ਪੰਜਾਬ ਵਿਧਾਨ ਸਭਾ ਦੇ ਤਾਜ਼ਾ ਬਜਟ ਸੈਸ਼ਨ ਵਿੱਚ ਵਿਰੋਧੀ ਧਿਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਾਰ ਪੰਜਾਬ ਸਰਕਾਰ ਕਈ ਪੱਖਾਂ ਤੋਂ ਸਫਲ ਰਹੀ ਹੈ। ਬੇਸ਼ਕ ਪ੍ਰਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵੱਲੋਂ ਸਰਕਾਰ ਨੂੰ ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਘੇਰਨ ਦੀ ਵਿਆਪਕ ਯੋਜਨਾ ਬਣਾਈ ਗਈ ਸੀ। ਪ੍ਰੰਤੂ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਮੁਕਾਬਲੇ ਇਹ ਯੋਜਨਾਵਾਂ ਕਿਧਰੇ ਠਹਿਰ ਨਹੀਂ ਸਕੀਆਂ। ਦੋਹਾਂ ਵਿਰੋਧੀ ਧਿਰਾਂ ਵੱਲੋਂ ਸੈਸ਼ਨ ਤੋਂ ਬਾਹਰ ਕੀਤੇ ਗਏ ਪ੍ਰਦਰਸ਼ਨ ਵਧੇਰੇ ਪ੍ਰਭਾਵਸ਼ਾਲੀ ਨਹੀਂ ਰਹੇ। ਦੋਵੇਂ ਪਾਰਟੀਆਂ ਇਸ ਦੌਰਾਨ ਧਿਆਨ ਕੇਂਦਰਿਤ ਕਰਨ ਵਾਲੇ ਮੁੱਦੇ ਉਠਾਉਣ ਵਿੱਚ ਅਸਫਲ ਰਹੀਆਂ। ਸੈਸ਼ਨ ਅੰਦਰ ਵੀ ਵਿਰੋਧੀ ਧਿਰ ਦਾ ਹੱਲਾ ਪੂਰੀ ਤਰ੍ਹਾਂ ਅਸਰਦਾਰ ਨਹੀਂ ਰਿਹਾ। ਇਹ ਗੱਲ ਵੱਖਰੀ ਹੈ ਕਿ ‘ਆਪ’ ਅਤੇ ਅਕਾਲੀ-ਭਾਜਪਾ ਗਠਜੋੜ ਦੇ ਨੇਤਾਵਾਂ ਨੇ ਸੈਸ਼ਨ ਦੇ ਅੰਦਰ ਖੂਬ ਹੋ ਹੱਲਾ ਕੀਤਾ। ਪ੍ਰੰਤੂ ਉਹ ਕੰਮਕਾਜ ਨੂੰ ਰੋਕਣ ਅਤੇ ਪ੍ਰਭਾਵਿਤ ਕਰਨ ਵਿੱਚ ਸਫਲ ਰਹੇ। ਵਿਰੋਧੀ ਧਿਰ ਸਰਕਾਰ ਨੂੰ ਆਪਣੀ ਕੋਈ ਵੀ ਗੱਲ ਮੰਨਵਾਉਣ ਵਿੱਚ ਅਸਫਲ ਰਹੀ। ਸਰਕਾਰ ਇਸ ਦੌਰਾਨ 10 ਅਹਿਮ ਬਿੱਲ ਪਾਸ ਕਰਵਾਉਣ ਵਿੱਚ ਸਫਲ ਹੋ ਗਈ। ਪੰਜਾਬ ਦਾ 2018-19 ਦਾ ਬਜਟ ਵੀ ਬਿਨਾਂ ਕਿਸੇ ਝੰਜਟ ਅਤੇ ਸੋਧ ਪਾਸ ਕਰ ਦਿੱਤਾ ਗਿਆ। ਹੋਰ ਤਾਂ ਹੋਰ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਆਪੋ-ਆਪਣੇ ਪੂਰੇ ਭਾਸ਼ਣ ਦੇਣ ਵਿੱਚ ਸਫਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦਾ ਬਜਟ ਪ੍ਰਸਤਾਵਾਂ ਉਪਰ ਧੰਨਵਾਦੀ ਭਾਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਨ੍ਹਾਂ ਨੇ ਆਪਣੀ ਗੱਲ ਨੂੰ ਬੜੇ ਸੰਕੋਚਵੇਂ ਅਤੇ ਢੁੱਕਵੇਂ ਸ਼ਬਦਾਂ ਵਿੱਚ ਪੇਸ਼ ਕੀਤਾ। ਉਨ੍ਹਾਂ ਵੱਲੋਂ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਲਗਪਗ ਸਾਰੇ ਮੁੱਦਿਆਂ ਉਪਰ ਆਪਣੇ ਸਪੱਸ਼ਟ ਵਿਚਾਰ ਰੱਖੇ ਗਏ। ਇਸ ਭਾਸ਼ਣ ਨੇ ਵਿਰੋਧੀ ਧਿਰ ਨੂੰ ਬੈਕਫੁੱਟ ’ਤੇ ਲੈ ਆਂਦਾ। ਆਖਰੀ ਦਿਨ ਤਾਂ ਪੰਜਾਬ ਸਰਕਾਰ ਵਿਰੋਧੀ ਧਿਰ ’ਤੇ ਪੂਰੀ ਤਰ੍ਹਾਂ ਹਾਵੀ ਹੋ ਗਈ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਰੋਧੀ ਧਿਰ ਦੇ ਮੁੱਦਿਆਂ ਦਾ ਜਵਾਬ ਦਿੰਦੇ ਹੋਏ ਅਪਨਾਇਆ ਹਮਲਾਵਰ ਰੁੱਖ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਕਲੀਨਬੋਲਡ ਕਰ ਗਿਆ। ਸੈਸ਼ਨ ਦੌਰਾਨ ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ, ਸ਼੍ਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੰਤਰੀ ਸ. ਰਾਣਾ ਗੁਰਜੀਤ ਸਿੰਘ ਵੱਲੋਂ ਚਲਾਏ ਗਏ ਬ੍ਰਹਮ ਅਸਤਰ ਵਿਰੋਧੀ ਧਿਰ ਨੂੰ ਚਿੱਤ ਕਰਨ ਵਿੱਚ ਕਾਮਯਾਬ ਰਹੇ। ਪੰਜਾਬ ਵਿਧਾਨ ਸਭਾ ਵਿੱਚ ਸ. ਨਵਜੋਤ ਸਿੰਘ ਸਿੱਧੂ ਦਾ ਕੋਈ ਮੁਕਾਬਲਾ ਹੀ ਨਹੀਂ। ਉਹ ਆਪਣੀ ਗੱਲ ਨੂੰ ਬਹੁਤ ਧੜੱਲੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖਦੇ ਹਨ। ਪਿਛਲੇ ਸਾਰੇ ਸੈਸ਼ਨਾਂ ਤੋਂ ਲੈ ਕੇ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਅੱਗੇ ਲਾਇਆ ਹੋਇਆ ਹੈ। ਕੁਲ ਮਿਲਾ ਕੇ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਨੇ ਇਕ ਵਾਰ ਫਿਰ ਇਸ ਗੱਲ ਨੂੰ ਤਸਦੀਕ ਕਰ ਦਿੱਤਾ ਹੈ ਕਿ ਕਾਂਗਰਸ ਦੇ ਮੁਕਾਬਲੇ ਵਿਰੋਧੀ ਧਿਰ ਕੋਲ ਸਮਰੱਥ ਅਤੇ ਧੜੱਲੇਦਾਰ ਆਗੂਆਂ ਦੀ ਘਾਟ ਹੈ। ਇਸ ਪੱਖ ਤੋਂ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਭਾਗਸ਼ਾਲੀ ਹਨ ਕਿਉਂਕਿ ਉਨ੍ਹਾਂ ਨੂੰ ਸ. ਨਵਜੋਤ ਸਿੰਘ ਸਿੱਧੂ ਅਤੇ ਸ. ਮਨਪ੍ਰੀਤ ਸਿੰਘ ਬਾਦਲ ਵਰਗੀਆਂ ਢਾਲਾਂ ਮਿਲੀਆਂ ਹੋਈਆਂ ਹਨ। ਇਨ੍ਹਾਂ ਦੋਹਾਂ ਆਗੂਆਂ ਦੇ ਹੁੰਦੇ ਹੋਏ ਮੁੱਖ ਮੰਤਰੀ ਵਿਰੋਧੀ ਧਿਰ ਦੇ ਹਮਲਿਆਂ ਤੋਂ ਪੂਰੀ ਤਰ੍ਹਾਂ ਮਹਿਫੂਜ ਹਨ।
1 ਅਪ੍ਰੈਲ 2018 – ਬਲਜੀਤ ਸਿੰਘ ਬਰਾੜ