ਸਿੱਖ ਭਾਈਚਾਰਾ ਇਸ ਸਮੇਂ ਵੱਡੀ ਫੁੱਟ ਦਾ ਸ਼ਿਕਾਰ ਹੈ। ਵੱਖ-ਵੱਖ ਧੜੇ ਅਤੇ ਜਥੇਬੰਦੀਆਂ ਇਕ ਦੂਜੇ ਖਿਲਾਫ ਤਲਵਾਰਾਂ ਸੂਤੀ ਖੜ੍ਹੀਆਂ ਹਨ। ਕੋਈ ਵੀ ਅਜਿਹਾ ਕੌਮੀ ਮਸਲਾ ਨਹੀਂ ਹੈ ਜਿਸ ਉਪਰ ਸਾਰੀ ਕੌਮ ਇਕਮੁੱਠ ਹੋਵੇ। ਹਰ ਛੋਟੀ ਗੱਲ ’ਤੇ ਵਿਵਾਦ ਹੋ ਰਿਹਾ ਹੈ। ਹੋਰ ਤਾਂ ਹੋਰ ਸਿੱਖ ਇਤਿਹਾਸ, ਗੁਰਬਾਣੀ ਅਤੇ ਗੁਰੂਆਂ ਦੇ ਜੀਵਨ ਬਾਰੇ ਵੀ ਬੇਲੋੜੇ ਤੌਰ ’ਤੇ ਵਿਵਾਦ ਪੈਦਾ ਕੀਤੇ ਜਾ ਰਹੇ ਹਨ। ਇਸ ਕਾਰਨ ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਵੱਜੀ ਹੈ। ਪੂਰੀ ਕੌਮ ਛੋਟੇ-ਛੋਟੇ ਧੜਿਆਂ ਵਿੱਚ ਵੰਡ ਕੇ ਰਹਿ ਗਈ ਹੈ। ਇਸ ਕਾਰਨ ਹੀ ਕੌਮ ਦੀ ਸ਼ਕਤੀ ਘਟੀ ਹੈ। ਕੌਮੀ ਮਸਲਿਆਂ ਉਪਰ ਵੀ ਇਸ ਵੰਡੀ ਦਾ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਸਰਕਾਰਾਂ ਵੀ ਹੁਣ ਸਿੱਖ ਭਾਈਚਾਰੇ ਪ੍ਰਤੀ ਪਹਿਲਾਂ ਵਾਲਾ ਰਵੱਈਆ ਨਹੀਂ ਰੱਖ ਰਹੀਆਂ। ਸਿੱਖ ਭਾਈਚਾਰੇ ਦਾ ਕੋਈ ਵੀ ਅਜਿਹਾ ਆਗੂ ਨਹੀਂ ਹੈ ਜਿਸ ਉਪਰ ਸਾਰੇ ਸਿੱਖ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹੋਣ। ਆਗੂ ਵੀ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ। ਹੁਣ ਜਦੋਂ ਸਿੱਖ ਭਾਈਚਾਰਾ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਤਿਓਹਾਰ ਮਨਾਉਣ ਜਾ ਰਿਹਾ ਹੈ ਤਦ ਉਸ ਨੂੰ ਇਸ ਵਿਸ਼ੇ ਉਪਰ ਵਿਸ਼ੇਸ਼ ਤੌਰ ’ਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸੰਨ 1699 ਈ: ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮਹਾਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖਾਲਸਾ ਪੰਥ ਨੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਖਾਲਸਾ ਪੰਥ ਦੀ ਸਾਜਨਾ ਸਿੱਖ ਧਰਮ ਦੀ ਸਭ ਤੋਂ ਸਿਖਰਲੀ ਸਰਗਰਮੀ ਆਖੀ ਜਾ ਸਕਦੀ ਹੈ। ਖਾਲਸਾ ਪੰਥ ਨੇ ਧਰਮ ਅਤੇ ਜਾਤ ਦੇ ਨਾਮ ’ਤੇ ਹੋ ਰਹੇ ਵਿਤਕਰੇ ਨੂੰ ਖਤਮ ਕੀਤਾ। ਜ਼ੁਲਮੀ ਅਤੇ ਅਨਿਆਪੁਰਨ ਪ੍ਰਬੰਧ ਨੂੰ ਵੱਡੀ ਚੁਣੌਤੀ ਦਿੱਤੀ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਸਾਹਿਬਾਂ ਵੱਲੋਂ ਲਿਆਂਦੇ ਗਏ ਇਸ ਇਨਕਲਾਬ ਨੂੰ ਉਸ ਰੂਪ ਵਿੱਚ ਕਾਇਮ ਨਹੀਂ ਰੱਖ ਸਕੇ। ਕੌਮੀ ਪੱਧਰ ’ਤੇ ਅਸੀਂ ਇਸ ਵਿਚਾਰਧਾਰਾ ਨੂੰ ਹੋਰ ਫੈਲਾਉਣ ਵਿੱਚ ਅਸਫਲ ਰਹੇ ਹਾਂ। ਖਾਲਸਾ ਪੰਥ ਦੀ ਸਿਰਜਨਾ ਦੀ ਪ੍ਰਸੰਗਤਾ ਅੱਜ ਵੀ ਜਿਊਂ ਦੀ ਤਿਊਂ ਬਣੀ ਹੋਈ ਹੈ। ਬੇਸ਼ਕ ਖਾਲਸਾ ਪੰਥ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪੈ ਚੁੱਕੀਆਂ ਹਨ, ਪ੍ਰੰਤੂ ਗੁਰੂ ਸਾਹਿਬਾਂ ਵੱਲੋਂ ਕਾਇਮ ਕੀਤੇ ਗਏ ਪੰਥ ਦੀ ਸ਼ਕਤੀ ਅਤੇ ਕ੍ਰਿਸ਼ਮਾ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਜੇਕਰ ਖਾਲਸਾ ਪੰਥ ਆਪਣੇ ਅੰਦਰੂਨੀ ਅਤੇ ਛੋਟੇ ਝਗੜਿਆਂ ਨੂੰ ਖਤਮ ਕਰਕੇ ਇਕਮੁੱਠ ਹੋ ਜਾਂਦਾ ਹੈ ਤਾਂ ਇਸ ਖਿਤੇ ਨੂੰ ਇਕ ਨਵਾਂ ਧਾਰਮਿਕ ਅਤੇ ਰਾਜਸੀ ਇਨਕਲਾਬ ਵਾਪਰ ਸਕਦਾ ਹੈ। ਕੌਮ ਦੇ ਰਹਿਬਰਾਂ ਨੂੰ ਖਾਲਸਾ ਪੰਥ ਅੰਦਰਲੀ ਧੜੇਬੰਦੀ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਵਿਵਾਦ ਵਾਲੇ ਸਾਰੇ ਮੁੱਦਿਆਂ ਉਪਰ ਇਕ ਰਾਏ ਬਣਾਉਣ ਲਈ ਯਤਨ ਕੀਤੇ ਜਾਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹਿਰਦੇਵੈਦਕ ਘਟਨਾਵਾਂ ਨੂੰ ਰੋਕਣ ਲਈ ਕੌਮ ਇਕਮੁੱਠ ਹੋਵੇ। ਧਾਰਮਿਕ ਮੁੱਦਿਆਂ ਉਪਰ ਵਿਵਾਦ ਪੈਦਾ ਕਰਨ ਵਾਲੇ ਪ੍ਰਚਾਰਕਾਂ ਨੂੰ ਨੱਥ ਪਾਈ ਜਾਵੇ। ਕੌਮ ਉਪਰ ਬਾਹਰੀ ਹਮਲਿਆਂ ਨੂੰ ਰੋਕਣ ਲਈ ਉਚੇਚੇ ਤੌਰ ’ਤੇ ਰਣਨੀਤੀ ਘੜੀ ਜਾਵੇ। ਇਨ੍ਹਾਂ ਸਾਰੇ ਹਾਲਾਤਾਂ ਨੂੰ ਤੱਦ ਹੀ ਮੋੜਾ ਦਿੱਤਾ ਜਾ ਸਕਦਾ ਹੈ ਜੇਕਰ ਪੰਥਕ ਏਕਤਾ ਨੂੰ ਮਜ਼ਬੂਤ ਕੀਤਾ ਜਾਵੇ। ਧੜੇਬੰਦੀਆਂ ਨੂੰ ਖ਼ਤਮ ਕੀਤਾ ਜਾਵੇ। ਸਾਰੇ ਧਾਰਮਿਕ ਅਤੇ ਰਾਜਸੀ ਆਗੂ ਮਿਲਜੁਲ ਕੇ ਅਜਿਹੇ ਹਾਲਾਤ ਬਣਾਉਣ ਕਿ ਹਰ ਸਿੱਖ ਆਪਣੀ ਕੌਮ ਦੀ ਬੇਹਤਰੀ ਲਈ ਕੰਮ ਕਰੇ। ਤਦ ਕੌਮ ਦੀ ਤਕਦੀਰ ਨੂੰ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ। ਖਾਲਸਾ ਸਾਜਨਾ ਦਿਵਸ ਏਕਤਾ ਦੇ ਅਜਿਹੇ ਸੰਕਲਪ ਲਈ ਸਭ ਤੋਂ ਢੁੱਕਵਾਂ ਮੌਕਾ ਹੈ। ਚੰਗਾ ਹੋਵੇਗਾ ਜੇਕਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਣ ਵਾਲੇ ਦਿਵਾਨਾਂ ਅਤੇ ਰਾਜਸੀ ਕਾਨਫਰੰਸਾਂ ਵਿੱਚ ਇਸ ਮੁੱਦੇ ’ਤੇ ਚਰਚਾ ਹੋਵੇ। ਇਸ ਤਰ੍ਹਾਂ ਹੀ ਮਜ਼ਲੂਮ ਅਤੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਲੜਨ ਵਾਲੇ ਸਿੱਖ ਭਾਈਚਾਰੇ ਨੂੰ ਇਨਸਾਫ਼ ਮਿਲ ਸਕੇਗਾ। ਜਦ ਸਿੱਖ ਭਾਈਚਾਰਾ ਗੁਰੂ ਸਾਹਿਬਾਂ ਦੀ ਸਿੱਖਿਆ ਮੁਤਾਬਿਕ ਇਕਮੁੱਠ ਹੋ ਕੇ ਹੰਬਲਾ ਮਾਰੇਗਾ ਤਦ ਇਹ ਹਾਲਾਤ ਖੁਦ-ਬ-ਖੁਦ ਬਦਲ ਜਾਣਗੇ।
13 ਅਪ੍ਰੈਲ 2018 – ਬਲਜੀਤ ਸਿੰਘ ਬਰਾੜ