ਆਟੋ ਰਿਪੇਅਰ ਦੀ ਦੁਕਾਨ ਨੂੰ ਸ਼ੱਕੀ ਹਾਲਾਤ ’ਚ ਅੱਗ

ਲੱਖਾਂ ਦਾ ਸਮਾਨ ਸੜ ਕੇ ਸੁਆਹ

ਭਵਾਨੀਗੜ੍ਹ, 3 ਅਪ੍ਰੈਲ (ਕ੍ਰਿਸ਼ਨ ਗਰਗ, ਇਕਬਾਲ ਬਾਲੀ)- ਬੀਤੀ ਰਾਤ ਭਵਾਨੀਗੜ ਵਿੱਚ ਸੰਗਰੂਰ-ਪਟਿਆਲਾ ਰੋਡ ‘ਤੇ ਸਥਿਤ ਇੱਕ ਆਟੋ ਰਿਪੇਅਰ ਦੀ ਦੁਕਾਨ ਸ਼ੱਕੀ ਹਾਲਾਤ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ‘ਚ ਰਿਪੇਅਰ ਲਈ ਖੜੇ 4 ਦੋ ਪਹੀਆ ਵਾਹਨ ਅਤੇ ਦੁਕਾਨ ਵਿੱਚ ਪਿਆ ਸਪੇਅਰ ਪਾਰਟਸ ਅਤੇ ਫਰਨੀਚਰ ਸੜ ਕੇ ਸਵਾਹ ਹੋ ਗਿਆ। ਆਟੋ ਰਿਪੇਅਰ ਦੁਕਾਨ ਦੇ ਮਾਲਕ ਕਰਮਜੀਤ ਸਿੰਘ ਵਾਸੀ ਪਿੰਡ ਝਨੇੜੀ ਨੇ ਦੱਸਿਆ ਕਿ ਭਾਰਤ ਬੰਦ ਦੋਰਾਨ ਉਹ ਸੋਮਵਾਰ ਸਵੇਰੇ 11 ਕੁ ਵਜੇ ਅਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਅੱਜ ਜਦੋਂ ਉਸ ਨੇ ਸਵੇਰੇ ਆ ਕੇ ਅਪਣੀ ਦੁਕਾਨ ਦਾ ਸ਼ਟਰ ਚੁਕਿਆ ਤਾਂ ਦੇਖਿਆ ਕਿ ਦੁਕਾਨ ਅੰਦਰ ਅੱਗ ਲੱਗਣ ਨਾਲ ਦੁਕਾਨ ਵਿੱਚ ਰੱਖਿਆ ਕਾਊਂਟਰ, ਟੈਲੀਵਿਜਨ ਤੇ ਆਟੋ ਰਿਪੇਅਰ ਦੇ ਸਮਾਨ ਦੇ ਨਾਲ ਨਾਲ ਲੋਕਾਂ ਦੇ ਰਿਪੇਅਰ ਲਈ ਆਏ 3 ਮੋਟਰਸਾਇਕਲ ਤੇ ਇੱਕ ਸਕੂਟਰੀ ਵੀ ਸੜ ਚੁਕੀ ਸੀ। ਦੁਕਾਨਦਾਰ ਨੇ ਬਿਜਲੀ ਸ਼ਾਟ ਸਰਕਟ ਕਾਰਨ ਅੱਗ ਲੱਗਣ ਦੀ ਵਜਾ ਨੂੰ ਨਕਾਰਦਿਆਂ ਸ਼ੱਕ ਪ੍ਰਗਟਾਇਆ ਕਿ ਇਸ ਘਟਨਾ ਦੇ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੋ ਸਕਦਾ ਹੈ ਕਿਉਂਕਿ ਦੁਕਾਨ ਬੰਦ ਕਰਨ ਤੋਂ ਪਹਿਲਾ ਬਿਜਲੀ ਸਪਲਾਈ ਨੂੰ ਕੱਟ ਕੇ ਜਾਂਦਾ ਹੈ। ਦੁਕਾਨ ਮਾਲਕ ਕਰਮਜੀਤ ਮੁਤਾਬਕ ਘਟਨਾ ਵਿੱਚ ਉਸਦਾ ਸਵਾ ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਸੂਚਨਾ ਮਿਲਣ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।