May 30, 2026 4:58 am

ਹੈਦਰ ਅਲੀ ਨੂੰ ਮੰਡੀ ਅਹਿਮਦਗੜ ਦੇ ਕਬਰਸਤਾਨ ’ਚ ਕੀਤਾ ਸਪੁਰਦੇ-ਏ-ਖਾਕ

ਸਾਦਿਕ, 14 ਜੂਨ (ਗੁਲਜ਼ਾਰ ਮਦੀਨਾ)-ਵਿਦੇਸ਼ਾਂ ਦੀ ਧਰਤੀ ਕੈਨੇਡਾ ਵਿਖੇ ਉਚ ਵਿਦਿਆ ਹਾਸਲ ਕਰਨ ਲਈ ਗਏ ਮੰਡੀ ਅਹਿਮਦਗੜ ਦੇ 23 ਸਾਲਾ ਨੌਜਵਾਨ ‘ਹੈਦਰ ਅਲੀ’ ਦੀ ਪਿਛਲੇ ਦਿਨੀਂ ਆਪਣੇ ਰਿਹਾਇਸ਼ੀ ਅਪਾਰਟਮੈਂਟ ਦੇ ਨੇੜੇ ਸਥਿਤ ਸਵੀਮਿੰਗ ਪੂਲ ’ਚ ਨਹਾਉਣ ਸਮੇਂ ਪਾਣੀ ’ਚ ਡੁਬਣ ਨਾਲ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਨੂੰ ਕਰੀਬ 22 ਦਿਨਾਂ ਬਾਅਦ ਕੈਨੇਡਾ ਤੋਂ ਪੰਜਾਬ ਸਥਿਤ ਉਨ੍ਹਾਂ ਦੀ ਰਹਾਇਸ਼ ਮੰਡੀ ਅਹਿਮਦਗੜ ਵਿਖੇ ਲਿਆਂਦਾ ਗਿਆ। ਜਿਥੇ ਹਜ਼ਾਰਾਂ ਦੀ ਤਦਾਦ ’ਚ ਹੈਦਰ ਦੇ ਰਿਸਤੇਦਾਰ, ਭੈਣ-ਭਰਾ, ਅਤੇ ਦੋਸਤ-ਮਿਤਰ ਆਪਣੇ ਪਿਆਰੇ ਹੈਦਰ ਦੀ ਇਕ ਝਲਕ ਵੇਖਣ ਲਈ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਜਿਉਂ ਹੀ ਉਸ ਦੀ ਮ੍ਰਿਤਕ ਦੇਹ ਨੂੰ ਈਦ ਗਾਹ ਵਿਖੇ ਲਿਆਂਦਾ ਗਿਆ ਤਾਂ ਸਭ ਤੋਂ ਪਹਿਲਾਂ ਆਪਣੇ ਇਕਲੌਤੇ ਪੁਤਰ ਦਾ ਪਿਛਲੇ ਡੇਡ ਸਾਲ ਤੋਂ ਕੈਨੇਡਾ ਗਏ ਹੈਦਰ ਨੂੰ ਸੀਨੇ ਨਾਲ ਲਾਉਣ ਲਈ ਮਾਂ ਤਰਸ ਰਹੀ ਸੀ, ਜੋ ਗ਼ਮਗੀਨ ਮਾਹੋਲ ਉਸ ਵਕਤ ਸੀ ਮਾਲਿਕ ਕਿਸੇ ਤੇ ਨਾ ਪਾਵੇ ਆਪਣੇ ਇਕਲੌਤੇ ਦੀ ਲਾਸ਼ ਤੇ ਮਾਂ ਵਿਰਲਾਪ ਕਰ ਰਹੀ ਸੀ ਵੇ ਮੇਰਿਆ ਸੋਹਣਿਆ ਪੁਤਾ, ਵੇ ਮੇਰਿਆ ਹੀਰਿਆ ਪੁਤਾ, ਉਠ ਬੈਠ ਕਿ ਮੇਰੇ ਨਾਲ ਗਲਾਂ ਕਰ, ਮੈਂ ਆਪਣੀ ਨੂੰਹ ਵਾਸਤੇ ਬਹੁਤ ਸਮਾਨ ਬਣਾਈ ਬੈਠੀ ਹਾਂ ਤੂੰ ਪਹਿਲਾਂ ਹੀ ਤੁਰ ਚਲਿਆਂ ਮੈਨੂੰ ਹਸਦੀ-ਵਸਦੀ ਨੂੰ ਉਜਾੜ ਕੇ, ਸਚ ਜਾਣਿਉ ਦੋਸਤੋ ਉਸ ਵਕਤ ਪਥਰ ਤੋਂ ਪਥਰ ਦਿਲ ਇਨਸਾਨ ਦਾ ਦਿਲ ਵੀ ਭੂਬਾਂ ਮਾਰ-ਮਾਰ ਕਿ ਰੋ ਰਿਹਾ ਸੀ ਤੇ ਜਿਸ ਮਾਂ-ਬਾਪ ਨੇ ਇਨ੍ਹੀਆਂ ਰੀਝਾਂ ਅਤੇ ਚਾਵਾਂ ਨਾਲ ਆਪਣੇ ਇਕਲੌਤੇ ਪੁਤਰ ਨੂੰ ਪਾਲਿਆ ਹੋਵੇ ਉਸ ਨੂੰ ਆਖ਼ਰੀ ਵਿਦਾਇਗੀ ਦੇਣਾ ਬਹੁਤ ਮੁਸ਼ਕਿਲ ਹੈ। ਜਿਸ ਨੂੰ ਲਖਾਂ ਸੁਪਨੇ ਸਜਾ ਕਿ ਆਪਣੀਆਂ ਅਖਾਂ ਤੋਂ ਦੂਰ ਵਿਦੇਸ਼ਾਂ ਦੀ ਧਰਤੀ ਤੇ ਕੁਝ ਬਣਨ ਵਾਸਤੇ ਭੇਜਿਆ ਹੋਵੇ ਤੇ ਉਸ ਜਵਾਨ ਪੁਤ ਦੀ ਲਾਸ਼ ਘਰ ਆ ਜਾਵੇ ਇਸ ਤੋਂ ਵਡਾ ਹੋਰ ਦੁਖ ਕੋਈ ਨਹੀਂ ਹੋ ਸਕਦਾ। ਹਜ਼ਾਰਾਂ ਸੇਜ਼ਲ ਅਖਾਂ ਨੇ ਹੈਦਰ ਅਲੀ ਨੂੰ ਅੰਤਿਮ ਵਿਦਾਇਗੀ ਦਿਤੀ ਤੇ ਮੰਡੀ ਅਹਿਮਦਗੜ ਦੇ ਕਬਰਸਤਾਨ ਚ ਸੁਪਰਦੇ-ਏ-ਖਾਕ ਕਰ ਦਿਤਾ।

Send this to a friend