ਮਲਸੀਆਂ ਵਿਖੇ 427 ਲਾਭਪਾਤਰੀਆਂ ਨੂੰ ਕਰਜ਼ਾ ਰਾਹਤ ਸਕੀਮ ਦੇ ਸਰਟੀਫਿਕੇਟ ਤਕਸੀਮ
ਸ਼ਾਹਕੋਟ, 8 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਲਈ ਸੂਬੇ ਵਿੱਚ ਸੁਰੂ ਕੀਤੀ ਗਈ ਕਰਜ਼ਾ ਰਾਹਤ ਸਕੀਮ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਇਸ ਤਰ੍ਹਾਂ ਦੇ ਅਹਿਮ ਪ੍ਰੋਗਰਾਮ ਸੂਬੇ ਵਿੱਚ ਕਿਸਾਨ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣਗੇ। ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਖੈਹਿਰਾ ਪੈਲਸ ਮਲਸ਼ੀਆਂ ਵਿਖੇ 427 ਕਿਸਾਨਾਂ ਨੂੰ 3.45 ਕਰੋੜ ਦੇ ਕਰਜ਼ਾ ਰਾਹਤ ਸਕੀਮ ਦੇ ਚੈਕ ਤਕਸੀਮ ਕਰਨ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਵਾਸੀਆਂ ਖਾਸ ਕਰ ਮਿਹਨਤ ਕਸ਼ ਕਿਸਾਨਾਂ ਦੀ ਭਲਾਈ ਵੱਲ ਵਿਸ਼ੇਸ਼ ਤਵਜੋਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਵੀ ਕਿਸੇ ਮੁਸੀਬਤ ਨੇ ਘੇਰਿਆ ਹੈ ਤਾਂ ਮੁੱਖ ਮੰਤਰੀ ਉਨਾ ਨੂੰ ਮੁਸੀਬਤਾਂ ਵਿੱਚੋਂ ਬਾਹਰ ਕੱਢਣ ਲਈ ਅੱਗੇ ਆਏ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਜਦੋਂ ਕਰਜ਼ਾ ਰਾਹਤ ਸਕੀਮ ਦੇ ਦੂਜੇ ਪੜਾਅ ਦੌਰਾਨ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ 427 ਲਾਭਪਾਤਰੀਆਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਇਸ ਹਲਕੇ ਦੇ 3763 ਲਾਭਪਾਤਰੀਆਂ ਨੂੰ 32.63 ਕਰੋੜ ਦੇ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ ਗਏ ਸਨ। ਰਾਣਾ ਗੁਰਜੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਸਬ ਡਵੀਜ਼ਨ ਮੈਜਿਸਟਰੇਟ ਜਗਜੀਤ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰਤਾ ਸ੍ਰੀ ਸੰਤੋਸ਼ ਲਾਲ, ਅਜਮੇਰ ਸਿੰਘ ਖਾਲਸਾ,ਬਲਾਕ ਪ੍ਰਧਾਨ ਹਰਦੇਵ ਸਿੰਘ ਪੀਟਾ,ਅਨਾਜ ਮੰਡੀ ਦੇ ਵਾਈਸ ਪ੍ਰਧਾਨ ਲੱਕੀ ਬਧੇਸ਼ਾ,ਸੁਰਿੰਦਰਜੀਤ ਸਿੰਘ ਚੱਠਾ ਅਤੇ ਵੱਡੀ ਗਿਣਤੀ ‘ਚ ਕਰਜ਼ਾ ਮੁਆਫੀ ਦਾ ਚੈਂਕ ਲੈਣ ਲਈ ਕਿਸਾਨ ਹਾਜ਼ਰ ਸਨ।