June 28, 2026 2:00 am

ਆਲਮ ਮੇਂ ਤੁਝ ਸੇ ਲਾਖ ਸਹੀ, ਤੂੰ ਮਗਰ ਕਹਾਂ

ਮੁਹੱਬਤ ਦੀ ਚਾਹਤ ਹਰ ਮਨੁੱਖ ਦੀ ਹੁੰਦੀ ਹੈ। ਮਨੁੱਖ ਦਾ ਸੁਭਾਅ ਹੈ ਕਿ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਮਿਲਣ। ਪ੍ਰੇਮ ਦੀ ਚਾਹਤ ਦੇ ਨਾਲ-ਨਾਲ ਪ੍ਰੇਮੀ ਵੱਲੋਂ ਰੱਦ ਕੀਤੇ ਜਾਣ ਦਾ ਡਰ ਵੀ ਮਨੁੱਖੀ ਮਨ ਵਿੱਚ ਰਹਿੰਦਾ ਹੈ। ਇਸੇ ਡਰ ਅਤੇ ਅਸੁਰਖਿਆ ਦੀ ਭਾਵਨਾ ਵਿੱਚੋਂ ਹੀ ਈਰਖਾ ਅਤੇ ਕਬਜ਼ੇ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਮਨੁੱਖ ਜਿਸ ਬੰਦੇ ਨੂੰ ਵੀ ਪਿਆਰ ਕਰਦਾ ਹੁੰਦਾ ਹੈ ਉਸ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਸ਼ਕ ਤਾਂ ਫਰਿਆਦ ਤੋਂ ਪਹਾੜ ਖੁਦਵਾ ਦਿੰਦਾ। ਰਾਂਝੇ ਤੋਂ ਮੱਝਾਂ ਚਰਵਾ ਦਿੰਦਾ। ਸੋਹਣੀ ਨੂੰ ਕੱਚੇ ਘੜੇ ’ਤੇ ਤੈਰਾਅ ਸਕਦਾ ਹੈ ਅਤੇ ਇਹ ਤਾਂ ਕੰਜਰੀ ਬਣਕੇ ਨੱਚਣ ਵੀ ਲਾ ਦਿੰਦਾ ਹੈ। ਮੈਂ ਤੋਂ ਤੂੰ ਬਣਾ ਦਿੰਦੈ। ਤੂੰ ਹੀ ਤੂੰ ਗਾਉਣ ਲਾ ਦਿੰਦੈ। ਇਹ ਸ਼ਾਇਰ ਹਾਲੀ ਦੇ ਮੂੰਹੋਂ ਅਖਵਾ ਦਿੰਦੈ:
ਹਮ ਜਿਸ ਪੇ ਮਰ ਰਹੇ ਹੈਂ
ਵੋ ਤੋ ਬਾਤ ਹੀ ਕੁਛ ਔਰ।
ਆਲਮ ਮੇਂ ਤੁਝ ਸੇ ਲਾਖ ਸਹੀ,
ਤੂੰ ਮਗਰ ਕਹਾਂ।
ਜਿਸ ਨੂੰ ਮਨੁੱਖ ਇਹ ਰੁਤਬਾ ਦੇ ਦਿੰਦਾ ਫਿਰ ਉਸਦੀ ਨਿਗਾਹ ਵਿੱਚ ਬਣਿਆ ਰਹਿਣ ਲਈ ਬਹੁਤ ਕੁੱਝ ਕੁਰਬਾਨ ਕਰਨ ਲਈ ਤਤਪਰ ਰਹਿੰਦਾ ਹੈ। ਇਸਦੇ ਬਾਵਜੂਦ ਮਨੁੱਖੀ ਫਿਤਰਤ ਵਿੱਚ ਰੱਦ ਹੋਣ ਦਾ ਡਰ ਵੀ ਪਿਆ ਰਹਿੰਦਾ ਹੈ। ਇਸ ਨਾਲ ਸਬੰਧਤ ਇਕ ਦਿਲਜਚਸਪ ਕਥਾ ਸੁਣੋ। ਦੋਵੇਂ ਪਤੀ-ਪਤਨੀ ਵਿੱਚ ਅੰਤਾਂ ਦਾ ਪਿਆਰ ਸੀ। ਪਤੀ ਮਿਹਨਤ ਮੁਸ਼ੱਕਤ ਕਰਕੇ ਕਮਾਈ ਕਰਦਾ ਪਰ ਉਸ ਨੂੰ ਲਗਦਾ ਕਿ ਉਸ ਨੂੰ ਉਸ ਦੀ ਮਿਹਨਤ ਦੇ ਇਵਜ਼ ਵਿੱਚ ਘੱਟ ਪੈਸੇ ਮਿਲ ਰਹੇ ਹਨ। ਅਖ਼ੀਰ ਉਸ ਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹੇਗਾ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਅੱਜ ਆਪਣੋ ਬੌਸ ਨੂੰ ਮਿਲੇਗਾ। ਉਸ ਦੇ ਮਨ ਵਿੱਚ ਚਿੰਤਾ ਵੀ ਸੀ ਅਤੇ ਦੁਵਿਧਾ ਵੀ। ਉਹ ਸਾਰਾ ਦਿਨ ਕੁੱਝ ਪ੍ਰੇਸ਼ਾਨ ਜਿਹਾ ਰਿਹਾ ਅਤੇ ਕਈ ਤਰ੍ਹਾਂ ਦੇ ਖਦਸ਼ੇ ਉਸ ਦੇ ਮਨ ’ਚ ਆਉਂਦੇ ਰਹੇ। ਬਾਅਦ ਦੁਪਹਿਰਉਸ ਨੇ ਆਪਣੇ ਮਾਲਕ ਕੋਲ ਜਾਣ ਦਾ ਜੇਰਾ ਕੀਤਾ। ਉਸ ਦੀ ਖੁਸ਼ੀ ਦਾ ਓਦੋਂ ਕੋਈ ਟਿਕਾਣਾ ਨਾ ਰਿਹਾ, ਜਦੋਂ ਬੌਸ ਉਸ ਦੀ ਤਨਖਾਹ ਵਧਾਉਣ ਲਈ ਸਹਿਤ ਹੋ ਗਿਆ।
ਉਸ ਵਿਅਕਤੀ ਨੇ ਖੁਸ਼ੀ-ਖੁਸ਼ੀ ਆਪਣੀ ਪਤਨੀ ਲਈ ਤੋਹਫਾ ਖਰੀਦਿਆ ਅਤੇ ਪ੍ਰਸੰਨਤਾ ਅਤੇ ਆਨੰਦ ਦੀ ਅਵੱਸਥਾ ਵਿੱਚ ਘਰ ਵੱਲ ਚੱਲ ਪਿਆ। ਅਜਿਹਾ ਹੀ ਵਾਪਰਦਾ ਹੈ ਜਦੋਂ ਤੁਸੀਂ ਕਿਸੇ ਪ੍ਰਾਪਤੀ ਬਾਰੇ ਆਪਣੇ ਪਿਆਰੇ ਨੂੰ ਦੱਸਣ ਸਮੇਂ ਉਸ ਦੀਆਂ ਅੱਖਾਂ ਫਿਰ ਖੁਸ਼ੀ ਦੀ ਚਮਕ ਦੀ ਕਲਪਨਾ ਕਰਦੇ ਹੋ। ਜਦੋਂ ਮੈਂ ਆਪਣੇ ਬੱਚਿਆਂ ਦੀ ਖੁਸ਼ੀ ਵੇਖਦੀ ਹਾਂ ਤਾਂ ਆਨੰਦ ਵਿੱਚ ਵਿਭੋਰ ਹੋ ਜਾਂਦੀ ਹੈ। ਇਸ ਤਰ੍ਹਾਂ ਇਕ ਪ੍ਰੇਮਿਕਾ ਅਤੇ ਪਤਨੀ ਦੀ ਖੁਸ਼ੀ ਵੀ ਆਨੰਦਮਈ ਅਵੱਸਥਾ ਦੀ ਸਿਖਰ ਹੁੰਦੀ ਹੈ। ਖ਼ੈਰ, ਉਹ ਤੋਹਫਾ ਲੈ ਕੇ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਮੋਮਬੱਤੀਆਂ ਬਲ ਰਹੀਆਂ ਸਨ ਅਤੇ ਉਸ ਦੀ ਪਤਨੀ ਨੇ ਸ਼ਾਨਦਾਰ ਭੋਜਨ ਤਿਆਰ ਕੀਤਾ ਹੋਇਆ ਸੀ। ਉਸ ਨੂੰ ਤੁਰੰਤ ਖਿਆਲ ਆਇਆ ਕਿ ਜ਼ਰੂਰ ਹੀ ਦਫਤਰ ’ਚੋਂ ਕਿਸੇ ਨੇ ਉਸ ਦੀ ਖੁਸ਼ਖਬਰੀ ਪਹਿਲਾਂ ਹੀ ਘਰ ਤੱਕ ਪਹੁੰਚਾ ਦਿੱਤੀ ਹੋਵੇਗੀ। ਫਿਰ ਵੀ ਉਸ ਨੂੰ ਆਪਣੀ ਪਤਨੀ ਨੂੰ ਰਸੋਈ ’ਚ ਹੀ ਤਨਖਾਹ ਵੱਧਣ ਦੀ ਖੁਸ਼ਖਬਰੀ ਸੁਣਾਈ। ਉਨ੍ਹਾਂ ਖੁਸ਼ੀ ਵਿੱਚ ਇਕ ਦੂਜੇ ਨੂੰ ਗਲਵੜੀ ਪਾਈ ਅਤੇ ਫਿਰ ਖਾਣਾ ਖਾਣ ਲੱਗੇ। ਉਸ ਨੇ ਵੇਖਿਆ ਕਿ ਉਸ ਦੀ ਪਲੇਟ ਦੇ ਲਾਗੇ ਇਕ ਖੂਬਸੂਰਤ ਕਾਰਡ ਪਿਆ ਸੀ। ਜਿਸ ਉਤੇ ਲਿਖਿਆ ਸੀ ‘ਮੁਬਾਰਕਬਾਦ ਪਿਆਰੇ।’ ਮੈਨੂੰ ਪਤਾ ਕਿ ਤੈਨੂੰ ਤਰੱਕੀ ਜ਼ਰੂਰ ਮਿਲੇਗੀ ਅਤੇ ਤੇਰੀ ਤਨਖਾਹ ਵਧੇਗੀ। ਤੁਹਾਨੂੰ ਏਦਾਂ ਹੀ ਪਤਾ ਲੱਗੇਗਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ।’’
ਜਦੋਂ ਉਸ ਦੀ ਪਤਨੀ ਖੀਰ ਲੈਣ ਲਈ ਉਠੀ ਤਾਂ ਉਸ ਨੇ ਵੇਖਿਆ ਕਿ ਇੱਕ ਹੋਰ ਕਾਰਡ ਉਸ ਦੀ ਪਤਨੀ ਦੀ ਜੇਬ ਵਿੱਚੋਂ ਡਿਗ ਪਿਆ। ਉਸ ਨੇ ਵੇਖਿਆ, ਕਾਰਡ ’ਤੇ ਲਿਖਿਆ ਹੋਇਆ ਸੀ, ‘‘ਪਿਆਰੇ ਫਿਕਰ ਨਾ ਕਰੋ ਜੇ ਤਨਖਾਹ ਨਹੀਂ ਵਧੀ। ਕੋਈ ਗੱਲ ਨਹੀਂ ਫਿਰ ਮਿਲ ਜਾਵੇਗੀ ਤਰੱਕੀ। ਤੁਸੀਂ ਮੇਰੇ ਹੱਥ ਦਾ ਬਣਿਆ ਸਵਾਦੀ ਖਾਣਾ ਖਾਓ। ਇਸ ਤੋਂ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ।’’
ਇਹ ਹੁੰਦੀ ਹੈ ਮੁਕੰਮਲ ਪ੍ਰਵਾਨਗੀ, ਮੁਕੰਮਲ ਪਿਆਰ, ਪੂਰਨ ਸਮਰਪਣ। ਜੇ ਕਦੇ ਉਹ ਆਪਣੇ ਕੰਮ ਵਿੱਚ ਸਫਲ ਨਹੀਂ ਹੁੰਦਾ ਤਾਂ ਉਸ ਦਾ ਪਿਆਰ ਪਤੀ ਲਈ ਘੱਟ ਥੋੜ੍ਹਾ ਹੋ ਜਾਵੇਗਾ। ਦਰਅਸਲ, ਜੇ ਇਸ ਦੇ ਉਲਟ ਹੁੰਦਾ। ਭਾਵ ਜੇ ਉਹ ਦਫਤਰ ’ਚ ਨਾਕਾਮ ਹੋ ਜਾਂਦਾ ਜਾਂ ਬੌਸ ਉਸ ਨੂੰ ਨਕਾਰ ਦਿੰਦਾ, ਤਾਂ ਘਰ ਵਿੱਚ ਹੁਣ ਨਾਲੋਂ ਵੀ ਵੱਧ ਪਿਆਰ ਉਸ ਨੂੰ ਮਿਲਣਾ ਸੀ। ਉਸ ਦੀ ਪਤਨੀ ਹਰ ਹਾਲ ਵਿੱਚ ਉਸ ਨਾਲ ਖੜ੍ਹੀ ਹੋਈ ਹੈ। ਉਸ ਉਤੇ ਪੂਰਾ ਭਰੋਸਾ ਕਰਕੇ, ਪੂਰੇ ਪਿਆਰ ਨਾਲ। ਇਹੀ ਹੈ ਇਸ ਕਹਾਣੀ ਦਾ ਸੂਤਰ ਜੇ ਸਾਨੂੰ ਜ਼ਿੰਦਗੀ ਵਿੱਚ ਇਕ ਵੀ ਵਫਾਦਾਰ ਪਿਆਰਾ ਮਿਲ ਜਾਵੇ ਤਾਂ ਜ਼ਿੰਦਗੀ ਅਨੰਦ ਭਰਪੂਰ ਹੋ ਜਾਂਦੀ। ਫਿਰ ਜੇ ਸਾਰਾ ਸੰਸਾਰ ਸਾਨੂੰ ਰੱਦ ਵੀ ਕਰ ਦੇਵੇ ਤਾਂ ਕੋਈ ਫਰਕ ਨਹੀਂ ਪੈਂਦਾ। ਅਜਿਹੇ ਜੀਵਨ ਸਾਥੀ ਆਪਣੀ ਜ਼ਿੰਦਗੀ ਖੂਬਸੂਰਤ ਢੰਗ ਨਾਲ ਕੱਟਦੇ ਹਨ। ਸੋ, ਆਪਣੇ ਪਿਆਰਿਆਂ ਨੂੰ ਹਰ ਹਾਲਤ ਵਿੱਚ ਪਿਆਰ ਕਰੋ ਅਤੇ ਵਫਾ ਦੇ ਬਦਲੇ ਵਿੱਚ ਵਫਾ ਦਿਉ।

Send this to a friend