ਤਲਵੰਡੀ ਸਾਬੋ, 14 ਜੂਨ (ਰਾਮ ਰੇਸ਼ਮ ਸ਼ਰਨ)- ਮਿਊਂਸਪਲ ਕਮੇਟੀ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ ਘੜੇ ਭੰਨ ਕੇ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਖਿਲਾਫ ਘੜੇ ਭੰਨ ਅਤੇ ਅਰਥੀ ਫੂਕ ਮੁਜਾਹਰੇ 16 ਜੂਨ ਤੱਕ ਜਾਰੀ ਰਹਿਣਗੇ। ਤਲਵੰਡੀ ਸਾਬੋ ਵਿਖੇ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਵੱਲੋਂ ਗਿੱਲਾਂ ਵਾਲਾ ਚੌਂਕ ਵਿੱਚ ਕਾਂਗਰਸ ਸਰਕਾਰ ਖਿਲਾਫ ਘੜੇ ਭੰਨ ਕੇ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪੱਕੇ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ, ਤਨਖਾਹ ਸਮੇਂ ਸਿਰ ਦੇਣਾ, ਸਫਾਈ ਕਰਮਚਾਰੀਆਂ ਨੂੰ ਕੰਮ ਦੌਰਾਨ ਦਸਤਾਨੇ, ਆਈ ਕਵਰ, ਗਮ ਬੂਟ, ਬਰਸਾਤੀ ਆਦਿ ਦੇਣ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਮੁਲਾਜਮਾਂ ਨੇ ਕਿਹਾ ਉਹਨਾਂ ਨੂੰ ਲਾਰੇ-ਲੱਪੇ ਵਾਲੀ ਨੀਤੀ ਅਪਣਾਈ ਜਾ ਰਹੀ। ਉਹਨਾਂ ਦੱਸਿਆ ਕਿ 14 ਤੋਂ 16 ਜੂਨ ਤੱਕ ਸਰਕਾਰ ਖਿਲਾਫ ਘੜੇ ਭੰਨ ਅਤੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਜਦੋਂਕਿ ਉਨਾਂ ਕਿ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕੰਮ ਬੰਦ ਕਰਕੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਕੱਤਰ ਸੰਦੀਪ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਰਾਮ ਸਿੰਘ, ਜੋਤੀ ਬਾਲਾ, ਸੇਵਾਪਤੀ, ਰਾਜੂ ਸਿੰਘ, ਮਲਕੀਤ ਸਿੰਘ, ਭੂਸ਼ਣ ਕੁਮਾਰ, ਮੁਕੇਸ਼ ਕੁਮਾਰ, ਇਤਬਾਰੀ ਲਾਲ ਵੀ ਮੌਜੂਦ ਸਨ।