ਭਵਾਨੀਗੜ੍ਹ, 16 ਮਈ (ਕ੍ਰਿਸ਼ਨ ਗਰਗ)- ਅਜ ਇਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਿਛਲੇ ਸਾਲ ਗੜਿਆਂ ਨਾਲ ਕਣਕ ਦੇ ਹੋਏ ਨੁਕਸਾਨ ਦੇ ਮੁਆਵਜੇ ਵਜੋਂ 587 ਕਿਸਾਨਾਂ ਨੂੰ 74 ਲਖ ਰੁਪਏ ਦੇ ਚੈਕ ਵੰਡੇ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕਰੇਗੀ ਅਤੇ ਕਿਸਾਨਾਂ ਦੀ ਮੁਸਕਲਾਂ ਨੂੰ ਦੂਰ ਕਰਨ ਲਈ ਹਮੇਸ਼ਾ ਤਤਪਰ ਰਹੇਗੀ। ਉਨ੍ਹਾਂ ਦੱਸੀ ਕਿ ਪਿਛਲੇ ਸਾਲ ਨੇੜਲੇ ਪਿੰਡ ਝਨੇੜੀ, ਰੇਤਗੜ, ਬਲਿਆਲ, ਮਟਰਾਂ, ਥੰਮਨਸਿੰਘ ਵਾਲਾ ਅਤੇ ਭਟੀਵਾਲ ਵਿਖੇ ਗੜਿਆਂ ਨਾਲ ਕਣਕ ਦੀ ਫਸਲ ਦੇ ਹੋਏ ਨੁਕਸਾਨ ਨੂੰ ਘਟਾਉਣ ਲਈ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਘਾਬਦਾਂ, ਟਾਟਾ ਕੈਂਸਰ ਹਸਪਤਾਲ ਸੰਗਰੂਰ ਤੋਂ ਬਾਅਦ ਹੁਣ ਭਵਾਨੀਗੜ੍ਹ ਵਿਖੇ ਟਰਾਮਾਂ ਸੈਂਟਰ ਅਤੇ ਪਿੰਡ ਰੋਸਨਵਾਲਾ ਵਿਖੇ ਲੜਕੀਆਂ ਦਾ ਕਾਲਜ ਖੋਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਛਪੜਾਂ ਦਾ ਪਾਣੀ ਸ਼ੁਧ ਕਰਨ, 25 ਸਮਸ਼ਾਨ ਘਰਾਂ ਨੂੰ ਦੀ ਮੁੜ ਉਸਾਰੀ ਕਰਨ ਅਤੇ ਇਲਾਕੇ ਵਿਚ ਇੰਡਸਟਰੀ ਨੂੰ ਤਰਜੀਹੀ ਪਧਰ ਉਤੇ ਸਥਾਪਤ ਕਰਨ ਵਰਗੇ ਸਾਰੇ ਕੰਮ ਆਉਣ ਵਾਲੇ ਸਾਲ ਅੰਦਰ ਹੀ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਲਗਣ ਵਾਲੀ ਇੰਡਸਟਰੀ ਵਿਚ 40 ਫੀਸਦੀ ਨੌਜਵਾਨ ਇਲਾਕੇ ਦੇ ਹੀ ਭਰਤੀ ਕੀਤੇ ਜਾਣਗੇ। ਇਸ ਮੌਕੇ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ, ਮਨਜੀਤ ਸਿੰਘ ਤਹਿਸੀਲਦਾਰ, ਵਰਿੰਦਰ ਪੰਨਵਾਂ, ਪ੍ਰਦੀਪ ਕਦ, ਕਪਿਲ ਗਰਗ, ਪਵਨ ਕੁਮਾਰ ਸ਼ਰਮਾ, ਮਹੇਸ ਕੁਮਾਰ ਵਰਮਾ, ਰਾਂਝਾ ਸਿੰਘ, ਸੰਜੂ ਵਰਮਾ, ਬਲਵੀਰ ਸਿੰਘ ਘੁੰਮਣ, ਸੁਖਮਹਿੰਦਰਪਾਲ ਸਿੰਘ ਤੂਰ, ਗੁਰਪ੍ਰੀਤ ਕੰਧੋਲਾ, ਬਲਵਿੰਦਰ ਘਾਬਦੀਆ, ਨਰਿੰਦਰ ਸਲਦੀ ਅਤੇ ਕੁਲਵਿੰਦਰ ਸਿੰਘ ਮਾਝਾ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸਿੰਗਲਾ ਨੇ ਗੜਿਆਂ ਤੋਂ ਪ੍ਰਭਾਵਤ ਕਿਸਾਨਾਂ ਨੂੰ 587 ਕਿਸਾਨਾਂ ਨੂੰ 74 ਲੱਖ ਦੇ ਚੈਕ ਵੰਡੇ



