ਫ਼ਤਹਿਗੜ੍ਹ ਸਾਹਿਬ, 28 ਮਾਰਚ (ਮਨੋਜ ਭੱਲਾ)-ਨਾਬਾਰਡ ਵੱਲੋਂ ਜ਼ਿਲ੍ਹੇ ਵਿੱਚ ਡੇਅਰੀ ਅਤੇ ਬਾਗਬਾਨੀ ਨੂੰ ਹੋਰ ਵਿਕਸਤ ਕਰਨ ਲਈ ਏਰੀਆ ਡਿਵੈਲਪਮੈਂਟ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਡੇਅਰੀ ਦੇ 520 ਯੁਨਿਟ ਅਤੇ ਬਾਗਬਾਨੀ ਦੇ ਪੋਲੀ ਹਾਊਸ ਲਗਾਉਣ ਲਈ 300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਨਾਬਾਰਡ ਵੱਲੋਂ ਡੇਅਰੀ ਵਿਕਾਸ ਲਈ 2, 5, 10 ਤੇ 20 ਪਸ਼ੂਆਂ ਦੇ ਯੁਨਿਟ ਸਥਾਪਤ ਕਰਵਾਏ ਜਾਣਗੇ ਜਿਨ੍ਹਾਂ ’ਤੇ ਆਮ ਵਰਗ ਦੇ ਲੋਕਾਂ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਲੋਕਾਂ ਨੂੰ 33.33 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਸਵੈ ਰੋਜ਼ਗਾਰ ਯੋਜਨਾ ਅਧੀਨ ਫਰਵਰੀ ਮਹੀਨੇ ਦੌਰਾਨ 176 ਡੇਅਰੀ ਯੂਨਿਟ ਸਥਾਪਤ ਕਰਵਾਉਣ ਲਈ 4 ਕਰੋੜ 42 ਲੱਖ 62 ਹਜਾਰ 500 ਰੁਪਏ ਦਾ ਕਰਜਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੈਂਕਾਂ ਨੇ ਇਸ ਸਾਲ 52 ਸੈਲਫ ਹੈਲਪ ਗਰੁੱਪਾਂ ਦੇ ਬੈਂਕਾਂ ਵਿੱਚ ਖਾਤੇ ਖੋਲੇ ਗਏ ਅਤੇ 47 ਸੈਲਫ ਹੈਲਪ ਗਰੁੱਪਾਂ ਨੂੰ ਕਰਜ਼ੇ ਮੁਹੱਈਆ ਕਰਵਾਏ ਗਏ। ਸ਼੍ਰੀਮਤੀ ਬਰਾੜ ਨੇ ਨਾਬਾਰਡ ਦੇ ਡੀ.ਡੀ.ਐਮ. ਸ਼੍ਰੀ ਸੰਜੀਵ ਸ਼ਰਮਾ ਨੂੰ ਕਿਹਾ ਕਿ ਏਰੀਆ ਡਿਵੈਲਪਮੈਂਟ ਸਕੀਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਕੈਂਪ ਲਗਾਏ ਜਾਣ । ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਮੁਦਰਾ ਸਕੀਮ ਅਧੀਨ ਖੇਤੀਬਾੜੀ ਦੇ ਸਹਾਇਕ ਧੰਦਿਆਂ ਲਈ ਵੀ ਕਰਜ਼ੇ ਦਿੱਤੇ ਜਾਣ ਤਾਂ ਜੋ ਕਿਸਾਨ ਇਨ੍ਹਾਂ ਕਰਜ਼ਿਆਂ ਨਾਲ ਸਹਾਇਕ ਧੰਦੇ ਸ਼ੁਰੂ ਕਰਕੇ ਆਰਥਿਕ ਪੱਧਰ ’ਤੇ ਮਜਬੂਤ ਹੋ ਸਕਣ। ਇਸ ਮੌਕੇ ਐਮ.ਐਸ.ਐਮ.ਈ. ਦੇ ਸ਼੍ਰੀ ਨੀਰਜ ਕੁਮਾਰ ਨੇ ਵੀ ਬੈਂਕ ਅਧਿਕਾਰੀਆਂ ਨੂੰ ਉਦਯੋਗਾਂ ਨੂੰ ਕਰਜ਼ੇ ਦੇਣ ਸਬੰਧੀ ਜਾਗਰੂਕ ਕੀਤਾ।