ਖੇਡਾਂ ’ਚੋਂ ਸਿਆਸਤਦਾਨਾਂ ਦੀ ਬੇਦਖਲੀ

ਖੇਡਾਂ ਨਾਲ ਸਬੰਧਤ ਸੰਸਥਾਵਾਂ ਵਿੱਚ ਸਿਆਸੀ ਨੇਤਾਵਾਂ ਦੀ ਬੇਦਖਲੀ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ। ਸਿਆਸਤਦਾਨਾਂ ਕਾਰਨ ਹੀ ਭਾਰਤ ਖੇਡਾਂ ਦੇ ਖੇਤਰ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਰਿਹਾ। ਇਹ ਚੰਗੀ ਗੱਲ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਇਸ ਸਬੰਧੀ ਪਹਿਲ ਲੈਂਦੇ ਹੋਏ ਇਹ ਆਖਿਆ ਹੈ ਕਿ ਉਹ ਖੇਡ ਜੱਥੇਬੰਦੀਆਂ ਵਿੱਚ ਸਿਆਸੀ ਆਗੂਆਂ ਦਾ ਦਾਖਲਾ ਨਹੀਂ ਚਾਹੁੰਦੀ। ਇਹ ਕਾਰਜ ਹਾਲਾਂਕਿ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰੰਤੂ ਕੇਂਦਰ ਵਿੱਚ ਸਰਕਾਰ ਦੀ ਅਗਵਾਈ ਕਰ ਰਹੀ ਪਾਰਟੀ ਦੇ ਉਚ ਆਗੂ ਵੱਲੋਂ ਇਸ ਤਰ੍ਹਾਂ ਦੀ ਸੋਚ ਦਾ ਪ੍ਰਗਟਾਵਾ ਇਕ ਹਾਂ-ਪੱਖੀ ਕਦਮ ਆਖਿਆ ਜਾ ਸਕਦਾ ਹੈ। ਨੌਜਵਾਨਾਂ ਲਈ ਰਾਸ਼ਟਰੀ ਨੀਤੀ ਅਤੇ ਰਾਜੀਵ ਗਾਂਧੀ ਖੇਡ ਮੁਹਿੰਮ ਯੋਜਨਾ ਨੂੰ ਹਰੀ ਝੰਡੀ ਦਿੰਦੇ ਹੋਏ ਨੌਜਵਾਨ ਕਾਂਗਰਸੀ ਆਗੂ ਨੇ ਆਖਿਆ ਹੈ ਕਿ ਸਿਆਸੀ ਲੀਡਰਾਂ ਨੂੰ ਖੇਡਾਂ ਦੇ ਅਖਾੜੇ ਤੋਂ ਬਾਹਰ ਹੀ ਰਹਿਣਾ ਚਾਹੀਦਾ ਹੈ। ਇਸ ਦੀ ਜ਼ਿੰਮੇਵਾਰੀ ਖੇਡ ਨਾਲ ਜੁੜੇ ਲੋਕਾਂ ਕੋਲ ਹੀ ਹੋਣੀ ਚਾਹੀਦੀ ਹੈ। ਇਹ ਇਕ ਵੱਡੀ ਕੌਮੀ ਮਸਲਾ ਹੈ। ਇਸ ਮੁੱਦੇ ਉਪਰ ਜੇਕਰ ਕਾਂਗਰਸ ਇਹ ਨੀਤੀ ਆਪਣਾ ਕੇ ਚਲਦੀ ਹੈ ਤਾਂ ਇਸ ਖੇਡਾਂ ਦੇ ਖੇਤਰ ਉਪਰ ਇਸ ਦਾ ਚੰਗਾ ਅਸਰ ਪਵੇਗਾ। ਕੌਮੀ ਮੀਤ ਪ੍ਰਧਾਨ ਦੀ ਇੱਛਾ ਮੁਤਾਬਿਕ ਸਾਰੇ ਕਾਂਗਰਸੀ ਨੇਤਾਵਾਂ ਨੂੰ ਸਵੈ-ਇੱਛਾ ਨਾਲ ਖੇਡ ਸੰਸਥਾਵਾਂ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਜੇਕਰ ਕਾਂਗਰਸੀ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਸਰਕਾਰ ਅਤੇ ਪਾਰਟੀ ਵੱਲੋਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਖੇਡਾਂ ਦੇ ਮਸਲੇ ਵਿੱਚ ਸਿਆਸਤਦਾਨਾਂ ਦੀ ਦਖਲ ਅੰਦਾਜ਼ੀ ਸਿਰਫ ਇਕ ਚੋਣ ਏਜੰਡਾ ਨਹੀਂ ਹੋਣਾ ਚਾਹੀਦਾ। ਇਸ ਮਾਮਲੇ ਵਿੱਚ ਅਮਲੀ ਤੌਰ ’ਤੇ ਫੈਸਲੇ ਲੈਣ ਦੀ ਜ਼ਰੂਰਤ ਹੈ। ਸ੍ਰੀ ਰਾਹੁਲ ਗਾਂਧੀ ਪਿਛਲੇ ਕੁਝ ਸਾਲਾਂ ਤੋਂ ਕਾਲਜਾਂ ਅਤੇ ਯੂਨੀਵਰਸਿਟੀਜ਼ ‘ਚ ਜਾ ਕੇ ਇਹ ਸੰਕੇਤ ਦੇਣ ’ਚ ਜੁਟੇ ਰਹੇ ਹਨ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਅਗਵਾਈ ਉਹ ਕਰ ਰਹੇ ਹਨ। ਇਹੀ ਕਾਰਨ ਸੀ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਸਰਕਾਰੀ ਯੋਜਨਾ ਜ਼ਰੀਏ ਵੀ ਖ਼ੁਦ ਲਈ ਇਕ ਮੰਚ ਤਿਆਰ ਕਰ ਲਿਆ।ਸਿਆਸੀ ਨੇਤਾਵਾਂ ਨੂੰ ਖੇਡ ਸੰਘਾਂ ਤੋਂ ਬਾਹਰ ਰੱਖਣ ਲਈ ਬਕਾਇਦਾ ਇੱਕ ਪ੍ਰਭਾਵੀ ਯੋਜਨਾ ਦੀ ਜ਼ਰੂਰਤ ਹੈ। ਕਾਂਗਰਸ ਸਮੇਤ ਸਾਰੀ ਸਿਆਸੀ ਪਾਰਟੀਆਂ ਨੂੰ ਇਸ ਸਬੰਧ ਵਿੱਚ ਇਹ ਨਿਰਣਾ ਲੈਣਾ ਚਾਹੀਦਾ ਹੈ ਕਿ ਕੋਈ ਵੀ ਸਿਆਸੀ ਨੇਤਾ ਖੇਡ ਸੰਘਾਂ ਵਿੱਚ ਅਹੁਦੇਦਾਰ ਨਹੀਂ ਬਣੇਗਾ। ਨਿਯਮਾਂ ਵਿੱਚ ਤਬਦੀਲੀ ਕਰਕੇ ਇਹ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਖੇਡ ਸੰਸਥਾਵਾਂ ਵਿੱਚ  ਸਿਰਫ ਖੇਡ ਪ੍ਰੇਮੀ ਅਤੇ ਖਿਡਾਰੀ ਹੀ ਅਹੁਦੇਦਾਰ ਬਣ ਸਕਣ। ਇਸ ਨਾਲ ਖੇਡਾਂ ਦੇ ਖੇਤਰ ਵਿੱਚ ਦੇਸ਼ ਦੇ ਮਾਣ-ਸਤਿਕਾਰ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਖੇਡ ਸੰਘਾਂ ਵਿੱਚ ਹੋ ਰਿਹਾ ਭ੍ਰਿਸ਼ਟਾਚਾਰ ਵੀ ਇਸ ਤਰ੍ਹਾਂ ਕਰਕੇ ਹੀ ਰੋਕਿਆ ਜਾ ਸਕਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਦੁਨੀਆਂ ਵਿੱਚ ਅਬਾਦੀ ਦੇ ਪੱਖ ਤੋਂ ਦੂਜੇ ਨੰਬਰ ਦਾ ਦੇਸ਼ ਓਲੰਪਿਕ ਅਤੇ ਹੋਰ ਖੇਡਾਂ ਵਿੱਚ ਬੂਰੀ ਤਰ੍ਹਾਂ ਪੱਛੜ ਜਾਂਦਾ ਹੈ। ਪਹਿਲਾਂ ਹਾਕੀ ਵਿੱਚ ਦੇਸ਼ ਦਾ ਕਾਫੀ ਵੱਡਾ ਨਾਂ ਸੀ ਪੰ੍ਰਤੂ ਸਿਆਸੀ ਦਖਲਅੰਦਾਜ਼ੀ ਦੇ ਚਲਦਿਆਂ ਹਾਕੀ ਦੀ ਖੇਡ ਵਿੱਚ ਵੀ ਦੇਸ਼ ਫਾਡੀ ਹੋ ਕੇ ਰਹਿ ਗਿਆ ਹੈ। ਖੇਡ ਵਿਵਸਥਾ ਵਿੱਚ ਵੱਡੀ ਤਬਦੀਲੀ ਤੋਂ ਬਿਨਾ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਕਾਰਗੁਜ਼ਾਰੀ ਨੂੰ ਸੁਧਾਰਿਆ ਨਹੀਂ ਜਾ ਸਕਦਾ। ਸ੍ਰੀ ਰਾਹੁਲ ਗਾਂਧੀ ਨੂੰ ਇਸ ਸਬੰਧ ਵਿੱਚ ਆਪਣੇ ਵਿਚਾਰ ਅਮਲੀ ਤੌਰ ’ਤੇ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਬਹਾਨੇ ਇਸ ਦੇਸ਼ ਵਿੱਚ ਖੇਡਾਂ ਦੀ ਸਥਿਤੀ ’ਚ ਮੁੜ ਸੁਧਾਰ ਹੋ ਸਕੇ।
ਬਲਜੀਤ ਸਿੰਘ ਬਰਾੜ

Send this to a friend