Skip to content
Independent perspectives. Global stories.
BREAKING

ਸਾਹਿਤ ਦੇ ਭ੍ਰਿਸ਼ਟਚਾਰੀਏ

Share this story

ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਨਾਲ ਸ਼ੁਰੂ ਹੋ ਗਈ ਸੀ। ਹੁਣ ਇਹ ਖਾਨਦਾਨੀ ਬੀਮਾਰੀ ਵਾਂਗ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ। ਇਸ ਬੀਮਾਰੀ ਤੋਂ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ। ਭ੍ਰਿਸ਼ਟਾਚਾਰ ਦੀ ਦਲਦਲ ’ਚ ਸਰਕਾਰੀ ਅਦਾਰੇ ਬੁਰੀ ਤਰ੍ਹਾਂ ਫਸੇ ਹਨ। ਸਮਾਜ ਵਿਚ ਕੋਈ ਵੀ ਥਾਂ ਅਜਿਹੀ ਨਹੀਂ ਜਿੱਥੇ ਘਪਲਾ ਨਾ ਹੋਇਆ ਹੋਵੇ। ਧਰਮ ਵੀ ਇਸ ਬਿਮਾਰੀ ਤੋਂ ਮੁਕਤ ਨਹੀਂ। ਸਮਾਜ ਵਿਚ ਇੱਕ ਵਰਗ ਸਾਹਿਤਕਾਰਾਂ ਦਾ ਹੈ। ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੀ ਸੇਵਾਦਾਰ ਅਖਵਾਉਂਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ ‘ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ’ ਦੀ ਸੇਵਾ ਵੱਧ ਕਰਦੇ ਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਬਣੇ ਹੋਏ ਹਨ। ਇਹਨਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕਂੇਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ, ਤਾਂ ਮੱਠ ਦੇ ਕਬਜ਼ਾਧਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕ-ਬੱਸਾਂ ਉਪਰ ਲੱਦ ਕੇ ‘ਵੋਟਰਾਂ’ ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਲਈ ਅੰਡਰ ਗਰਾਊਂਡ ਹੋ ਜਾਂਦੀਆਂ ਹਨ।
ਹਰ ਮੱਠ ਕੋਈ ਨਾ ਕੋਈ ਸਾਹਿਤਕ ਸਮਾਗਮ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜ਼ਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਹਰ ਮਹੀਨੇ ਕੋਈ ਨ ਕੋਈ ਅਜਿਹਾ ‘ਲੱਕੀ ਕਬੂਤਰ’ ਭਾਲ ਲੈਂਦੇ ਹਨ। ਇਹ ਕਬੂਤਰ ਨੂੰ ਚੋਗਾ ਹੀ ਨਹੀਂ ਪਾਉਂਦੇ ਸਗੋਂ ਉਸ ਦਾ ਮਾਸ ਖਾਣ ਤੱਕ ਜਾਂਦੇ ਹਨ। ਜੇ ਕਿਤੇ ਕੋਈ ‘ਕਬੂਤਰੀ’ ਹੋਵੇ ਫਿਰ ਤਾਂ ਇਹ ਡੰਡੋਤ ਵੀ ਕਰਦੇ ਹਨ। ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਪੁਰਸਕਾਰ ਵੰਡਦੇ ਹਨ। ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲੇ ਆਪੋ ਆਪਣੇ ਚਹੇਤੇ ਚਹੇਤੀਆਂ ਨੂੰ ਪੁਰਸਕਾਰ ਦੇ ਕੇ ਬਾਹਰ ਵਿਦੇਸ਼ਾਂ ਦਾ ਟੂਰ ਕਰਦੇ ਹਨ ਤੇ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਕੇ ਪੈ ਗਿਆ। ਜਦੋਂ ਪੁਜਾਰੀ ਬੀਮਾਰ ਹੋਵੇ ਫਿਰ ਕਿਸ ਨੇ ਪੁਛਣਾ ਸੀ ਕਿ ਵਿਦੇਸ਼ ’ਚ ਕੀਤੀ ਗਜਾ ਦਾ ਹਿਸਾਬ ਕਿਤਾਬ।
ਖੈਰ ਪੁਰਸਕਾਰ ਹਾਸਲ ਕਰਨ ਦੀ ਦੌੜ ਵਿੱਚ ਕਈ ਤਾਂ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਤੋਂ ਵਧੇਰੇ ਪੱਲਿਓਂ ਖ਼ਰਚ ਕਰ ਦੇਂਦੇ ਹਨ। ਉਹ ਪੁਰਸਕਾਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਉਹ ਪੁਰਸਕਾਰ ਲੈਣ ਲਈ ਕੀ ਕੀ ਕਰਦੇ ਹਨ ? ਇਹ ਤਾਂ ਉਹ ਹੀ ਜਾਣਦੇ ਹਨ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ। ਜਦੋਂ ਮੱਠ ਪੁਰਸਕਾਰ ਦੇਣ ਲਈ ਨਾਵਾਂ ਦੀ ਭਾਲ ਕਰਦੇ ਹਨ ਤਾਂ ਪੁਰਸਕਾਰ ਹਥਿਆਉਣ ਵਾਲੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲੀ ਅੱਡ ਕੇ, ਕੋਈ ਡੰਡੋਤ ਕਰਦਾ ਹੈ। ਪਹਿਲਾਂ ਅਗਲਾ ਮਿੰਨਤ ਤਰਲਾ ਕਰਦਾ ਹੈ ਜੇ ਲਿਸਟ ’ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗ ਅਰਾਟ ਪਾੳਂੁਦਾ ਹੈ। ਜਦੋਂ ਕੋਈ ਸੁਣਦਾ ਨਹੀਂ ਤਾਂ ਉਹ ਕੁੱਤੇ ਵਾਂਗ ਆਪਣੇ ਕੀਤੇ ਜ਼ਖ਼ਮਾਂ ਨੂੰ ਆਪਣੀ ਹੀ ਜੀਭ ਨਾਲ ਚੱਟਣ ਲੱਗਦਾ ਹੈ ਤੇ ਫੇਰ ਜੁਆਕਾਂ ਵਾਂਗ ਰੋਣ ਲਗਦਾ ਹੈ। ਇਹ ਵੀ ਆਪਣੀ ਕਿਸਮ ਦਾ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ, ਕੋਈ ਧਨ ਤੇ ਕੋਈ ਜਜ਼ਬਾਤਾਂ ਤੇ ਭਾਵਨਾਵਾਂ ਦਾ ਢੰਗ ਤਰੀਕਾ ਵਰਤਦਾ ਹੈ। ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਚਾਰੇ ਪਾਸੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਹਨਾਂ ਨੂੰ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਉਨ੍ਹਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਕੰਮ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਂਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲੇਖਕ, ਲੇਖਿਕਾ ਨੂੰ ਅਸਮਾਨ ’ਤੇ ਚਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲੇ ਪਰਵਾਸੀ ਲੇਖਕਾਂ ਤੇ ਖਾਸਕਰ ‘ਬੀਬੀਆਂ’ ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛੱਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ ‘ਕਬੂਤਰ-ਕਬੂਤਰੀ’ ਛੱਤਰੀ ਉਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ ਪੁਸਤਕ ਵੀ ਨਾ ਹੋਵੇ ਤਾਂ ਇਹ ਦਿਨਾਂ ਵਿਚ ਹੀ ਪੁਸਤਕ ਦਾ ਪ੍ਰਬੰਧ ਕਰ ਲੈਂਦੇ ਹਨ। ਝੱਟ-ਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲਿਆਂ ਨੇ ਕਈ ‘ਬੀਬੀਆਂ’ ਨੂੰ ਸਾਹਿਤ ਦੇ ਮੈਦਾਨ ਵਿਚ ਲਾਂਚ ਵੀ ਕੀਤਾ ਹੈ। ਉਨ੍ਹਾਂ ਨੂੰ ‘ਪੰਜਾਬ ਦੀ ਧੀ’ ਪੁਰਸਕਾਰ ਵੀ ਦਿੱਤਾ ਹੈ। ਇਨ੍ਹਾਂ ਮੱਠ ਵਾਲਿਆਂ ਦਾ ਪ੍ਰਕਾਸ਼ਕਾਂ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁਗੱਣੇ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਦਾ ਫੇਰ ਮੁੱਲ ਵੱਟਦੇ ਹਨ। ਇਹਨਾਂ ਪ੍ਰਕਾਸ਼ਕਾਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ ਸਬੰਧ ਹੁੰਦਾ ਹੈ। ਇਹ ਕਮੇਟੀ ਵਾਲੇ ਉਸ ਪ੍ਰਕਾਸ਼ਕ ਦੀ ਕੋਈ ਨਾ ਕੋਈ ਪੁਸਤਕ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਪ੍ਰਕਾਸ਼ਕਾਂ ਦਾ ਕਈ ਵਰ੍ਹੇ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ ‘ ਮਾਂ ਬੋਲੀ ਦੇ ਸੇਵਾਦਾਰ ’ ਹਰ ਸਾਲ ਆਪਣੀ ਝੋਲੀ ਭਰਦੇ ਰਹਿੰਦੇ ਹਨ। ਇਹਨਾਂ ਦਾ ਆਪਣਾ ਹੀ ਨੈਟਵਰਕ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ ‘ ਸਰਬੋਤਮ ਪ੍ਰਕਾਸ਼ਕ’ ਦਾ ਪੁਰਸਕਾਰ ਵੀ ਢੁੱਕ ਲੈਂਦੇ ਹਨ। ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਮੱਠ ’ਤੇ ਕਿਸੇ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ ਜੇ ਕਦੇ ਕਿਸੇ ਚੋਣ ਵਿਚ ਹਾਰ ਦੀ ਹਾਲਤ ਬਣ ਜਾਵੇ ਇਹ ਪਾਸਾ ਬਦਲਣ ਲੱਗੇ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗ ਪੱਗ ਬਦਲਕੇ ਦੂਜੇ ਪਾਸੇ ਜਾ ਹੱਥ ਮਿਲਾੳਂੁਦੇ ਹਨ ਤਾਂ ਕਿ ਮੱਠ ’ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਉਂਝ ਇਹ ਮੱਠ ਹਰ ਸਾਲ ਆਪੋ ਅਪਣੇ ਚਹੇਤਿਆਂ ਦੀਆਂ ਵੋਟਾਂ ਬਣਾੳਂੁਦੇ ਰਹਿੰਦੇ।ਹਨ ਤਾਂ ਕਿ ਮੱਠ ਵਿਚ ਧੜਾ ਭਾਰੂ ਰਹੇ। ਮੱਠ ਦੇ ਪੁਜਾਰੀ ਹਰ ਸਾਲ ਠੰਢੇ ਮੁਲਕਾਂ ਵਿਚ ‘‘ਮਾਂ ਬੋਲੀ’ ਦੀ ਸੇਵਾ ਲਈ ਉਗਰਾਈ ਉੱਤੇ ਜਾਂਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ, ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਨੂੰ ਇਹ ‘ਮਾਂ ਬੋਲੀ’ ਦੇ ਪੁਜਾਰੀ ਭਰਮਾਉਂਦੇ ਹਨ, ‘ਮਾਂ ਬੋਲੀ ’ ਮਰ ਰਹੀ ਹੈ, ਦਾ ਵਾਸਤਾ ਪਾੳਂੁਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਵਾਉਂਦੇ ਹਨ ਤੇ ਇਧਰ ਆ ਕੇ ਮਾ ਬੋਲੀ ਦੇ ਨਾਂ ’ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਮਾਲ ਜੇਬ ’ਚ ਪਾਉਂਦੇ ਹਨ ਤੇ ਲੋਕਾਂ ਵਿਚ ਮਾਂ ਬੋਲੀ ਦੇ ਸੇਵਕ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਆਖੋ ‘ਮਾਂ ਬੋਲੀ ਦੇ ਸੇਵਕਾਂ ’ ਦੀ ਜੈ । ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।

WRITTEN BY