ਕਿਸਾਨਾਂ ਨਾਲ ਧੋਖਾ ਵਾਲੇ ਜਾਂ ਫਰਾਡ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਸ. ਸੁਖਦੇਵ ਸਿੰਘ ਸਿੱਧੂ
ਚੰਡੀਗੜ੍ਹ- ਕਿਸਾਨਾਂ ਨੂੰ ਮਨਜ਼ੂਰਸ਼ੁਦਾ ਅਤੇ ਮਿਆਰੀ ਕੀਟਨਾਸ਼ਕ ਉਪਲੱਬਧ ਕਰਵਾਉਣ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਮਕਸਤ ਨਾਲ ਖੇਤੀਬਾੜੀ ਵਿਭਾਗ ਦੇ ਸ. ਸੁਖਦੇਵ ਸਿੰਘ ਸਿੱਧੂ, ਜੁਆਇੰਟ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਪੰਜਾਬ ਵੱਲੋਂ 8 ਜੂਨ ਨੂੰ ਜ਼ਿਲ੍ਹਾ ਪਟਿਆਲਾ ਦੇ ਨਾਭਾ ਵਿਖੇ ਐਮ.ਐਸ. ਗੁਪਤਾ ਐਗਰੋ ਸਰਵਿਸ ਸੈਂਟਰ, ਨਾਭਾ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ-ਨਾਲ ਗੁਰਮੀਤ ਸਿੰਘ, ਖੇਤੀਬਾੜੀ ਅਫਸਰ ਨਾਭਾ ਅਤੇ ਸ਼੍ਰੀ ਜੁਪਿੰਦਰ ਸਿੰਘ ਗਿੱਲ ਇੰਸੈਕਟੀਸਾਈਡ ਇੰਸਪੈਕਟਰ ਨਾਭਾ ਹੀ ਹਾਜ਼ਰ ਸਨ। ਚੈਕਿੰਗ ਦੌਰਾਨ ਪਾਇਆ ਗਿਆ ਕਿ ਦੁਕਾਨਦਾਰ ਵੱਲੋਂ ਕੁਝ ‘ਬਾਇਓ ਲੀਕੂਇਡ ਐਕਸਟਰਾ ਪੈਸਟ ਕੰਟਰੋਲਰ’ ਦੇ ਨਾਮ ’ਤੇ ਬਾਇਓ-ਪ੍ਰੋਡਕਟ ਦੁਕਾਨ ਵਿੱਚ ਮੌਜੂਦ ਸਨ। ਸ਼ੱਕ ਪੈਣ ’ਤੇ ਇਨ੍ਹਾਂ ਪ੍ਰੋਡਕਟਸ ਨੂੰ ਵੇਖਿਆ ਗਿਆ ਕਿ ਇਹ ਤਿੰਨ ਕੰਪਨੀਆਂ ਵੱਲੋਂ ਬਣਾਏ ਹੋਏ ਸਨ। ਇਨ੍ਹਾਂ ਵਿੱਚ 1. ਐਮ.ਐਸ. ਐਗਰੀ ਪਲੱਸ ਇੰਡੀਆ (ਬਿਨਾਂ ਪਤੇ ਤੋਂ) ਵੱਲੋਂ ਵੀਪਰ ਦੇ ਨਾਮ ਤੇ ‘ਬਾਇਓ ਲੀਕੂਇਡ ਐਕਸਟਰਾ ਪੈਸਟ ਕੰਟਰੋਲਰ ਰੀਪਲੈਂਟ, 2. ਮੈਸਰਜ਼ ਕੁਬੇਰ ਬਾਇਓ ਟੈਕ-ਕੰਬੈਲਾ ਹਿਲ-ਮੁੰਬਈ ਵੱਲੋਂ ਬਣਾਈ ਸੂਮੋ (ਬਾਇਓ ਲੀਕੂਇਡ ਐਕਸਟਰਾ ਪੈਸਟ ਕੰਟਰੋਲਰ) ਅਤੇ 3. ਐਮ.ਐਸ. ਅਮੇਜ਼ ਕਰੋਪ ਸਾਇੰਸ, ਬਾਂਦਰਾ (ਵੈਸਟ) ਮੁੰਬਈ – 400050 ਵੱਲੋਂ ਬਣਾਈ ਟਾਈਗਰ ਪਲੱਸ (ਬਾਇਓ ਲੀਕੂਇਡ ਐਕਸਟਰੈਕਟ ਪੈਸਟ ਕੰਟਰੋਲਰ) ਦਾ ਸਟਾਕ ਪਾਇਆ ਗਿਆ। ਇਹ ਸਟਾਕ ਲਗਭਗ 12-13 ਲੱਖ ਰੁਪਏ ਦਾ ਹੈ। ਸ਼ੱਕ ਪੈਣ ਤੇ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਇਨ੍ਹਾਂ ਪ੍ਰੋਡੈਕਟਸ ਦੇ ਕੀੜੇਮਾਰ ਦਵਾਈਆਂ ਦੇ ਤੌਰ ’ਤੇ ਸੈਂਪਲ ਭਰੇ ਗਏ। ਸ਼ੱਕ ਜਾਹਿਰ ਕੀਤਾ ਗਿਆ ਕਿ ਇਨ੍ਹਾਂ ਬਾਇਓ ਪ੍ਰੋਡੈਕਟਸ ਵਿੱਚ ਕੈਮੀਕਲ ਕੀੜੇਮਾਰ ਦਵਾਈਆਂ ਜਿਵੇਂ ਕਿ ਬੁਪਰੋਫੈਜ਼ਿਨ, ਲਾਂਬੜਾ- ਸਾਇਲੋਥ੍ਰਿਨ, ਇਮੀਡੈਕਲੋਪ੍ਰਿਡ, ਐਸਟੈਮੀਪ੍ਰਿਡ, ਕਲੋਰੈਂਟਰੈਨੀਪਰੋਲ ਅਤੇ ਇਮੈਮੇਸਟਿਨ ਬੈਨੋਜ਼ੈਟ ਹੋ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਇਹ ਤਿੰਨੋ ਸੈਂਪਲ ਇਨ੍ਹਾਂ ਉਪ੍ਰੋਕਤ ਛੇ ਕੈਮੀਕਲ ਦੇ ਟੈਸਟ ਕਰਨ ਲਈ ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਅਤੇ ਟੈਸਟ ਰਿਪੋਰਟਾਂ ਅਨੁਸਾਰ ਇਨ੍ਹਾਂ ਬਾਇਓ ਪ੍ਰੋਡਕਟਸ ਵਿੱਚ ਕੈਮੀਕਲ ਜ਼ਹਿਰ ਕੋਰਾਜ਼ਨ ਪਾਈ ਗਈ। ਜੋ ਅਸਲ ਕੋਰਾਜ਼ਨ 18.5 ਫੀਸਦੀ ਤੋਂ ਕਾਫੀ ਘੱਟ ਮਾਤਰਾ ਵਿੱਚ ਹੈ। ਇਸ ਤਰ੍ਹਾਂ ਕਰਕੇ ਫਰਮ ਵੱਲੋਂ ਬਾਇਓ ਲੀਕੂਇਡ ਦੇ ਨਾਂ ’ਤੇ ਕੈਮੀਕਲ ਜ਼ਹਿਰ ਵੇਚ ਕੇ ਕਿਸਾਨਾਂ ਨਾਲ ਖਾਸ ਕਰਕੇ ਔਰਗੈਨਿਕ ਫਾਰਮਿੰਗ ਕਰਨ ਵਾਲੇ ਕਿਸਾਨਾਂ ਨਾਲ ਧੋਖਾਧੜੀ 420 ਕੀਤੀ ਗਈ ਹੈ।
ਟੈਸਟ ਦੌਰਾਨ ਇੰਨਸੈਕਟੀਸਾਈਡ ਪਾਏ ਜਾਣ ਕਾਰਨ ਉਨ੍ਹਾਂ ਵੱਲੋਂ ਇੰਸੈਕਟੀਸਾਈਡ ਐਕਟ, 1968 ਅਤੇ ਇੰਸੈਕਟੀਸਾਈਡ ਰੂਲਜ਼ 1971 ਦੀਆਂ ਵੱਖ-ਵੱਖ ਧਾਰਵਾਂ ਦੀ ਉਲੰਘਣਾ ਕੀਤੀ ਗਈ ਹੈ। ਫਰਮ ਵੱਲੋਂ ਇਹ ਕੀੜੇਮਾਰ ਦਵਾਈ ਨੂੰ ਬਨਾਉਣ/ਵੇਚਣ ਆਦਿ ਲਈ ਨਾ ਤਾਂ ਕੋਈ ਪ੍ਰਵਾਨਗੀ ਲਈ ਹੈ ਅਤੇ ਨਾ ਹੀ ਕੰਪਨੀ ਵੱਲੋਂ ਕੋਈ ਪਰਚੇਜ਼ ਬਿੱਲ ਲਿਆ ਗਿਆ ਹੈ। ਵਿਭਾਗ ਵੱਲੋਂ ਸੈਂਪਲ ਲੈਣ ਉਪਰੰਤ ਉਪਰੋਕਤ ਪ੍ਰੋਡਕਟਸ ਦੀ ਸੇਲ ਬੰਦ ਕਰ ਦਿੱਤੀ ਗਈ ਹੈ ਅਤੇ ਫਰਮ ਵਿਰੁੱਧ ਬਣਦੀ ਕਾਰਵਾਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਜਾ ਰਹੀ ਹੈ।
ਆਮ ਵੇਖਣ ਵਿੱਚ ਆਇਆ ਹੈ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਕੈਮੀਕਲ ਜ਼ਹਿਰਾਂ/ਖਾਦਾਂ ਦੀ ਵਰਤੋਂ ਛੱਡ ਕੇ ਬਾਇਓ ਪ੍ਰੋਡਕਟਸ ਵਰਤਦੇ ਹਨ ਤਾਂ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਜ਼ਹਿਰ ਮੁਕਤ (ਜੈਵਿਕ) ਫਸਲਾਂ ਪੈਦਾ ਕਰਕੇ ਲੋੜੀਂਦਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਚੰਗੇ ਭਾਅ ’ਤੇ ਇਹ ਆਰਗੈਨਿਕ ਫਸਲੀ ਪੈਦਾਵਾਰ ਵੇਚਦੇ ਹਨ। ਉਪਰੋਕਤ ਬਾਇਓ ਦੇ ਨਾਮ ’ਤੇ ਕੈਮੀਕਲ ਜ਼ਹਿਰਾਂ ਵਰਤਣ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ ਅਤੇ ਇਸ ਤਰ੍ਹਾਂ ਦੇ ਕੈਮੀਕਲਜ਼ ਅਤੇ ਆਰਗੈਨਿਕ ਅਨਾਜ ਆਦਿ ਖਾਣ ਵਾਲੇ ਵਿਅਕਤੀਆਂ ਨਾਲ ਇਹ ਸ਼ਰੇਆਮ ਧੋਖਾ ਹੈ। ਇਸ ਤੋਂ ਇਲਾਵਾ ਹਰੇਕ ਕੈਮੀਕਲ ਇੰਨਸੈਕਟੀਸਾਈਡ ਦੇ ਕੰਟੇਨਰ ਉਪਰ ਉਸ ਨੂੰ ਵਰਤਣ, ਮਾਤਰਾ, ਜ਼ਹਿਰ ਦੇ ਤੋੜ ਭਾਵ ਐਂਟੀਡੋਟ ਬਾਰੇ ਲਿਖਿਆ ਹੁੰਦਾ ਹੈ। ਪ੍ਰੰਤੂ ਇਸ ਕੇਸ ਵਿੱਚ ਇਹੋ ਜਿਹਾ ਕੁਝ ਨਾ ਲਿਖ ਕੇ ਜਿੱਥੇ ਇੰਨਸੈਕਟੀਸਾਈਡ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਹੈ। ਉਥੇ ਹੀ ਇਸ ਨੂੰ ਵਰਤਣ ਵਾਲੇ ਕਿਸਾਨਾਂ ਨਾਲ ਧੋਖਾ ਅਤੇ ਵਾਤਾਵਰਣ ਦੇ ਉਲਟ ਹੈ। ਇਸ ਤੋਂ ਇਲਾਵਾ ਅਸਲ ਦਵਾਈ ਤੋਂ ਇਹੋ ਜਿਹੇ ਪ੍ਰੋਡਕਟਾਂ ਵਿੱਚ ਘੱਟ ਮਾਤਰਾ ਦੇ ਵਰਤਣ ਨਾਲ ਕੀੜਿਆਂ ਵਿੱਚ ਇਸ ਦਵਾਈ ਪ੍ਰਤੀ ਸਹਿਣ ਸ਼ਕਤੀ (ਰੈਸਿਸਟੈਂਸ) ਵੱਧ ਸਕਦੀ ਹੈ ਅਤੇ ਇਹ ਇੱਕ ਨਵਾਂ ਟੈਕਨੀਕਲ, ਜੋ ਕਿ ਕੀੜਿਆਂ ਪ੍ਰਤੀ ਚੰਗਾ ਕਾਰਗਾਰ ਚੱਲ ਰਿਹਾ ਹੈ, ਰਜਿਸਟੈਨਸ ਕਾਰਨ ਖੇਤੀ ਤੋਂ ਬਾਹਰ ਹੋ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਹੋਰ ਨਵੇਂ ਟੈਕਨੀਕਲ ਮਹਿੰਗੇ ਭਾਅ ਤੇ ਖਰੀਦਣ ਲਈ ਮਜ਼ਬੂਰ ਹੋਣਾ ਪਵੇਗਾ। ਇਹ ਵੀ ਵੇਖਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਕਾਲਾ ਬਾਜ਼ਾਰੀ ਸਾਰੇ ਭਾਰਤ ਵਿੱਚ ਹੋ ਰਹੀ ਹੈ। ਇਸ ਦੁਕਾਨ ਦੇ ਮਾਲਿਕ ਤੇ ਇਸ ਕਾਲਾ ਬਾਜ਼ਾਰੀ ਦੀ ਜੜ੍ਹ ਤੱਕ ਪਹੁੰਚਣ ਲਈ ਜ਼ਰੂਰੀ ਹੈ ਕਿ ਇਸ ਵਿਰੁੱਧ ਪੁਲਿਸ ਕੇਸ ਰਜਿਸਟਰਡ ਕਰਕੇ ਅਤੇ ਪੁੱਛ-ਗਿੱਛ ਕਰਕੇ ਇਸ ਕੇਸ ਦੀ ਤਹਿ ਤੱਕ ਜਾਣ ਦੀ ਲੋੜ ਹੈ ਤਾਂ ਕਿ ਭੋਲੇ-ਭਾਲੇ ਕਿਸਾਨਾਂ ਨਾਲ ਧੋਖਾ ਨਾ ਹੋ ਸਕੇ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਅੱਗੇ ਤੋਰਿਆ ਜਾ ਸਕੇ।
– ਪੰਜਾਬ ਟਾਇਮਜ਼ ਬਿਊਰੋ