ਸਿਹਤਮੰਦ ਨਾਗਰਿਕ ਹੀ ਦੇਸ਼ ਦੀ ਵੱਡਮੁੱਲੀ ਪੂੰਜੀ ਹੁੰਦੇ ਹਨ। ਅਜੋਕੇ ਤਕਨਾਲੋਜੀ ਦੇ ਯੁੱਗ ਵਿੱਚ ਕੰਮਾਂ ਕਾਰਾਂ ਦੀ ਜਿੰਮੇਵਾਰੀ ਮਸ਼ੀਨਾਂ ਦੇ ਲੈਣ ਕਰਕੇ ਇਨਸਾਨ ਕਮਜ਼ੋਰ ਹੀ ਨਹੀਂ ਬਲਕਿ ਸਰੀਰਿਕ ਤੰਦਰੁਸਤੀ ਤੋਂ ਸੱਖਣਾ ਹੋ ਰਿਹਾ ਹੈ।ਸਰੀਰਿਕ ਸਿੱਖਿਆ ਇਨਸਾਨ ਨੂੰ ਸਿਹਤਮੰਦ ਜਿੰਦਗੀ ਜਿਉਣ ਦਾ ਗਿਆਨ ਹੀ ਪ੍ਰਦਾਨ ਨਹੀ ਕਰਦੀ ਸਗੋਂ ਇਹ ਆਮ ਸਿੱਖਿਆ ਦਾ ਇੱਕ ਅਨਿੱਖੜਵਾਂ ਅੰਗ ਵੀ ਹੈ ਜਿਸ ਤੋਂ ਬਿਨਾਂ ਮਨੁੱਖ ਦੀ ਸਰਵਪੱਖੀ ਸਖ਼ਸ਼ੀਅਤ ਦਾ ਵਿਕਾਸ ਹੋਣਾ ਅਸੰਭਵ ਹੈ।
ਮੌਜੂਦਾ ਸਰਕਾਰ ਨੇ ਇੱਕ ਪਾਸੇ ਤਾਂ ਸਰੀਰਿਕ ਸਿੱਖਿਆ ਦੀ ਮਹੱਤਤਾ ਨੂੰ ਪਛਾਣਦਿਆਂ ਪਹਿਲੀ ਕਲਾਸ ਤੋ ਖੇਡਾਂ ਦਾ ਪੀਰੀਅਡ ਲਾਜ਼ਮੀ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਨੌਵੀਂ ਅਤੇ ਦਸਵੀਂ ਕਲਾਸ ਵਿੱਚ ਇਸ ਵਿਸ਼ੇ ਨੂੰ ਲਾਜਮੀ ਤੋ ਚੋਣਵਾਂ ਕਰ ਦਿੱਤਾ ਗਿਆ ਹੈ।ਖੇਡ ਮਾਹਿਰਾਂ ਅਨੁਸਾਰ ਲੜਕੀ ਦਾ ਸਰੀਰਕ ਵਿਕਾਸ 19 ਸਾਲ ਤੱਕ ਅਤੇ ਲੜਕੇ ਦਾ 21 ਸਾਲ ਤੱਕ ਮੁਕੰਮਲ ਹੂੰਦਾ ਹੈ ।ਵਰਨਣਯੋਗ ਹੈ ਕਿ ਪੰਜ ਸਾਲ ਦੀ ਉਮਰ ਵਿੱਚ ਬੱਚਾ ਪਹਿਲੀ ਕਲਾਸ ਵਿੱਚ ਦਾਖਲ ਹੁੰਦਾ ਹੈ ਅਤੇ 13 ਸਾਲ ਦੀ ਉਮਰ ਵਿੱਚ ਨੌਵੀ ਕਲਾਸ ਵਿੱਚ ਪਹੁੰਚਦਾ ਹੈ। ਇਸ ਸਮੇ ਦੌਰਾਨ ਵਿਦਿਆਰਥੀ ਅੰਦਰ ਮਾਨਸਿਕ, ਸਰੀਰਿਕ, ਨੈਤਿਕ ਅਤੇ ਭਾਵਨਾਤਮਿਕ ਗੁਣਾਂ ਦਾ ਵਿਕਾਸ ਸਿਰਫ ਕਲਾਸਰੂਮ ਵਿੱਚ ਪੜਾਉਣ ਨਾਲ ਨਹੀ ਬਲਕਿ ਸਰੀਰਿਕ ਸਿੱਖਿਆ ਨਾਲ ਹੀ ਕੀਤਾ ਜਾਂਦਾ ਹੈ। ਵਿਕਾਸ ਦੀ ਇਹ ਪ੍ਰਕਿਰਿਆ ਬਾਲ ਅਵਸਥਾ ਤੋਂ ਸ਼ੁਰੂ ਹੋ ਕੇ ਬਚਪਨ, ਜਵਾਨੀ ,ਬਾਲ ਪੁਣਾ ਅਤੇ ਬਾਲ ਪੁਣੇ ਤੋ ਅਨੁਵੰਸ਼ਿਕ ਕਿਰਿਆ ਰਾਹੀਂ ਬੁਢਾਪੇ ਤੱਕ ਪਹੁੰਚਦੀ ਹੈ। ਇਥੇ ਦੱਸਣਾ ਬੜਾ ਯੋਗ ਹੈ ਕਿ ਸਰੀਰਿਕ ਸਿੱਖਿਆ ਖੇਡਾਂ ਤੱਕ ਹੀ ਸੀਮਤ ਨਹੀਂ ਬਲਕਿ ਵਿਉਂਤਬੱਧ ਤਰੀਕੇ ਨਾਲ ਸਾਰੇ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ ਜਿਸ ਨਾਲ ਵਿਅਕਤੀ ਇੱਕ ਆਦਰਸ਼ ਨਾਗਰਿਕ ਬਣ ਕੇ ਜੀਵਨ ਬਤੀਤ ਕਰਦਾ ਹੈ।
ਨਿਰਸੰਦੇਹ ਸਰੀਰਿਕ ਸਿੱਖਿਆ ਪਹਿਲੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਅਤੀ ਜਰੂਰੀ ਹੈ ਤਾਂ ਜੋ ਵਿਅਕਤੀ ਦਾ ਸਮੁੱਚਾ ਵਿਕਾਸ ਹੋ ਸਕੇ ਅਤੇ ਉਹ ਸਿਹਤਮੰਦ ਸਮਾਜ ਦਾ ਅੰਗ ਬਣ ਸਕੇ।ਸਰੀਰਿਕ ਕਿਰਿਆਵਾਂ ਵਿਦਿਆਰਥੀ ਦੇ ਪੜਨ,ਲਿਖਨ ਅਤੇ ਬੋਲਣ ਦੀ ਯੋਗਤਾ ਨੂੰ ਵਿਕਸਤ ਕਰਦੀਆਂ ਹਨ।ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਸਰੀਰਿਕ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵਿਸ਼ੇ ਵਿੱਚ ਸਿਹਤ, ਖੁਰਾਕ, ਬਿਮਾਰੀਆਂ, ਵਰਜਿਸ਼ ਅਤੇ ਖੇਡਾਂ ਬਾਰੇ ਭਰਪੂਰ ਜਾਣਕਾਰੀ ਹੁੰਦੀ ਹੈ ਜਿਸ ਨਾਲ ਵਿਅਕਤੀ ਸਿਹਤਮੰਦ ਬਣਕੇ ਖੁਸ਼ਹਾਲ ਜਿੰਦਗੀ ਬਸਰ ਕਰਦਾ ਹੈ। ਜਿੰਨਾਂ ਕੌਮਾਂ ਨੇ ਸਰੀਰਿਕ ਸਿੱਖਿਆ ਦੀ ਮਹੱਤਤਾ ਨੂੰ ਪਛਾਣਿਆ ਹੈ ਉਥੇ ਨਰੋਏ ਨਾਗਰਿਕ ਪੈਦਾ ਹੋਏ ਹਨ।ਸਰਕਾਰਾਂ ਨੇ ਡਾਕਟਰਾਂ ਅਤੇ ਹਸਪਤਾਲਾਂ ਦੇ ਖਰਚਿਆਂ ਤੋ ਛੁਟਕਾਰਾ ਪਾਇਆ ਹੈ। ਉਥੋਂ ਦੇ ਬਾਸ਼ਿੰਦਿਆਂ ਦੀਆਂ ਔਸਤਨ ਉਮਰਾਂ ਲੰਬੀਆਂ ਹੀ ਨਹੀ ਹੋਈਆਂ ਬਲਕਿ ਖੇਡ ਜਗਤ ਵਿੱਚ ਵੀ ਅਹਿਮ ਮੱਲਾਂ ਮਾਰੀਆਂ ਹਨ। ਪੰਜਾਬ ਦਾ ਸਿੱਖਿਆ ਮਹਿਕਮਾ ਆਏ ਦਿਨ ਵਿੱਦਿਅਕ ਢਾਂਚੇ ਵਿੱਚ ਤਬਦੀਲੀਆਂ ਕਰਕੇ ਨਵਂੇ ਤਜਰਬੇ ਕਰ ਰਿਹਾ ਹੈ ਜੋ ਕਿ ਵਧੀਆ ਰੁਝਾਨ ਨਹੀਂ ਹੈ।
ਸਿਲੇਬਸ ਚੋ ਸਿੱਖ ਇਤਿਹਾਸ ਕੱਢਣਾ , ਹਿਸਾਬ ਅਤੇ ਵਿਗਿਆਨ ਨੂੰ ਅੰਗਰੇਜੀ ਵਿਸ਼ੇ ਵਿੱਚ ਪੜਾਉਣਾ ਅਤੇ ਸਰੀਰਿਕ ਸਿੱਖਿਆ ਦੇ ਵਿਸ਼ੇ ਨੂੰ ਚੋਣਵਾਂ ਕਰਾਰ ਦੇਣ ਵਰਗੇ ਫੈਸਲੇ ਕਦਾਚਿੱਤ ਸਹੀ ਨਹੀਂ ਜਾਪਦੇ। ਜਰੂਰਤ ਹੈ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਅਤੇ ਅਧਿਆਪਕਾਂ ਦੀ ਘਾਟ ਵੱਲ ਧਿਆਨ ਦੇਣ ਦੀ । ਪਰ ਸਮੇਂ ਦੀ ਸਰਕਾਰ ਨੇ ਇਸ ਪਾਸੇ ਤੋ ਅੱਖਾਂ ਮੀਚ ਰੱਖੀਆਂ ਹਨ ਸਿਰਫ ਬਿਆਨਬਾਜੀ ਨਾਲ ਹੀ ਵਕਤ ਲੰਘਾਇਆ ਜਾ ਰਿਹਾ ਹੈ ।ਜੇਕਰ ਸਰੀਰਿਕ ਸਿੱਖਿਆ ਅਤੇ ਖੇਡਾਂ ਬਾਰੇ ਸਰਕਾਰ ਦਾ ਵਤੀਰਾ ਉਦਾਸਹੀਨਤਾ ਵਾਲਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਸਿੱਖਿਆ ਅਤੇ ਸਖ਼ਸੀਅਤ ਵਿਕਾਸ ਵੱਲੋਂ ਸੱਖਣੇ ਹੀ ਨਹੀਂ ਰਹਿਨਗੇ ਬਲਕਿ ਸਿਹਤ ਪੱਖੋਂ ਵੀ ਵਾਂਝੇ ਹੋਣਗੇ। ਇੱਕ ਸਿਹਤਮੰਦ ਨਾਗਰਿਕ ਹੀ ਸਿਹਤਮੰਦ ਰਾਸ਼ਟਰ ਨਿਰਮਾਤਾ ਹੁੰਦਾ ਹੈ।
ਸਕੂਲਾਂ ’ਚ ਸਰੀਰਿਕ ਸਿੱਖਿਆ ਦੇ ਵਿਸ਼ੇ ਨਾਲ ਖਿਲਵਾੜ ਕਿਉਂ ?



