ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਯੂਨੀਵਰਸਿਟੀ ਐਮ.ਐਸ. ਰੰਧਾਵਾ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਇਸੇ ਤਰ੍ਹਾਂ ਇਸ ਵਰ੍ਹੇ ਦਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਕੂਲੀ ਸਿੱਖਿਆ ਤੋਂ ਇਲਾਵਾ ਉਚੇਰੀ ਸਿੱਖਿਆ ਵੱਲ ਉਚੇਚਾ ਧਿਆਨ ਦੇਣ ਦੀ ਗੱਲ ਕਹੀ ਹੈ। ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣਾ, ਸਰਕਾਰੀ ਕਾਲਜਾਂ ਵਿੱਚ ਇੰਟਰਨੈਟ ਸੇਵਾ ਮੁਫ਼ਤ ਦੇਣਾ, ਪੰਜਾਬ ਦੇ ਪਛੜੇ ਖੇਤਰਾਂ ਵਿੱਚ ਪੰਜ ਨਵੇਂ ਡਿਗਰੀ ਕਾਲਜ ਖੋਲ੍ਹਣਾ ਅਤੇ ਤਲਵੰਡੀ ਸਾਬੋ ਵਿਖੇ ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪਸਾਰ ਲਈ ਕੇਂਦਰੀ ਸੰਸਥਾ ਸਥਾਪਤ ਕਰਨਾ ਆਦਿ ਸਾਰੇ ਸ਼ਲਾਘਾਯੋਗ ਕਦਮ ਹਨ। ਵਿੱਤ ਮੰਤਰੀ ਦਾ ਬਜਟ ਦੌਰਾਨ ਇਹ ਕਹਿਣਾ ਕਿ ਆਈ.ਸੀ.ਟੀ. ਵਿਕਸਿਤ ਹੋ ਗਿਆ ਹੈ। ਨਾ ਕੇਵਲ ਵੈਬ ਉਤੇ ਉਪਲਬੱਧ ਗਿਆਨ ਸਾਡੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇ ਸਗੋਂ ਉਹ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਨਾਲ ਵੀ ਜੁੜੇ ਹੋਣ, ਬਿਲਕੁਲ ਦਰੁਸਤ ਕਦਮ ਹੈ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਜੋ ਕਿ ਖ਼ੁਦ ਉਰਦੂ ਭਾਸ਼ਾ ਦੇ ਪ੍ਰਸ਼ੰਸਕ ਹਨ, ਨੇ ਉਰਦੂ ਦੇ ਵਿਕਾਸ ਲਈ, ਮਲੇਰਕੋਟਲਾ ਵਿਖੇ ਉਰਦੂ ਅਕਾਦਮੀ ਨੂੰ ਵੱਡੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ। ਕੈਪਟਨ ਸਰਕਾਰ ਦਾ ਨੌਜਵਾਨਾਂ ਨੂੰ ਲਾਹੇਵੰਦ ਰੁਜ਼ਗਾਰ ਉਪਲੱਬਧ ਕਰਵਾਉਣ ਲਈ ਵੱਡੀ ਪਹਿਲ ਕਦਮੀ ਦੇ ਅੰਤਰਗਤ ਕਿੱਤਾ ਮੁਖੀ ਸਿਖਲਾਈ ਮੁਹੱਈਆ ਕਰਾਉਣ ਲਈ ਰਾਜ ਵਿੱਚ ਇੱਕ ਸਕਿੱਲ (ਹੁਨਰ) ਯੂਨੀਵਰਸਿਟੀ ਸਥਾਪਤ ਕਰਨ ਦਾ ਇਰਾਦਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪ੍ਰਾਇਮਰੀ ਸਿੱਖਿਆ ਅਤੇ ਉਚੇਰੀ ਸਿੱਖਿਆ ਬਾਰੇ ਕੀਤੇ ਵਾਅਦੇ ਹਾਲ ਦੀ ਘੜੀ ਪ੍ਰਸ਼ੰਸਾ ਦੇ ਹੱਕਦਾਰ ਹਨ ਪਰ ਅਸਲੀ ਪ੍ਰਸ਼ੰਸਾ ਤਾਂ ਉਦੋਂ ਮਿਲੇਗੀ ਜਦੋਂ ਇਹ ਅਮਲੀ ਰੂਪ ਵਿੱਚ ਲੋਕਾਂ ਸਾਹਮਣੇ ਆਉਣਗੇ। ਨਿਰਸੰਦੇਹ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਵਿਕਾਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੋਗਦਾਨ ਨੂੰ ਕਿਸੇ ਪੱਖੋਂ ਵੀ ਘਟਾਕੇ ਨਹੀਂ ਦੇਖਿਆ ਜਾ ਸਕਦਾ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਬਹੁਤ ਮਿਹਨਤ ਕੀਤੀ ਹੈ। ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਪੰਜਾਬ ਵਿੱਚ ਯੂਨੀਵਰਸਿਟੀਆਂ ਦਾ ਹੜ੍ਹ ਹੀ ਆ ਗਿਆ ਹੈ। ਦੂਜੇ ਪਾਸੇ ਸਰਕਾਰੀ ਯੂਨੀਵਰਸਿਟੀਆਂ ਦੀ ਆਰਥਿਕ ਹਾਲਤ, ਸਰਕਾਰ ਦੀ ਆਰਥਿਕ ਹਾਲਤ ਨਾਲੋਂ ਵੀ ਭੈੜੀ ਹੋ ਚੁੱਕੀ ਹੈ। ਪੰਜਾਬ ਨੂੰ ਸਮੇਂ ਦੇ ਹਾਣ ਦਾ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਤਕਨੀਕੀ ਯੂਨੀਵਰਸਿਟੀ ਬਨਾਉਣਾ ਵੀ ਪੰਜਾਬ ਸਰਕਾਰ ਦਾ ਚੰਗਾ ਕਦਮ ਸੀ। ਹੋਰ ਵੀ ਚੰਗਾ ਹੁੰਦਾ ਜੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸ਼ਾਖ ਅਤੇ ਵਿਸ਼ਵਾਸ ਯੋਗਤਾ ਵਧਾਉਣ ਲਈ ਧਿਆਨ ਦਿੱਤਾ ਜਾਂਦਾ। ਇਸੇ ਤਰ੍ਹਾਂ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਮੈਡੀਕਲ ਯੂਨੀਵਰਸਿਟੀ ਸਥਾਪਤ ਕੀਤੀ ਗਈ। ਕਿਸਾਨਾਂ ਨੂੰ ਪਸ਼ੂ ਧਨ ਤੋਂ ਧਨ ਕਮਾਉਣ ਹਿੱਤ ਉਤਸ਼ਾਹਿਤ ਕਰਨ ਲਈ ਵੈਟਨਰੀ ਯੂਨੀਵਰਸਿਟੀ ਸਥਾਪਤ ਕੀਤੀ ਗਈ। ਹੁਣ ਹੁਨਰ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ। ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਪੰਜਾਬ ਦੇ ਮੁੱਖ-ਮੰਤਰੀ ਨੇ ਇੱਕ ਪਰੈਸ ਕਾਨਫਰੰਸ ਵਿੱਚ ਇੱਕ ਹਾਰਟੀਕਲਚਰਲ ਯੂਨੀਵਰਸਿਟੀ ਸਥਾਪਤ ਕਰਨ ਦਾ ਬਿਆਨ ਦਿੱਤਾ ਹੈ।
ਉਕਤ ਚਰਚਾ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਚੇਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਤੀਬੱਧ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਮੀਡੀਆ ਦੇ ਯੁੱਗ ਵਿੱਚ ਕਿਸੇ ਵੀ ਸਿਆਸੀ ਨੇਤਾ ਵੱਲੋਂ ਮੀਡੀਆ ਸਿੱਖਆ ਜਾਂ ਪੱਤਰਕਾਰੀ ਦੀ ਸਿੱਖਿਆ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਹਿੰਦੁਸਤਾਨ ਦੇ ਵਿੱਚ ਮਾਖਨ ਲਾਲ ਚਤੁਰਵੇਦੀ ਪੱਤਰਕਾਰਤਾ ਵਿਸ਼ਵ ਵਿਦਿਆਲਾ, ਭੋਪਾਲ ਅਤੇ ਭਾਈ ਠਾਕਰੇ ਪੱਤਰਕਾਰਤਾ ਵਿਸ਼ਵ ਵਿਦਿਆਲਾ, ਰਾਏਪੁਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਅਤੇ ਨਤੀਜੇ ਦੇ ਰਹੀਆਂ ਹਨ। ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਅਗਵਾਈ ਦੇ ਸਕਦਾ ਹੈ। ਉਕਤ ਤਰਕ ਦੇ ਅਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਇਕ ਮੀਡੀਆ ਯੂਨੀਵਰਸਿਟੀ ਦੀ ਜ਼ਰੂਰਤ ਹੈ। ਇਸ ਸੰਚਾਰ ਦੇ ਯੁੱਗ ਵਿੱਚ ਜਿਥੇ ਇਹ ਪੱਤਰਕਾਰੀ ਯੂਨੀਵਰਸਿਟੀ ਚੰਗੇ ਪੱਤਰਕਾਰ ਤੇ ਮੀਡੀਆ ਕਰਮੀ ਪੈਦਾ ਕਰੇਗੀ, ਉਥੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਵੇਗੀ।