June 26, 2026 1:10 pm

ਲਾਇਬ੍ਰੇਰੀਆਂ ਮੰਗਦੀਆਂ ਨੇ ਧਿਆਨ

ਲਾਇਬ੍ਰੇਰੀਆਂ ਸਿੱਖਿਆ ਖੇਤਰ ਅਤੇ ਭਾਸ਼ਾ ਦੇ ਵਿਕਾਸ ਨਾਲ ਜੁੜਿਆ ਹੋਇਆ ਇਕ ਜ਼ਰੂਰੀ ਅੰਗ ਹਨ। ਇਹ ਬਦਕਿਸਮਤੀ ਹੈ ਕਿ ਪੰਜਾਬ ਵਿੱਚ ਲਾਇਬ੍ਰੇਰੀਆਂ ਕਾਇਮ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਵੱਸੋਂ ਲਾਇਬ੍ਰੇਰੀਆਂ ਜਾਣਾ ਹੀ ਪਸੰਦ ਨਹੀਂ ਕਰਦੀ। ਵਿਕਸਿਤ ਦੇਸ਼ਾਂ ਵਿੱਚ ਵੀ ਲਾਇਬ੍ਰੇਰੀਆਂ ਸ਼ਹਿਰਾਂ ਦਾ ਜ਼ਰੂਰੀ ਹਿੱਸਾ ਹਨ। ਲੋਕ ਅਕਸਰ ਲਾਇਬ੍ਰੇਰੀਆਂ ਲਈ ਸਮਾਂ ਕੱਢਦੇ ਹਨ। ਸੂਚਨਾ ਅਤੇ ਗਿਆਨ ਦੇ ਇਸ ਯੁੱਗ ਵਿੱਚ ਲਾਇਬ੍ਰੇਰੀਆਂ ਦਾ ਮਹੱਤਵ ਹੋਰ ਵੱਧ ਗਿਆ ਹੈ। ਲਾਇਬ੍ਰੇਰੀਆਂ ਸਿਰਫ ਕਿਤਾਬਾਂ ਦਾ ਗੋਦਾਮ ਨਹੀਂ ਹਨ। ਇਹ ਨਵੇਂ ਗਿਆਨ ਅਤੇ ਮਿਲ ਬੈਠ ਕੇ ਚਰਚਾ ਕਰਨ ਦਾ ਇਕ ਖੂਬਸੂਰਤ ਕੇਂਦਰ ਹਨ। ਲਾਇਬ੍ਰੇਰੀਆਂ ਨੂੰ ਜੇਕਰ ਚੰਗੇ ਤਰੀਕੇ ਨਾਲ ਬਣਾਇਆ ਅਤੇ ਚਲਾਇਆ ਜਾਵੇ ਤਦ ਇਹ ਸਾਡੇ ਸਮਾਜ ਦੀ ਤਰੱਕੀ ਲਈ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ। ਇਸ ਸਮੇਂ ਪੰਜਾਬ ਵਿੱਚ ਕਾਇਮ ਕੀਤੀਆਂ ਗਈਆਂ 14 ਜ਼ਿਲ੍ਹਾ ਲਾਇਬ੍ਰੇਰੀਆਂ ਦਾ ਮੰਦਾ ਹਾਲ ਹੈ। ਇਨ੍ਹਾਂ ’ਚੋਂ 5 ਤਾਂ ਪੂਰੀ ਤਰ੍ਹਾਂ ਬੰਦ ਪਈਆਂ ਹਨ। ਪਟਿਆਲਾ ਵਿਖੇ ਕਾਇਮ ਕੀਤੀ ਗਈ ਸੈਂਟਰਲ ਸਟੇਟ ਲਾਇਬ੍ਰੇਰੀ ਦਾ ਵੀ ਹਾਲ ਸਹੀ ਨਹੀਂ ਹੈ। ਇਸ ਲਾਇਬ੍ਰੇਰੀ ਲਈ ਕੁੱਲ 33 ਅਸਾਮੀਆਂ ਮਨਜ਼ੂਰ ਹਨ ਜਿਨ੍ਹਾਂ ’ਚੋਂ 18 ਖਾਲੀ ਪਈਆਂ ਹਨ। ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ’ਚ ਲਾਇਬ੍ਰੇਰੀਅਨ ਦੀ ਅਸਾਮੀ ਖਾਲੀ ਹੈ। ਜ਼ਿਲ੍ਹਾ ਹੁਸ਼ਿਆਰਪੁਰ, ਮਾਨਸਾ, ਰੂਪਨਗਰ, ਸੰਗਰੂਰ, ਮੁਹਾਲੀ, ਕਪੂਰਥਲਾ, ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ ਅਤੇ ਅੰਮ੍ਰਿਤਸਰ ਦੀਆਂ ਜ਼ਿਲ੍ਹਾ ਲਾਇਬ੍ਰੇਰੀਆਂ ਵੀ ਬੇਰੁਖੀ ਦਾ ਸ਼ਿਕਾਰ ਹਨ। ਮੁਲਾਜ਼ਮਾਂ ਅਤੇ ਸਹੂਲਤਾਂ ਦੀ ਭਾਰੀ ਕਮੀ ਹੈ। ਕਿਤਾਬਾਂ ਦੀ ਸਾਂਭ-ਸੰਭਾਲ ਵੱਲ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਲਾਇਬ੍ਰੇਰੀਆਂ ਕੋਲ ਕੋਈ ਫੰਡ ਅਤੇ ਸਾਧਨ ਨਹੀਂ ਹਨ। ਆਧੁਨਿਕ ਲੋੜਾਂ ਮੁਤਾਬਿਕ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਡਿਜ਼ੀਟਲ ਸੈਕਸ਼ਨ ਵੀ ਨਹੀਂ ਬਣਾਏ ਗਏ। ਲਾਇਬ੍ਰੇਰੀਆਂ ਲਈ ਨਵੀਆਂ ਕਿਤਾਬਾਂ ਖਰੀਦਣਾ ਤਾਂ ਦੂਰ ਦੀ ਗੱਲ ਪੁਰਾਣੀਆਂ ਕਿਤਾਬਾਂ ਵੀ ਠੀਕ ਤਰੀਕੇ ਨਾਲ ਸੰਭਾਲੀਆਂ ਨਹੀਂ ਜਾ ਰਹੀਆਂ। ਲਾਇਬ੍ਰੇਰੀਆਂ ਦੀ ਸਾਫ-ਸਫਾਈ ਦਾ ਵੀ ਮਾੜਾ ਹਾਲ ਹੈ। ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਵੀ ਯੋਗ ਪ੍ਰਬੰਧ ਨਹੀਂ ਹੈ। ਨੌਜਵਾਨ ਵਰਗ ਤਾਂ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਜਾਣਾ ਹੀ ਪਸੰਦ ਨਹੀਂ ਕਰ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੇਂ ਸਮਾਜ ਦੀ ਸਿਰਜਣਾ ਅਤੇ ਪੰਜਾਬੀ ਬੋਲੀ ਦੇ ਵਿਕਾਸ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ’ਚ ਘੱਟੋ-ਘੱਟ ਜ਼ਿਲ੍ਹਾ ਪੱਧਰ ’ਤੇ ਲਾਇਬ੍ਰੇਰੀਆਂ ਵੱਲ ਯੋਗ ਧਿਆਨ ਦੇਵੇ। ਬਾਕੀ ਰਹਿ ਗਏ ਜ਼ਿਲ੍ਹਿਆਂ ਵਿੱਚ ਵੀ ਲਾਇਬ੍ਰੇਰੀਆਂ ਕਾਇਮ ਕੀਤੀਆਂ ਜਾਣ। ਲਾਇਬ੍ਰੇਰੀਆਂ ਦੀ ਸਾਂਭ-ਸੰਭਾਲ ਵੱਲ ਯੋਗ ਤਰੀਕੇ ਨਾਲ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ। ਲਾਇਬ੍ਰੇਰੀਆਂ ਲਈ ਵਧੇਰੇ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ। ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਮਿਲ ਕੇ ਇਸ ਕਾਰਜ ਨੂੰ ਸਹਿਜ ਨਾਲ ਨੇਪਰੇ ਚਾੜ੍ਹ ਸਕਦੀਆਂ ਹਨ।
2 ਮਈ 2018 – ਬਲਜੀਤ ਸਿੰਘ ਬਰਾੜ

Send this to a friend