ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇੰਨਸਾਫ ਮਿਲਣ ਤੱਕ ਸੰਘਰਸ਼ ਜ਼ਾਰੀ ਰਹੇਗਾ : ਕਿਸਾਨ ਆਗੂ
ਰਾਮਪੁਰਾ ਫੂਲ, 25 ਜੂਨ- ਮ੍ਰਿਤਕ ਕਿਸਾਨ ਨੰਬਰਦਾਰ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿੱਢੇ ਘੋਲ ਨੂੰ ਤੇਜ਼ ਕਰਦਿਆ ਐਸ.ਪੀ ਬਠਿੰਡਾ ਸੁਰਿੰਦਰ ਸਿੰਘ, ਡੀ.ਐਸ.ਪੀ ਫੂਲ ਜਸਵਿੰਦਰ ਸਿੰਘ ਚਹਿਲ ਸਮੇਤ ਪੁਲਿਸ ਬਲ ਨੂੰ ਥਾਣੇ ਅੰਦਰ ਨਜ਼ਰਬੰਦ ਕਰ ਦਿੱਤਾ । ਕਿਸਾਨਾਂ ਵੱਲੋਂ ਲਗਾਏ ਇਸ ਧਰਨੇ ਵਿੱਚ ਮੋਗਾ, ਮੁਕਤਸਰ ਅਤੇ ਬਠਿੰਡਾ ਦੀਆਂ ਕਿਸਾਨ ਜੱਬੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਕਿਸਾਨ ਗੁਰਸੇਵਕ ਸਿੰਘ ਦੀ ਮੌਤ ਦੇ 22 ਦਿਨ ਬੀਤ ਜਾਣ ਤੇ ਵੀ ਉਸਦੀ ਲਾਸ਼ ਦਾ ਪੋਸਟ ਮਾਰਟਮ ਨਹੀ ਕਰਵਾਇਆ ਗਿਆ ਕਿਉਕਿ ਮ੍ਰਿਤਕ ਕਿਸਾਨ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਗ੍ਰਿਫਤਾਰੀ ਤੱਕ ਮ੍ਰਿਤਕ ਦਾ ਪਰਿਵਾਰ ਤੇ ਪਿੰਡ ਵਾਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਥਾਣਾ ਸਿਟੀ ਅੱਗੇ ਧਰਨਾ ਲਗਾਕੇ ਬੈਠੇ ਹਨ । ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਨਾਮਜਦ ਮੁੱਖ ਕਥਿਤ ਦੋਸ਼ੀ ਕਾਂਗਰਸੀ ਆਗੂ ਅਮਰਜੀਤ ਸ਼ਰਮਾ ਨੂੰ ਜਾਣ-ਬੁੱਝ ਕੇ ਗ੍ਰਿਫਤਾਰ ਨਹੀ ਕਰ ਰਹੀ। ਪ੍ਰਧਾਨ ਸਿੰਗਾਰਾ ਸਿੰਘ ਮਾਨ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਲੀ ਕਲਾਂ, ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਰਾਈਆ, ਜਿਲਾ ਪ੍ਰਧਾਨ ਮੋਗਾ ਅਮਰਜੀਤ ਸਿੰਘ ਸੈਦੋਕੇ, ਜਿਲਾ ਜਨਰਲ ਸਕੱਤਰ ਮੋਗਾ ਗੁਰਮੀਤ ਸਿੰਘ ਕਿਸ਼ਨਪੁਰਾ, ਮਾ. ਸੁਖਦੇਵ ਸਿੰਘ ਜਵੰਧਾ, ਹਰਜਿੰਦਰ ਸਿੰਘ ਬੱਗੀ ਤੇ ਮੋਠੂ ਸਿੰਘ ਕੋਟੜਾ, ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਪੁਲਿਸ ਮਾਮਲੇ ਵਿੱਚ ਨਾਮਜਦ ਤੀਜੇ ਮੁੱਖ ਕਥਿਤ ਦੋਸ਼ੀ ਡਾ. ਅਮਰਜੀਤ ਸ਼ਰਮਾ ਭਗਤਾ ਨੂੰ ਗ੍ਰਿਫਤਾਰ ਨਹੀ ਕਰ ਰਹੀ । ਉਹਨਾਂ ਦੱਸਿਆ ਕਿ ਕਿਸਾਨ ਗੁਰਸੇਵਕ ਸਿੰਘ ਨੇ ਡਾ. ਅਮਰਜੀਤ ਸ਼ਰਮਾ ਨੂੰ ਡਾ. ਦਰਸ਼ਨ ਸਿੰਘ ਮੰਡੀਕਲਾਂ ਅਤੇ ਰਿਸੂ ਸ਼ਰਮਾ ਰਾਮਪੁਰਾ ਪ੍ਰੋਪਰਟੀ ਡੀਲਰਾਂ ਰਾਹੀ ਆਪਣੀ ਜਮੀਨ ਵੇਚਣ ਦਾ ਸੋਦਾ ਕੀਤਾ ਸੀ ਪਰ ਕਿਸਾਨ ਤੋ ਰਜਿਸਟਰੀ ਕਰਵਾਉਣ ਤੋ ਬਾਅਦ ਉਕਤਾਨ ਨੇ 13 ਲੱਖ ਰੁਪਏ ਬਾਅਦ ਵਿੱਚ ਦੇਣ ਦੀ ਗੱਲ ਕਹੀ ਸੀ । ਜਦ ਗੁਰਸੇਵਕ ਸਿੰਘ ਨੇ ਆਪਣੀ ਬਾਕੀ ਰਹਿੰਦੀ ਰਕਮ ਦੇਣ ਲਈ ਕਿਹਾ ਤਾਂ ਉਹ ਪੇਸੈ ਦੇਣ ਤੋ ਮੁਕਰ ਕੇ ਗੁਰਸੇਵਕ ਨੂੰ ਡਰਾਉਣ ਧਮਕਾਉਣਾ ਸੁਰੂ ਕਰ ਦਿੱਤਾ । ਜਿਸ ਤੋਂ ਸਤਾਇਆ ਹੋਇਆ ਕਿਸਾਨ ਆਪਣੀ ਮੌਤ ਦਾ ਜ਼ਿੰਮੇਵਾਰ ਉਕਤ ਤਿੰਨੇ ਕਥਿਤ ਦੋਸ਼ੀਆਂ ਨੂੰ ਖੁਦਕੁਸੀ ਨੋਟ ਵਿੱਚ ਲਿਖਕੇ ਫਾਹਾ ਲੈ ਕੇ ਖੁਦਕੁਸੀ ਕਰ ਗਿਆ ।ਉਨਾ ਕਿਹਾ ਥਾਣੇ ਦਾ ਘਿਰਾਓ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਪੁਲਿਸ ਮਾਮਲੇ ਵਿੱਚ ਨਾਮਜਦ ਦੋਸ਼ੀ ਦੀ ਗ੍ਰਿਫਤਾਰੀ ਦੀ ਗ੍ਰਿਫਤਾਰੀ ਨਹੀ ਕਰਦੀ।ਜਦ ਇਸ ਸਬੰਧੀ ਐਸ.ਪੀ ਬਠਿੰਡਾ ਸੁਰਿੰਦਰ ਸਿੰਘ ਨਾਲ ਥਾਣੇ ਅੰਦਰ ਜਾ ਕੇ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਡੀ.ਐਸ.ਪੀ ਫੂਲ ਨਾਲ ਗੱਲ ਕਰਨ ਲਈ ਕਿਹਾ ਪਰ ਉਹ ਥਾਣੇ ਅੰਦਰ ਸਥਿਤ ਸੁਵਿਧਾ ਕੇਂਦਰ ਅੰਦਰ ਏ.ਸੀ ਛੱਡਕੇ ਸੋਫੇ ਉਪਰ ਸੁੱਤੇ ਪਏ ਸਨ ਤੇ ਉਨਾ ਨੂੰ ਸੁੱਤੀ ਨੀਂਦ ਉਠਾਉਣ ਤੇ ਉਹਨਾਂ ਕਿਹਾ ਕਿ ਅਸੀ ਮਾਮਲੇ ਵਿੱਚ ਨਾਮਜਦ ਦੋਸ਼ੀ ਦੀ ਭਾਲ ਕਰ ਲਈਏ ਫਿਰ ਤੁਹਾਡੇ ਨਾਲ ਗੱਲ ਕਰਾਂਗੇ । ਜਿਥੇ ਕਿਸਾਨਾਂ ਵੱਲੋੇ 5 ਜੂਨ ਤੋਂ ਥਾਣਾ ਸਿਟੀ ਅੱਗੇ ਲਗਾਏ ਧਰਨੇ ਕਾਰਨ ਸਥਾਨਕ ਪੁਲਸ ਪ੍ਰਸ਼ਾਸ਼ਨ ਦੀ ਰਾਤ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਲਿਆ ਹੈ ਉਥੇ ਹੀ ਥਾਣੇ ਅੰਦਰ ਕੰਮਕਾਜ਼ ਲਈ ਆਉਂਦੇ ਆਮ ਲੋਕਾਂ ਨੂੰ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



