May 30, 2026 10:22 pm

ਕਸ਼ਮੀਰ ਲਈ ਨਵੀਂ ਪਹਿਲੀਕਦਮੀ

ਕਸ਼ਮੀਰ ਵਿੱਚ ਸਥਿਤੀ ਹੋਰ ਬਦੱਤਰ ਹੁੰਦੀ ਜਾ ਰਹੀ ਹੈ। ਵਿਗੜਦੇ ਹਾਲਾਤਾਂ ’ਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਆਮ ਲੋਕਾਂ ਅਤੇ ਸੁਰੱਖਿਆ ਦਸਤਿਆਂ ਦੇ ਜਵਾਨਾਂ ਦੀਆਂ ਮੌਤਾਂ ਬਹੁਤ ਹੀ ਚਿੰਤਾਜਨਕ ਹਨ। ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਜੰਮੂ-ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਨਹੀਂ ਹੋ ਰਹੇ। ਕਸ਼ਮੀਰ ਦੇ ਬਡਗਾਮ ਤੇ ਅਨੰਤਨਾਗ ਜ਼ਿਲ੍ਹਿਆਂ ਵਿਚ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੁਰਖਿਆ ਦਸਤਿਆਂ ਵਿਚਾਲੇ ਤਾਜ਼ਾ ਹਿੰਸਾ ਪੰਜ ਵਿਅਕਤੀਆਂ ਦੀ ਮੌਤ ਤੋਂ ਬਾਅਦ ਹਾਲਾਤ ਤਾਂ ਹੋਰ ਤਣਾਅਪੂਰਨ ਹੋ ਗਏ ਹਨ। ਜ਼ਖਮੀਆਂ ਦੀ ਗਿਣਤੀ ਤਾਂ ਹਜ਼ਾਰਾਂ ਵਿੱਚ ਦੱਸੀ ਜਾ ਰਹੀ ਹੈ। ਵਾਦੀ ਵਿਚ ਕਰਫਿਊ, ਪਾਬੰਦੀਆਂ ਤੇ ਹੜਤਾਲ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਇਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਮਜ਼ਦੂਰੀ ਜਾਂ ਛੋਟਾ-ਮੋਟਾ ਧੰਦਾ ਕਰਕੇ ਪੇਟ ਪਾਲਣ ਵਾਲੇ ਲੋਕਾਂ ਲਈ ਤਾਂ ਹੋਰ ਵੀ ਬਹੁਤ ਔਖੇ ਹਾਲਾਤ ਹਨ। ਹਿੰਸਾ ਅਤੇ ਅਸ਼ਾਂਤੀ ਕਾਰਨ ਹਰ ਤਰ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਸ਼ਮੀਰ ਦੇ ਹਾਲਾਤਾਂ ਬਾਰੇ ਸੰਸਦ, ਸਿਆਸੀ ਪਾਰਟੀਆਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਚਿੰਤਤ ਨਹੀਂ ਹਨ। ਬੇਸ਼ਕ ਕੇਂਦਰ ਸਰਕਾਰ ਵੱਲੋਂ ਨਵੀਂ ਪਹਿਲਕਦਮੀ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਅਮਲੀ ਰੂਪ ਵਿੱਚ ਕੁਝ ਨਹੀਂ ਹੋ ਰਿਹਾ। ਸਰਕਾਰ ਨੇ ਸਾਰੀ ਜ਼ਿੰਮੇਵਾਰੀ ਫੌਜ ਅਤੇ ਨੀਮ ਫੌਜੀ ਦਸਤਿਆਂ ’ਤੇ ਸੁੱਟ ਰੱਖੀ ਹੈ। ਸਿਆਸੀ ਹੱਲ ਵੱਲ ਤਾਂ ਇਕ ਵੀ ਕਦਮ ਨਹੀਂ ਪੁਟਿਆ ਜਾ ਰਿਹਾ। ਸਰਕਾਰ ਨੂੰ ਲੱਗਦਾ ਹੈ ਕਿ ਉਹ ਵਜੂਦ ਦੇ ਜ਼ੋਰ ’ਤੇ ਹੀ ਕਸ਼ਮੀਰ ਦੇ ਮਸਲੇ ਨੂੰ ਠੰਡਾ ਕਰ ਲੈਣਗੇ। ਸਰਕਾਰ ਦੀ ਇਹ ਪਹੁੰਚ ਪੂਰੀ ਤਰ੍ਹਾਂ ਗਲਤ ਹੈ। ਦੇਰ ਜਾਂ ਸਵੇਰ ਬੰਦੂਕ ਛੱਡ ਕੇ ਇਸ ਮਸਲੇ ਦਾ ਸਿਆਸੀ ਹੱਲ ਕੱਢਣਾ ਹੀ ਹੋਵੇਗਾ। ਬੇਸ਼ਕ ਤਾਜ਼ਾ ਹਾਲਤਾਂ ਵਿੱਚ ਫੌਰੀ ਤੌਰ ’ਤੇ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਹੀਂ ਦਿਸਦਾ। ਭਾਰਤ ਸਰਕਾਰ ਕਸ਼ਮੀਰ ਦੇ ਹਾਲਾਤਾਂ ਲਈ ਸਮੁੱਚੇ ਤੌਰ ’ਤੇ ਪਾਕਿਸਤਾਨ ਨੂੰ ਹੀ ਦੋਸ਼ੀ ਠਹਿਰਾ ਰਹੀ ਹੈ। ਇਸ ਦਲੀਲ ਕਾਰਨ ਹੀ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਲੋਕਤੰਤਰੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਸ਼ਮੀਰੀਆਂ ਨੂੰ ਵੱਖਵਾਦੀ ਅਤੇ ਅੱਤਵਾਦੀ ਕਰਾਰ ਦਿੱਤਾ ਜਾ ਰਿਹਾ ਹੈ। ਇਹ ਪਹੁੰਚ ਪੂਰੀ ਤਰ੍ਹਾਂ ਗਲਤ ਹੈ। ਜੇਕਰ ਕਸ਼ਮੀਰ ਭਾਰਤ ਦਾ ਅੰਗ ਹੈ ਤਾਂ ਭਾਰਤ ਦੇ ਸੰਵਿਧਾਨ ਮੁਤਾਬਿਕ ਹਰ ਕਸ਼ਮੀਰੀ ਨੂੰ ਆਪਣੀ ਆਵਾਜ਼ ਉਠਾਉਣ ਦਾ ਪੂਰਾ ਹੱਕ ਹੈ। ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਸਹੀ ਨਹੀਂ ਹੈ। ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਸ਼ਮੀਰੀਆਂ ਉਪਰ ਤਾਕਤ ਦੀ ਵਰਤੋਂ ਕਰਨਾ ਸਹੀ ਨਹੀਂ ਹੈ। ਸੁਰਖਿਆ ਦਸਤਿਆਂ ਦੀ ਬੇਲੋੜੀ ਦਖਲ ਅੰਦਾਜ਼ੀ ਅਤੇ ਸਖ਼ਤੀ ਕਾਰਨ ਹੀ ਕਸ਼ਮੀਰ ਵਿੱਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਕਸ਼ਮੀਰ ਦੇ ਵੱਖ-ਵੱਖ ਧੜਿਆਂ ਨਾਲ ਗੱਲਬਾਤ ਕਰਕੇ ਹਾਲਾਤ ਨੂੰ ਸਾਜ਼ਗਾਰ ਬਣਾਉਣ ਦੇ ਯਤਨ ਵੀ ਹੋਣੇ ਚਾਹੀਦੇ ਹਨ।
9 ਜੂਨ 2018 – ਬਲਜੀਤ ਸਿੰਘ ਬਰਾੜ

Send this to a friend