ਕੇਂਦਰ ਸਰਕਾਰ ਨੀਂਦ ਚੋਂ ਜਾਗੀ

ਦੇਸ਼ ਭਰ ਵਿੱਚ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਰ ਕੇਂਦਰ ਸਰਕਾਰ ਸੁੱਤੀ ਪਈ ਹੈ। ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਫਿਰ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਲੋਕਾਂ ਨੂੰ ਆਪਣੇ ਹੀ ਪੈਸੇ ਕਢਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਸਮੇਤ ਦੇਸ਼ ਦੇ ਇਕ ਦਰਜਨ ਤੋਂ ਵੱਧ ਸੂਬਿਆਂ ਵਿੱਚ ਬੈਂਕਾਂ ਦੇ ਏ.ਟੀ.ਐਮ. ਖੁਸ਼ਕ ਪਏ ਹਨ। ਲੋਕਾਂ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਪੈਸੇ ਨਹੀਂ ਮਿਲ ਰਹੇ। ਆਂਧਰਾ ਪ੍ਰਦੇਸ਼, ਤਿਲੰਗਾਨਾ, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਵਰਗੇ ਰਾਜਾਂ ਵਿੱਚ ਤਾਂ ਹਾਲਾਤ ਹੋਰ ਵੀ ਮਾੜੇ ਹਨ। ਬੈਂਕਾਂ ਦੇ ਏ.ਟੀ.ਐਮ. ਖਾਲੀ ਹਨ ਅਤੇ ਲੋਕਾਂ ਅੰਦਰ ਭਾਰੀ ਘਬਰਾਹਟ ਪਾਈ ਜਾ ਰਹੀ ਹੈ। ਹੋਰ ਤਾਂ ਹੋਰ ਦਿੱਲੀ ਵਿੱਚ ਵੀ ਏ.ਟੀ.ਐਮ. ਅੱਗੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਕੇਂਦਰ ਸਰਕਾਰ ਦਾ ਵਿੱਤ ਮੰਤਰਾਲਾ ਬੇਸ਼ਕ ਇਹ ਸਫਾਈ ਦੇ ਰਿਹਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਗਦੀ ਦੀ ਮੰਗ ਬੇਤਹਾਸ਼ਾ ਵੱਧਣ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ। ਪ੍ਰੰਤੂ ਇਸ ਸਬੰਧ ਵਿੱਚ ਸਰਕਾਰ ਦਾ ਢਿੱਲੜ ਅਤੇ ਸਾਜਿਸ਼ੀ ਰਵੱਈਆ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਨੋਟਬੰਦੀ ਦੌਰਾਨ ਵੀ ਇਸੇ ਤਰ੍ਹਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪਿਆ। ਹੁਣ ਫਿਰ ਅਜਿਹੇ ਹਾਲਾਤ ਪੈਦਾ ਹੋਣਾ ਇਹ ਦੱਸ ਰਿਹਾ ਹੈ ਕਿ ਰਾਜ ਪ੍ਰਬੰਧਾਂ ਵਿੱਚ ਕਿਤੇ-ਨਾ-ਕਿਤੇ ਗੜਬੜ ਜ਼ਰੂਰ ਹੈ। ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਪਿਛਲੇ ਕੁਝ ਮਹੀਨਿਆਂ ਤੋਂ ਤੰਦਰੁਸਤ ਨਹੀਂ ਹਨ। ਉਹ ਆਪਣੇ ਮੰਤਰਾਲੇ ਵੱਲ ਯੋਗ ਧਿਆਨ ਨਹੀਂ ਦੇ ਰਹੇ। ਸੰਕਟ ਵਾਲੇ ਹਾਲਾਤਾਂ ਵਿੱਚ ਵੀ ਉਨ੍ਹਾਂ ਵੱਲੋਂ ਸਿਰਫ ਭਰੋਸੇ ਹੀ ਦਿੱਤੇ ਜਾ ਰਹੇ ਹਨ। ਨਗਦੀ ਦੀ ਥੂੜ ਦੇ ਹਾਲਾਤ ਤੇਜ਼ੀ ਨਾਲ ਬਦਤਰ ਹੋ ਰਹੇ ਹਨ। ਇਸ ਨਾਲ ਕਾਰੋਬਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ। ਬੈਂਕਾਂ ਸਥਿਤੀ ਨੂੰ ਸੰਭਾਲਣ ਵਿੱਚ ਅਸਫਲ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ’ਤੇ ਹਨ। ਸ੍ਰੀ ਜੇਤਲੀ ਜੋ ਕਿ ਗੁਰਦੇ ਦੀ ਬਿਮਾਰੀ ਕਾਰਨ 2 ਅਪ੍ਰੈਲ ਤੋਂ ਦਫ਼ਤਰ ਨਹੀਂ ਆ ਸਕੇ।। ਅਜਿਹੇ ਹਾਲਾਤਾਂ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਸ ਨਹੀਂ ਰਹੀ। ਦੇਸ਼ ਵਿੱਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਹਨ। ਦੁੱਖ ਤਾਂ ਇਹ ਹੈ ਕਿ ਸਰਕਾਰ ਦੀ ਤਰਫੋਂ ਕੋਈ ਵੀ ਇਸ ਸਥਿਤੀ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਦੇਸ਼ ਦੀ ਬੈਂਕਿੰਗ ਵਿਵਸਥਾ ਤਹਿਸ-ਨਹਿਸ ਹੋ ਕੇ ਰਹਿ ਗਈ ਹੈ। ਏ.ਟੀ.ਐਮ. ਵਿੱਚੋਂ ਵੱਡੇ ਨੋਟਾਂ ਦੀ ਘਾਟ ਇਹ ਦੱਸ ਰਹੀ ਹੈ ਕਿ ਇਸ ਥੂੜ ਪਿੱਛੇ ਜ਼ਰੂਰ ਕੋਈ ਵੱਡਾ ਕਾਰਨ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਅਜਿਹੇ ਹਾਲਾਤਾਂ ਨਾਲ ਪਹਿਲਾਂ ਹੀ ਦੇਸ਼ ਦੀ ਅਰਥ ਵਿਵਸਥਾ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਨਗਦੀ ਦੀ ਥੂੜ ਨਾਲ ਹੁਣ ਹੋਰ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਇਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਵੀ ਦੁਭਰ ਹੁੰਦੀ ਜਾ ਰਹੀ ਹੈ। ਸਰਕਾਰ ਲੋਕਾਂ ਪ੍ਰਤੀ ਕੋਈ ਜਵਾਬਦੇਹੀ ਨਹੀਂ ਸਮਝ ਰਹੀ। ਜੇਕਰ ਅਜਿਹੇ ਹਾਲਾਤ ਰਹੇ ਤਾਂ ਦੇਸ਼ ਵਿੱਚ ਅਰਾਜਕਤਾ ਫੈਲ ਜਾਵੇਗੀ। ਸਿਆਸੀ ਨੇਤਾਵਾਂ ਲਈ ਨਗਦੀ ਦੀ ਥੂੜ ਇਕ ਆਮ ਗੱਲ ਹੋ ਸਕਦੀ ਹੈ ਪ੍ਰੰਤੂ ਆਮ ਸਧਾਰਨ ਲੋਕਾਂ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ। ਉਨ੍ਹਾਂ ਲਈ ਦੋ ਵੇਲੇ ਦੀ ਰੋਟੀ ਵੀ ਮੁਸ਼ਕਿਲ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਤੁਰੰਤ ਨੀਂਦ ਤੋਂ ਜਾਗਣਾ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵਿਦੇਸ਼ੀ ਦੌਰਿਆਂ ਦੀ ਥਾਂ ਦੇਸ਼ ਦੇ ਹਾਲਾਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਕਠੂਆ ਕਾਂਡ ਕਰਕੇ ਪੂਰਾ ਦੇਸ਼ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ, ਹੁਣ ਨਗਦੀ ਦੀ ਕਮੀ ਨੇ ਤਾਂ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਮੁਸ਼ਕਿਲ ਵਿੱਚ ਲੈ ਆਂਦਾ ਹੈ।
19 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend