May 25, 2026 4:57 pm

ਬਿਜਲੀ ਸਪਲਾਈ ਲੈਣ ਲਈ ਕਿਸਾਨਾਂ ਦਾ ਧਰਨਾ ਚੌਥੇ ਦਿਨ ’ਚ

ਭਗਤਾ ਭਾਈ ਕਾ, 14 ਜੂਨ (ਸਵਰਨ ਸਿੰਘ ਭਗਤਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤੇ ਨਥਾਨਾ -ਭਗਤਾ ਬਲਾਕ ਵਲੋਂ ਐਕਸੀਅਨ ਦਫਤਰ ਭਗਤਾ ਭਾਈ ਵਿਖੇ 20 ਜੂਨ ਤੱਕ ਝੋਨੇ ਦੀ ਲਵਾਈ ਤੇ ਲਾਈ ਪਾਬੰਦੀ ਦੇ ਖਿਲਾਫ ਅਤੇ 16 ਘੰਟੇ ਖੇਤੀ ਮੋਟਰਾਂ ਦੀ ਨਿਰਵਿਘਨ ਬਿਜਲੀ ਦੀ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਲਈ ਲਾਇਆ ਗਿਆ ਧਰਨਾ ਅੱਜ ਚੌਥੇ ਦਿਨ ਵਿੱਚ ਸਾਮਲ ਹੋ ਗਿਆ । ਇਸ ਸਮੇਂ ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸਬੋਧਨ ਕਰਦਿਆਂ ਔਰਤ ਵਿੰਗ ਜਿਲਾ ਬਠਿੰਡਾ ਦੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਝੋਨੇ ਲਵਾਈ ਦੇ ਮਾਮਲੇ ਨੂੰ ਲੈਕੇ ਪੰਜਾਬ ਵਿਚ ਵੱਖ-ਵੱਖ ਥਾਈ ਧਰਨੇ ਲੱਗੇ ਹੋਏ ਹਨ ਉਨਾਂ ਸਰਕਾਰ ਤੇ ਦੋਸ਼ ਲਾਉਦਿਆ ਕਿਹਾ ਕਿ ਕਿਸਾਨਾਂ ਨੂੰ ਭਲੀਭਾਂਤ ਪਤਾ ਹੈ ਕਿ ਝੋਨੇ ਦੀ ਲਵਾਈ ਤੇ 20 ਜੂਨ ਤੱਕ ਲਾਈ ਪਾਬੰਦੀ ਦਾ ਸਿੱਧਾ ਮਤਲਬ ਕਣਕ-ਝੋਨੇ ਦੀ ਫਸਲ ਦਾ ਜਬਰੀ ਬੰਦ ਕਰਕੇ ਕਿਸਾਨਾਂ ਹੱਥੋ ਜਮੀਨਾਂ ਖੋ ਕੇ ਠੇਕਾ ਫਾਰਮਿੰਗ ਤਹਿਤ ਕਾਰਪੋਰੇਟ ਘਰਾਣਿਆ ਨੂੰ ਸੌਪਣ ਦੀ ਤਿਆਰੀ ਦੇ ਕਦਮ ਹਨ। ਇਸ ਸਮੇਂ ਰਣਧੀਰ ਸਿੰਘ ਮਲੂਕਾ, ਸੁਖਦੇਵ ਸਿੰਘ ਸਿਧਾਣਾ, ਹਰਨੇਕ ਸਿੰਘ ਗੁੰਮਟੀ, ਲਖਵੀਰ ਸਿੰਘ ਪਿੰਡ ਗਿੱਦੜ, ਅਧਿਆਪਕ ਆਗੂ ਸਵਰਨ ਸਿੰਘ ਭਗਤਾ, ਮੇਜਰ ਸਿੰਘ ਸੇਲਬਰ੍ਹਾ, ਮਜਦੂਰ ਆਗੂ ਬਲਵਿੰਦਰ ਸਿੰਘ, ਪਾਲਾ ਸਿੰਘ ਕੋਠਾ ਗੁਰੂ, ਮਾਲਣ ਕੌਰ, ਗੁਰਮੇਲ ਕੌਰ, ਚਰਨਜੀਤ ਕੌਰ ਮਲੂਕਾ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 16 ਘੰਟੇ ਖੇਤੀ ਮੋਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਝੋਨੇ ਦੀ ਲਵਾਈ ਤੇ ਲਾਈ ਪਾਬੰਦੀ ਖਤਮ ਕੀਤੀ ਜਾਵੇ।

Send this to a friend