May 30, 2026 8:19 pm

ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ

ਬਠਿੰਡਾ, 8 ਜੂਨ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)-ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦੇ ਕਾਤਲਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਲਹਿਰਾ ਧੂਰਕੋਟ ਦੇ ਕਿਸਾਨਾਂ ਅਤੇ ਕਿਸਾਨ ਯੂਨੀਅਨ ਭਾਕਿਯੂ ਉਗਰਾਹਾਂ ਦੀ ਅਗਵਾਈ ‘ਚ ਸਿਟੀ ਥਾਣੇ ਅਗੇ ਲਗਾਤਾਰ ਧਰਨਾ ਦਿਤਾ ਜਾ ਰਿਹਾ ਹੈ। ਸੰਘਰਸ਼ ਨੂੰ ਤੇਜ਼ ਕਰਦਿਆਂ ਕਿਸਾਨ ਯੂਨੀਅਨ ਵਲੋ ਥਾਣਾ ਸਿਟੀ ਦੇ ਮੁਖ ਗੇਟ ਸਮੇਤ ਦੂਜੇ ਦਰਵਾਜਿਆਂ ਅਗੇ ਵੀ ਦਰੀਆਂ ਵਿਛਾਕੇ ਪੁਲਿਸ ਪ੍ਰਸ਼ਾਸਨ ਨੂੰ ਨਜ਼ਰਬੰਦ ਕਰ ਦਿਤਾ। ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜਦੋਂ ਤਕ ਮਾਮਲੇ ਵਿਚ ਨਾਮਜਦ ਕਥਿਤ ਦੋਸ਼ੀ ਕਾਂਗਰਸ ਦੇ ਆਗੂ ਅਮਰਜੀਤ ਸ਼ਰਮਾ ਭਗਤਾ ਭਾਈਕਾ, ਦਲਾਲ ਰਿਸੂ ਸਰਮਾਂ ਤੇ ਦਰਸ਼ਨ ਮੰਡੀਕਲਾ ਨੂੰ ਗ੍ਰਿਫਤਾਰ ਨਹੀ ਕੀਤਾ ਜਾਂਦਾ ਉਦੋਂ ਤਕ ਇਹ ਧਰਨਾ ਦਿਨ – ਰਾਤ ਲਗਿਆ ਰਹੇਗਾ ਅਤੇ ਜਲਦ ਹੀ ਜਿਲਾ ਪਧਰ ‘ਤੇ ਇਸ ਸੰਘਰਸ਼ ਨੂੰ ਸੁਰੂ ਕਰਨ ਲਈ ਵਿਉਂਤਬੰਦੀ ਤਿਆਰ ਕੀਤੀ ਜਾਵੇਗੀ। ਧਰਨੇ ਨੂੰ ਮਾਸਟਰ ਸੁਖਦੇਵ ਸਿੰਘ ਜਵੰਦਾ ਬਲਾਕ ਪ੍ਰਧਾਨ, ਨਛਤਰ ਸਿੰਘ ਕੋਟੜਾ, ਸੁਰਜੀਤ ਸਿੰਘ, ਅਮਰ ਸਿੰਘ, ਰਾਜਪਾਲ ਸਿੰਘ ਸਾਬਕਾ ਸਰਪੰਚ ਪਿੰਡ ਲਹਿਰਾ ਧੂਰਕੋਟ, ਮਾਸਟਰ ਰਾਮ ਸਿੰਘ, ਅੰਗਰੇਜ ਸਿੰਘ ਭੋਲਾ ਸਿੰਘ, ਸਤਵਿੰਦਰ ਸਿੰਘ ਹੈਪੀ, ਚਰਨਜੀਤ ਸਿੰਘ ਤੇ ਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਮਾਮਲੇ ਸੰਬੰਧੀ ਥਾਣਾ ਮੁਖੀ ਸੁਨੀਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਇਸ ਮਾਮਲੇ ‘ਚ ਨਾਮਜ਼ਦ ਕੀਤੇ ਗਏ ਤਿੰਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ।

Send this to a friend