Skip to content
Independent perspectives. Global stories.
BREAKING

ਕੈਨੇਡਾ ਫੇਰੀ ਦਾ ਨਿਵੇਕਲਾ ਅਨੁਭਵ

Share this story

ਜਿਥੇ ਏਸ਼ੀਅਨ ਮੁਲਕਾਂ ਵਿਚ ਬਚੇ ਦੇ ਜਨਮ ਸਮੇਂ ਜਚਾ-ਬਚਾ ਦੀ ਮੌਤ ਦਰ ਹਾਲੇ ਕਾਫੀ ਉਚੀ ਹੈ, ਉਥੇ ਕੈਨੇਡਾ ਵਿਚ ਜਚਾ-ਬਚਾ ਦੀ ਮੌਤ ਦਰ ਨਾਮਾਤਰ ਹੈ ਕਿਉੁਂਕਿ ਉਥੇ ਜਨਮ ਸਮੇਂ ਤੋਂ ਹੀ ਬਚੇ ਦਾ ਪੂਰਾ ਧਿਆਨ ਰਖਿਆ ਜਾਂਦਾ ਹੈ।। ਡਲਿਵਰੀ ਸਰਕਾਰੀ ਹਸਪਤਾਲਾਂ ਵਿਚ ਮੁਫਤ ਅਤੇ ਸੁਰਖਿਅਤ ਹੈ। ਸਰਕਾਰੀ ਨਰਸਾਂ ਘਰਾਂ ਵਿਚ ਆ ਕੇ ਵੀ ਬਚੇ ਦੀ ਦੇਖਭਾਲ ਅਤੇ ਚੈਕਅਪ ਕਰਦੀਆਂ ਹਨ । ਬਚੇ ਦੇ ਜਨਮ ਤੋਂ ਪਹਿਲਾਂ ਸਾਂਭ-ਸੰਭਾਲ ਸੰਬੰਧੀ ਮਾਤਾ-ਪਿਤਾ ਦੋਨਾਂ ਨੂੰ ਟ੍ਰੇਨਿੰਗ ਦਿਤੀ ਜਾਂਦੀ ਹੈ ।
ਬਾਰਵੀਂ ਤਕ ਦੀ ਸਕੂਲੀ ਪੜ੍ਹਾਈ ਬਿਲਕੁਲ ਮੁਫਤ ਹੈ , ਬਚਿਆਂ ਤੇ ਬਸਤਿਆਂ ਦਾ ਬੋਝ ਨਹੀਂ । ਸਾਰਾ ਕੰਮ ਸਕੂਲ ਵਿਚ ਹੀ ਕਰਵਾਇਆ ਜਾਂਦਾ ਹੈ । ਲੈਪਟੋਪ, ਆਈਪੈਡ, ਕੰਪਿਊਟਰ ਦੀ ਵਰਤੋਂ ਬਹੁਤ ਜ਼ਿਆਦਾ ਹੈ । ਬਚਿਆਂ ਦੀ ਸਰੀਰਿਕ ਤੰਦਰੁਸਤੀ ਦਾ ਖਾਸ ਖਿਆਲ ਰਖਿਆ ਜਾਂਦਾ ਹੈ । ਹਰ ਇਕ ਬਚੇ ਲਈ ਕੋਈ ਨਾ ਕੋਈ ਖੇਡ ਖੇਡਣੀ ਲਾਜ਼ਮੀ ਹੈ । ਆਮ ਤੌਰ ਤੇ ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਲੜਕੇ-ਲੜਕੀਆਂ ਆਪੋ-ਆਪਣੇ ਕੰਮਾਂ ਤੇ ਲਗ ਜਾਂਦੇ ਹਨ । ਉਚ ਵਿਦਿਆ ਬਹੁਤ ਘਟ ਵਿਦਿਆਰਥੀ ਕਰਦੇ ਹਨ ਜੋ ਕਿ ਕਾਫੀ ਮਹਿੰਗੀ ਹੈ । ਵਿਦੇਸ਼ੀ ਵਿਦਿਆਰਥੀਆਂ ਤੋਂ ਬਹੁਤ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਹਨ। ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਵਿਦੇਸ਼ੀ ਵਿਦਿਆਰਥੀਆਂ ਦੇ ਸਹਾਰੇ ਹੀ ਚਲਦੇ ਹਨ।
ਕੈਨੇਡਾ ਵਿਚ ਵਖ-ਵਖ ਦੇਸ਼ਾਂ, ਧਰਮਾਂ ਤੇ ਜਾਤਾਂ ਦੇ ਲੋਕ ਵਸਦੇ ਹਨ ਅਤੇ ਆਪਣੇ ਆਪ ਨੂੰ ਕੈਨੇਡੀਅਨ ਅਖਵਾਉਣ ਤੇ ਮਾਣ ਮਹਿਸੂਸ ਕਰਦੇ ਹਨ। ਧਰਮ, ਨਸਲ, ਰੰਗ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ । ਆਪਣੀ ਲਿਆਕਤ ਤੇ ਯੋਗਤਾ ਦੇ ਆਧਾਰ ਤੇ ਕੋਈ ਕਿਸੇ ਵੀ ਮੁਕਾਮ ਤੇ ਪਹੁੰਚ ਸਕਦਾ ਹੈ। ਉਦਾਹਰਨ ਵਜੋਂ ਕੈਨੇਡਾ ਵਿਚ ਚਾਰ ਮੰਤਰੀ ਪੰਜਾਬੀ ਸਿਖ ਹਨ ਅਤੇ ਇੰਮੀਗਰੇਸ਼ਨ ਮੰਤਰੀ ਮੁਸਲਿਮ ਹੈ।
ਕੈਨੇਡਾ ਵਿਚ ਔਰਤਾਂ ਪੂਰੀ ਤਰ੍ਹਾਂ ਆਜ਼ਾਦ ਤੇ ਸੁਰਖਿਅਤ ਹਨ ।ਹੋਟਲਾਂ, ਦੁਕਾਨਾਂ, ਦਫਤਰਾਂ, ਮਾਲਜ਼ ਗਲ ਕੀ ਹਰ ਖੇਤਰ ਵਿਚ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ। ਕਈ ਖੇਤਰਾਂ ਵਿਚ ਮੋਹਰੀ ਰੋਲ ਅਦਾ ਕਰਦੀਆਂ ਹਨ । ਔਰਤਾਂ ਬੇਖੌਫ ਹੋ ਕੇ ਅਧੀ-ਅਧੀ ਰਾਤ ਨੂੰ ਕੰਮਾਂ ਤੇ ਜਾਂਦੀਆਂ ਤੇ ਘਰ ਵਾਪਸ ਆਉੰਦੀਆਂ ਹਨ , ਰਸਤੇ ਵਿਚ ਕੋਈ ਖਤਰਾ ਨਹੀਂ । ਹਰ ਖੇਤਰ ਵਿਚ ਪਾਰਦਰਸ਼ਤਾ ਹੈ । ਹਰ ਨਾਗਰਿਕ ਸਮਾਨ ਹੈ । ਆਪਣੀ ਵਾਰੀ ਦੀ ਉਡੀਕ ਕਰਦਾ ਹੈ । ਰਿਸ਼ਵਤਖੋਰੀ ਬਿਲਕੁਲ ਨਹੀਂ । ਸਾਰੇ ਕੰਮ ਆਨ ਲਾਈਨ ਬਿਨ੍ਹਾ ਭੇਦਭਾਵ ਦੇ ਹੁੰਦੇ ਹਨ।
ਗੋਰੇ ਲੋਕ ਖਾਸ ਤੌਰ ਤੇ ਜਦੋਂ ਵੀ ਮਿਲਦੇ ਹਨ ਤਾਂ ਮੁਸਕਰਾਹਟ ਹੀ ਵੰਡਦੇ ਹਨ । ਜਦੋਂ ਵੀ ਅਸੀਂ ਸਵੇਰੇ ਸੈਰ ਕਰਨ ਜਾਂਦੇ ਤਾਂ ਜੋ ਵੀ ਸਾਨੂੰ ਮਿਲਦਾ ਮੁਸਕਰਾ ਕੇ ਸ਼ੁਭ ਇਛਾ ਪੇਸ਼ ਕਰਦਾ ਸੀ । ਇਮਾਨਦਾਰੀ, ਸਾਫਗੋਈ, ਸਾਫਦਿਲੀ ਉਹਨਾਂ ਲੋਕਾਂ ਦਾ ਵਿਸ਼ੇਸ਼ ਗੁਣ ਹੈ। ।
ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਭਾਰਤੀਆਂ ਵਿਸ਼ੇਸ਼ ਕਰ ਕੇ ਪੰਜਾਬੀਆਂ ਨੂੰ ਕਿਰਤ ਕਰਨ ਦਾ ਜੋ ਉਪਦੇਸ਼ ਦਿਤਾ ਸੀ, ਸਾਨੂੰ ਲਗਦਾ ਉਹ ਕੈਨੇਡਾ ਪਹੁੰਚ ਗਿਆ। ਉਥੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਵਡਾ ਨਹੀਂ ਸਮਝਿਆ ਜਾਂਦਾ । ਸਫਾਈ ਸੇਵਕ ਦੀ ਵੀ ਉਨ੍ਹੀ ਹੀ ਕਦਰ ਹੈ ਜਿੰਨੀ ਕੇ ਕਿਸੇ ਵਡੇ ਤੋਂ ਵਡੇ ਨੇਤਾ ਦੀ । ਹਰ ਆਦਮੀ ਬਰਾਬਰ ਹੈ ਕੋਈ ਵਡਾ ਛੋਟਾ ਨਹੀਂ। ਹਰੇਕ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਉਸਦਾ ਮੁਲ ਵੀ ਮਿਲਦਾ ਹੈ ਜੋ ਕਿ ਸਰਕਾਰ ਵਲੋਂ ਨਿਰਧਾਰਤ ਹੈ, ਜਿਸ ਨਾਲ ਉਹ ਆਪਣੀ ਵਧੀਆ ਜਿੰਦਗੀ ਜਿਉਂਦਾ ਹੈ। ਹਰੇਕ ਨਾਗਰਿਕ ਟੈਕਸ ਅਦਾ ਕਰਨ ਨੂੰ ਆਪਣਾ ਫਰਜ਼ ਸਮਝਦਾ ਹੈ । ਟੈਕਸ ਲੈ ਕੇ ਸਰਕਾਰ ਲੋਕਾਂ ਨੂੰ ਵਧ ਤੋਂ ਵਧ ਸਹੂਲਤਾਂ ਦਿੰਦੀ ਹੈ। ਬਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਸਰਕਾਰ ਆਪਣਾ ਫਰਜ਼ ਸਮਝਦੀ ਹੈ ਨਾ ਕਿ ਲੋਕਾਂ ਸਿਰ ਅਹਿਸਾਨ । ਜੋ ਵੀ ਕਾਮਾ ਕੰਮ ਤੇ ਜਾਂਦਾ ਹੈ ਆਪਣਾ ਖਾਣ-ਪੀਣ ਦਾ ਪ੍ਰਬੰਧ ਖੁਦ ਕਰਦਾ ਹੈ । ਕੋਈ ਪਲੰਬਰ, ਬਿਜਲੀ ਮਕੈਨਿਕ ਆਦਿ ਜਿਸ ਘਰ ਕੰਮ ਤੇ ਜਾਂਦਾ ਹੈ ਉਸ ਘਰ ਵਾਲੇ ਤੋਂ ਕਿਸੇ ਕਿਸਮ ਦੀ ਖਾਣ-ਪੀਣ ਦੀ ਝਾਕ ਨਹੀਂ ਰਖਦਾ । ਇਕ ਵਾਰ ਬੇਟੀ ਦੇ ਘਰ ਨਰਸ ਆਈ ਤਾਂ ਬੜੀ ਮੁਸ਼ਕਿਲ ਨਾਲ ਉਸਨੂੰ ਚਾਹ ਦਾ ਕਪ ਪੀਣ ਲਈ ਰਾਜ਼ੀ ਕੀਤਾ, ਉਹ ਸਗੋਂ ਬਚੇ ਨੂੰ ਬਹੁਤ ਸਾਰੇ ਤੋਹਫੇ ਦੇ ਕੇ ਗਈ। ਬਾਲ ਮਜ਼ਦੂਰੀ ਤੇ ਪਾਬੰਦੀ ਹੈ।
ਕੈਨੇਡੀਅਨ ਲੋਕ ਘੁੰਮਣ ਫਿਰਨ ਤੇ ਜਿੰਦਗੀ ਨੂੰ ਮਾਨਣ ਦੇ ਸੌਕੀਨ ਹਨ।। ਪੰਜ ਦਿਨ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਵੀਕ ਐਂਡ ਤੇ ਕਿਤੇ ਨਾ ਕਿਤੇ ਘੁੰਮਣ ਜ਼ਰੂਰ ਜਾਂਦੇ ਹਨ। ਸ਼ਨੀ ਐਤਵਾਰ ਨੂੰ ਸਮੁੰਦਰੀ ਕਿਨਾਰੇ, ਝੀਲਾਂ, ਪਾਰਕਾਂ ਤੇ ਹੋਰ ਕੈਂਪ ਸਾਈਟਸ ਤੇ ਲੋਕਾਂ ਦੀਆਂ ਭੀੜਾਂ ਦੇਖਣ ਨੂੰ ਮਿਲਦੀਆਂ ਹਨ । ਲੋਕ ਸਿਹਤਮੰਦ ਹਨ । ਵਡੀ ਉਮਰ ਤਕ ਵੀ ਉਹਨਾਂ ਦੇ ਚਿਹਰਿਆਂ ਤੇ ਬੁਢਾਪਾ ਦਾ ਝਲਕਾਰਾ ਨਹੀਂ ਪੈਂਦਾ ।ਸਾਡੀ ਬੇਟੀ ਦੇ ਆਢ-ਗੁਆਢ ਵਿਚ 80-90 ਸਾਲ ਦੀਆਂ ਔਰਤਾਂ ਨੂੰ ਖੁਦ ਆਪਣੇ ਲਾਅਨ ਦੀ ਸਫਾਈ ਕਰਦਿਆਂ ਦੇਖ ਕੇ ਇਹ ਮਹਿਸੂਸ ਹੋਇਆ ਕਿ ਇਸਦਾ ਕਾਰਨ ਸ਼ੁਧ ਅਤੇ ਸੰਤੁਲਿਤ ਖੁਰਾਕ, ਸਾਫ ਵਾਤਾਵਰਨ, ਸਿਹਤ ਸਹੂਲਤਾਂ ਅਤੇ ਲੋਕਾਂ ਦਾ ਖੁਸ਼-ਮਿਜ਼ਾਜ਼ ਅਤੇ ਸੰਤੁਸ਼ਟੀ ਵਾਲਾ ਜੀਵਨ ਹੈ।ਲੋਕਾਂ ਵਿਚ ਵਿਖਾਵੇ ਦੀ ਰੁਚੀ ਬਿਲਕੁਲ ਨਹੀਂ, ਲੋਕ ਸਾਦਾ ਜੀਵਨ ਜਿਉਣ ਨੂੰ ਤਰਜੀਹ ਦਿੰਦੇ ਹਨ। ਮਿਠਾ ਬੋਲਣਾ, ਦੂਜੇ ਦੇ ਕੰਮ ਆਉਣਾ ਆਦਿ ਮਨੁਖੀ ਗੁਣਾ ਕਰਕੇ ਹੀ ਲੋਕ ਤੰਦਰੁਸਤ ਅਤੇ ਖੁਸ਼ ਹਨ।
– ਬਾਕੀ ਕੱਲ੍ਹ ਪੜ੍ਹੋ

WRITTEN BY