Skip to content
Independent perspectives. Global stories.
BREAKING

ਬਾਲ ਮਜ਼ਦੂਰੀ ਨੂੰ ਠੱਲ੍ਹ ਪਾਉਣਾ ਜ਼ਰੂਰੀ

Share this story

ਦੇਸ਼ ਵਿੱਚ ਬੇਸ਼ਕ ਬਾਲ ਮਜ਼ਦੂਰੀ ਗੈਰ ਕਾਨੂੰਨੀ ਹੈ ਇਸ ਦੇ ਬਾਵਜੂਦ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਫੈਕਟਰੀਆਂ, ਦੁਕਾਨਾਂ, ਦਫਤਰਾਂ ਅਤੇ ਘਰਾਂ ਵਿੱਚ ਛੋਟੇ-ਛੋਟੇ ਬੱਚੇ ਹਲਕੇ ਤੋਂ ਲੈ ਕੇ ਭਾਰੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਇਸ ਕਾਰਨ ਹੀ ਆਪਣੀ ਮੁਢੱਲੀ ਪੜ੍ਹਾਈ ਵੀ ਨਹੀਂ ਕਰ ਸਕਦੇ। ਦੇਸ਼ ਵਿੱਚ ਇਸ ਸਮੇਂ ਬਾਲ ਮਜ਼ਦੂਰਾਂ ਦੀ ਗਿਣਤੀ 10 ਕਰੋੜ ਦੱਸੀ ਜਾ ਰਹੀ ਹੈ। ਇਹ 10 ਕਰੋੜ ਬੱਚੇ ਸਕੂਲ ਜਾਣ ਤੋਂ ਵਾਂਝੇ ਹਨ। ਬਾਲ ਮਜ਼ਦੂਰੀ ਨੂੰ ਰੋਕਣ ਲਈ ਬਣੇ ਵਿਭਾਗ ਹੱਥ ’ਤੇ ਹੱਥ ਧਰ ਕੇ ਬੈਠੇ ਹਨ। ਦੇਸ਼ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਮਾਜਿਕ ਮਾਹੌਲ ਵੀ ਨਹੀਂ ਬਣ ਸਕਿਆ। ਬੱਚਿਆਂ ਨੂੰ ਘਰ ਦੀਆਂ ਮਜ਼ਬੂਰੀਆਂ ਕਾਰਨ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਮਜ਼ਦੂਰੀ ਦੇ ਨਾਮ ਉਪਰ ਬੱਚਿਆਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ। ਉਨ੍ਹਾਂ ਨੂੰ ਕੰਮ ਦੇ ਮੁਤਾਬਿਕ ਉਜਰਤ ਨਹੀਂ ਮਿਲਦੀ। ਬੱਚਿਆਂ ਉਪਰ ਇਸ ਤਰ੍ਹਾਂ ਜ਼ੁਲਮ ਵੀ ਢਾਏ ਜਾਂਦੇ ਹਨ। ਘਰਾਂ, ਦਫਤਰਾਂ ਵਿੱਚ ਕੰਮ ਕਰਨ ਵਾਲੀਆਂ ਬੱਚੀਆਂ ਲਈ ਤਾਂ ਹਾਲਾਤ ਹੋਰ ਵੀ ਮੁਸ਼ਕਿਲ ਹਨ। ਸੰਨ 2011 ਵੀ ਮਰਦਮ ਸ਼ੁਮਾਰੀ ਮੁਤਾਬਿਕ 35 ਰਾਜਾਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ’ਚ 5 ਤੋਂ 14 ਸਾਲ ਦੀ ਉਮਰ ’ਚ ਬਾਲ ਮਜ਼ਦੂਰੀ ਕਰਨ ਵਾਲਿਆਂ ਦੀ ਗਿਣਤੀ 10 ਕਰੋੜ 12 ਲੱਖ 8 ਹਜ਼ਾਰ 663 ਹੈ। ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਬੇਸ਼ਕ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਵੱਡੇ ਕਦਮ ਚੁੱਕੇ ਗਏ ਹਨ ਪ੍ਰੰਤੂ 2011 ਤੋਂ 2018 ਤੱਕ ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਆਈ। ਬਾਲ ਮਜ਼ਦੂਰਾਂ ਦੀ ਗਿਣਤੀ ਵਿੱਚ ਹੋਰ ਵੱਡਾ ਵਾਧਾ ਹੋਇਆ ਹੈ। ਕਥਿਤ ਆਧੁਨਿਕ ਸ਼ਹਿਰਾਂ ਚੰਡੀਗੜ੍ਹ, ਦਿਊ ਤੇ ਦਮਨ, ਦਿਲੀ, ਲਕਸ਼ਦੀਪ, ਪੁਡੂਚੇਰੀ ’ਚ 43 ਹਜ਼ਾਰ 774 ਬਾਲ ਮਜ਼ਦੂਰ ਹਨ। ਸਭ ਤੋਂ ਘਟ ਲਕਸ਼ਦੀਪ ਵਿੱਚ 81 ਤੇ ਸਭ ਤੋਂ ਵਧ ਉਤਰ ਪ੍ਰਦੇਸ਼ ’ਚ 21 ਲਖ 76 ਹਜ਼ਾਰ 706 ਬਾਲ ਮਜ਼ਦੂਰ ਹਨ। ਬਾਲ ਮਜ਼ਦੂਰੀ ਦੇ ਅੰਕੜਿਆਂ ਮੁਤਾਬਿਰਕ ਬਿਹਾਰ ਦੇਸ਼ ’ਚ ਦੂਸਰੇ ਨੰਬਰ ’ਤੇ ਹੈ ਜਿਥੇ 10 ਲਖ 88 ਹਜ਼ਾਰ 509 ਬਾਲ ਮਜ਼ਦੂਰ ਹਨ। ਮਰਦਮ ਸ਼ੁਮਾਰੀ 2011 ਦੇ ਅੰਕੜੇ ਦੱਸਦੇ ਹਨ ਕਿ ਪੰਜਾਬ 176645, ਰਾਜਸਥਾਨ ’ਚ 848386, ਹਰਿਆਣਾ ’ਚ 123202, ਹਿਮਾਚਲ ਪ੍ਰਦੇਸ਼ ’ਚ 126616, ਜੰਮੂ-ਕਸ਼ਮੀਰ ’ਚ 114923, ਅੰਡੇਮਾਨ ਤੇ ਨਿੱਕੋਬਾਰ ਦੀਪ ਸਮੂਹ ’ਚ 1672, ਆਂਧਰਾ ਪ੍ਰਦੇਸ਼ ’ਚ 673003, ਅਰੁਣਾਚਲ ਪ੍ਰਦੇਸ਼ ’ਚ 17029, ਅਸਮ ’ਚ 284812, ਬਿਹਾਰ ’ਚ 1088509, ਚੰਡੀਗੜ੍ਹ ’ਚ 4322, ਛੱਤੀਸਗੜ੍ਹ ’ਚ 257773, ਦਾਦਰ ਤੇ ਨਗਰ ਹਵੇਲੀ ’ਚ 2055, ਦਮਨ ਤੇ ਦਿਊ ’ਚ 881, ਦਿਲੀ ’ਚ 36317, ਗੋਆ ’ਚ 10009, ਗੁਜਰਾਤ ’ਚ 463077, ਝਾਰਖੰਡ ’ਚ 400276, ਕਰਨਾਟਕ ‘ਚ 421345, ਕੇਰਲਾ ’ਚ 45436, ਲਕਸ਼ਦੀਪ ’ਚ 81, ਮਧ ਪ੍ਰਦੇਸ਼ ’ਚ 700239, ਮਹਾਰਾਸ਼ਟਰ ’ਚ 727932, ਮਨੀਪੁਰ ’ਚ 34086, ਮੇਘਾਲਿਆ ’ਚ 44469, ਮਿਜ਼ੋਰਮ ’ਚ 7778, ਨਾਗਾਲੈਂਡ ’ਚ 63790, ਓਡੀਸ਼ਾ ’ਚ 334416, ਪੁਡੂਚੇਰੀ ’ਚ 2173, ਸਿੱਕਮ ’ਚ 10390, ਤਾਮਿਲਨਾਡੂ ’ਚ 284232, ਤ੍ਰਿਪੁਰਾ ’ਚ 13560, ਉਤਰ ਪ੍ਰਦੇਸ਼ ’ਚ 2176706, ਉਤਰਾਖੰਡ ’ਚ 82431, ਪਛਮੀ ਬੰਗਾਲ ’ਚ 550092 ਬੱਚੇ ਬਾਲ ਮਜ਼ਦੂਰੀ ਕਰ ਰਹੇ ਹਨ। ਦੇਸ਼ ਵਿੱਚ ਬਾਲ ਮਜ਼ਦੂਰੀ ਦੇ ਮੁਕਾਬਲੇ 313 ਮਨਜ਼ੂਰਸ਼ੁਦਾ ਜ਼ਿਲ੍ਹਿਆਂ ’ਚੋਂ 108 ਜ਼ਿਲ੍ਹਿਆਂ ’ਚ 3378 ਵਿਸ਼ੇਸ਼ ਸਿਖ਼ਲਾਈ ਕੇਂਦਰ ਖੋਲ੍ਹੇ ਗਏ ਹਨ ਜਿਥੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਿਖ਼ਲਾਈ ਦੇਣ ਤੋਂ ਇਲਾਵਾ ਬਾਲ ਮਜ਼ਦੂਰਾਂ ਨੂੰ ਪੜ੍ਹਾਈ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰ ਨੇ ਬਾਲ ਮਜ਼ਦੂਰੀ ਦੇ ਖ਼ਾਤਮਾ ਲਈ ਇਕ ਨਵੀਂ ਮੁਹਿੰਮ ‘ਪੈਨਸਿਲ’ (ਪਲੇਟਫ਼ਾਰਮ ਆਫ਼ ਇਫੈਕਟਿਵ ਇਨਫੋਰਸਮੈਂਟ ਆਫ਼ ਨੌ ਚਾਇਲਡ ਲੇਬਰ) ਸ਼ੁਰੂ ਕੀਤੀ ਹੈ। ਇਹ ਮੁਹਿੰਮ ਇੰਟਰਨੈਟ ਰਾਹੀਂ ਚਲਾਈ ਜਾ ਰਹੀ ਹੈ। ਇਸ ਪੋਰਟਲ ਰਾਹੀਂ ਸਰਕਾਰ ਨੂੰ ਹੁਣ ਤੱਕ 249 ਸ਼ਿਕਾਇਤਾਂ ਵੀ ਆ ਚੁੱਕੀਆਂ ਹਨ। ਇਸ ਸਬੰਧੀ ਲੋਕਾਂ ਵਿੱਚ ਜਾਗਰਤੀ ਲਿਆਉਣ ਦੀ ਜ਼ਰੂਰਤ ਹੈ। ਬੱਚਿਆਂ ਦੀ ਬਾਲ ਮਜ਼ਦੂਰੀ ਸਬੰਧੀ ਵੱਧ ਤੋਂ ਵੱਧ ਸ਼ਿਕਾਇਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮਜ਼ਬੂਰ ਬੱਚਿਆਂ ਦੇ ਪੁਨਰਵਾਸ ਲਈ ਵੀ ਯੋਜਨਾ ਸ਼ੁਰੂ ਕਰੇ। ਬਾਲ ਮਜ਼ਦੂਰੀ ਹਰ ਹਾਲਤ ਬੰਦ ਹੋਣੀ ਚਾਹੀਦੀ ਹੈ। ਪੜ੍ਹਾਈ ਹੁਣ ਹਰ ਬੱਚੇ ਦਾ ਸੰਵਿਧਾਨਕ ਹੱਕ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰੋਕ ਕਾਨੂੰਨੀ ਜ਼ੁਰਮ ਹੈ। ਬੱਚਿਆਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਚਾਉਣਾ ਸਿਹਤਮੰਦ ਰਾਸ਼ਟਰ ਲਈ ਬੇਹਦ ਜ਼ਰੂਰੀ ਹੈ।
19 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY