜਾਵੇਗਾ। ਜੀ.ਕੇ. ਨੇ ਕਿਹਾ ਕਿ ਇਸ ਹਮਲੇ ‘ਤੇ ਸ਼ਕ ਦੀ ਸੂਈ ਆਈ.ਐਸ.ਆਈ.ਐਸ., ਆਈ.ਐਸ.ਆਈ., ਤਾਲੀਬਾਨ ਆਦਿਕ ਸੰਗਠਨਾਂ ਦੇ ਵਲ ਜਾ ਰਹੀ ਹੈ। ਇਸ ਲਈ ਇਸ ਬਾਰੇ ਅਫ਼ਗਾਨ ਸਰਕਾਰ ਨੂੰ ਜਾਂਚ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਸਿਖਾਂ ਦਾ ਅਫ਼ਗਾਨੀ ਮੁਸਲਮਾਨਾ ਨਾਲ ਕੋਈ ਵੈਰ-ਵਿਰੋਧ ਨਹੀਂ ਸੀ। ਇਸ ਕਰਕੇ ਹਮਲੇ ਦੇ ਕਾਰਨ ਦੀ ਘੋਖ ਜਰੂਰੀ ਹੈ।
ਦਿਲੀ ‘ਚ ਰਹਿੰਦੇ ਅਫ਼ਗਾਨੀ ਸਿਖਾਂ ਦੇ ਪਾਸਪੋਰਟ ਬਣਾਉਣ ਆਦਿਕ ‘ਚ ਆ ਰਹੀਆਂ ਪਰੇਸ਼ਾਨੀਆਂ ਨੂੰ ਵੀ ਹਲ ਕਰਨ ਦਾ ਜੀ.ਕੇ. ਨੇ ਅਫ਼ਗਾਨੀ ਆਗੂਆਂ ਨੂੰ ਭਰੋਸਾ ਦਿਤਾ।ਇਥੇ ਦਸ ਦੇਈਏ ਕਿ ਹਮਲੇ ਦੇ ਵਿਰੋਧ ਅਤੇ ਸ਼ੋਕ ‘ਚ ਦਿਲੀ ਕਮੇਟੀ ਦਾ ਦਫਤਰ ਅਜ ਬੰਦ ਰਿਹਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ ਅਤੇ ਸਾਬਕਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੋਂਟੀ ਮੌਜੂਦ ਸਨ।

WRITTEN BY