ਕੇਂਦਰ ਸਰਕਾਰ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ। ਗੰਨਾ ਉਤਪਾਦਕ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਵੱਲੋਂ 8500 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਗਿਆ ਹੈ। ਸਰਕਾਰ ਦੇ ਇਸ ਪੈਕੇਜ ਦਾ ਖੰਡ ਮਿੱਲ੍ਹਾਂ ਨੂੰ ਵੀ ਵੱਡਾ ਲਾਭ ਮਿਲੇਗਾ। ਇਹ ਰਾਸ਼ੀ ਸਰਕਾਰ ਵਲੋਂ ਚੀਨੀ ਦਾ ਬਫਰ ਸਟਾਕ ਜਮ੍ਹਾਂ ਕਰਨ ਲਈ, ਈਥਾਨੌਲ ਉਤਪਾਦਨ ਸਮਰਥਾ ਵਧਾਉਣ ਅਤੇ ਮਿਲਾਂ ਦਾ ਘਾਟਾ ਘਟਾਉਣ ਲਈ ਵਰਤੀ ਜਾਵੇਗੀ। ਸਰਕਾਰ ਨੇ ਚੀਨੀ ਦੀ ਘਟੋ ਘਟ ਕੀਮਤ 29 ਰੁਪਏ ਨਿਰਧਾਰਤ ਕੀਤੀ ਹੈ। ਦੂਸਰੇ ਕਿਸਾਨਾਂ ਵਾਂਗ ਗੰਨਾ ਉਤਪਾਦਕ ਵੀ ਵੱਡੇ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਇਸ ਦੀ ਮਾਰ ਖੰਡ ਮਿੱਲ੍ਹਾਂ ਉਪਰ ਵੀ ਲਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਲਿਆ ਗਿਆ ਇਹ ਫੈਸਲਾ ਬੇਹਦ ਸ਼ਲਾਘਾਯੋਗ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਵੀ ਗੰਨਾ ਉਤਪਾਦਕਾਂ ਨੂੰ ਇਸ ਪੈਕੇਜ ਤੋਂ ਰਾਹਤ ਮਿਲੇਗੀ। ਸਰਕਾਰ ਨੇ ਗੰਨੇ ਤੋਂ ਈਥਾਨੌਲ ਬਣਾਉਣ ਅਤੇ ਚੀਨੀ ਦੇ ਵਾਧੂ ਪਏ ਸਟਾਕ ਨੂੰ ਵਰਤਣ ਲਈ 4400 ਕਰੋੜ ਦੇ ਸਬਸਿਡੀ ਵਾਲੇ ਕਰਜ਼ ਨੂੰ ਮਨਜ਼ੂਰੀ ਦੇ ਦਿਤੀ ਹੈ। ਪਹਿਲੀ ਵਾਰ ਸਰਕਾਰ ਨੇ 29 ਰੁਪਏ ਕਿਲੋ ਦੇ ਹਿਸਾਬ ਨਾਲ ਚੀਨੀ ਦਾ ਘਟੋ-ਘਟ ਮੁਲ ਵੀ ਤੈਅ ਕਰ ਦਿੱਤਾ ਹੈ। ਇਸ ਤੋਂ ਘਟ ਮੁਲ ਉਤੇ ਮਿਲਾਂ ਚੀਨੀ ਨਹੀਂ ਵੇਚ ਸਕਣਗੀਆਂ। ਸਰਕਾਰ ਦੀ ਇਸ ਪਹਿਲਕਦਮੀ ਦਾ ਅਸਲ ਉਦੇਸ਼ ਮਿੱਲ੍ਹਾਂ ਨੂੰ ਕਿਸਾਨਾਂ ਦੇ 22000 ਕਰੋੜ ਦੇ ਬਕਾਇਆਂ ਦੀ ਅਦਾਇਗੀ ਵਿਚ ਸਹਾਇਤਾ ਕਰਨਾ ਹੈ।। ਇਸ ਸਮੇਂ ਖੰਡ ਮਿੱਲ੍ਹਾਂ ਨੂੰ ਲਾਗਤ ਮੁਲ 32 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁਕਾਬਲੇ ਚੀਨੀ 26 ਤੋਂ 28 ਰੁਪਏ ਕਿਲੋ ਵੇਚਣੀ ਪੈ ਰਹੀ ਹੈ। ਇਸ ਨਾਲ ਮਿੱਲ੍ਹਾਂ ਨੂੰ ਭਾਰੀ ਘਾਟਾ ਪੈ ਰਿਹਾ ਹੈ ਅਤੇ ਉਹ ਕਿਸਾਨਾਂ ਦੇ ਬਕਾਏ ਮੋੜਨ ਦੇ ਸਮਰੱਥ ਨਹੀਂ ਹਨ। ਸਰਕਾਰ ਵੱਲੋਂ ਵੇਲੇ ਸਿਰ ਚੁੱਕਿਆ ਗਿਆ ਇਹ ਕਦਮ ਖੰਡ ਮਿੱਲ੍ਹਾਂ ਅਤੇ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸਹਾਈ ਹੋਵੇਗਾ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਪੈਸੇ ਦਾ ਯੋਗ ਤਰੀਕੇ ਨਾਲ ਇਸਤੇਮਾਲ ਕਰਨ। ਖੰਡ ਉਦਯੋਗ ਨੂੰ ਮਜ਼ਬੂਤ ਕਰਨਾ ਬੇਹਦ ਜ਼ਰੂਰੀ ਹੈ। ਇਸ ਨਾਲ ਲੱਖਾਂ ਕਿਸਾਨਾਂ ਦਾ ਭਵਿੱਖ ਜੁੜਿਆ ਹੋਇਆ ਹੈ। ਕਿਸਾਨਾਂ ਤੋਂ ਇਲਾਵਾ ਖੰਡ ਮਿੱਲ੍ਹਾਂ ਰੁਜ਼ਗਾਰ ਦਾ ਵੀ ਵੱਡਾ ਸਾਧਨ ਹਨ। ਜੇਕਰ ਖੰਡ ਦਾ ਘਰੇਲੂ ਉਤਪਾਦਨ ਘਟਦਾ ਹੈ ਤਦ ਸਰਕਾਰ ਨੂੰ ਮਹਿੰਗੇ ਮੁੱਲ ਵਿੱਚ ਖੰਡ ਬਾਹਰ ਤੋਂ ਮੰਗਵਾਉਣੀ ਪਵੇਗੀ।
8 ਜੂਨ 2018 – ਬਲਜੀਤ ਸਿੰਘ ਬਰਾੜ