Skip to content
Independent perspectives. Global stories.
BREAKING

ਪਤੀ-ਪਤਨੀ ਸਬੰਧਾਂ ਵਿੱਚ ਤਰੇੜਾਂ ਅਤੇ ਤਣਾਓ

Share this story

‘‘ਮੈਂ 34 ਵਰ੍ਹਿਆਂ ਦਾ ਹਾਂ। ਉਦਾਸੀ ਦੀ ਡੂੰ੍ਯਘੀ ਖਾਈ ਵਿੱਚ ਗਰਕ ਹਾਂ। ਉਦਾਸੀ ਦਾ ਕਾਰਨ ਇਕ ਔਰਤ ਹੈ। ਔਰਤ ਕੋਈ ਬਾਹਰਲੀ ਨਹੀਂ ਮੇਰੀ ਆਪਣੀ ਪਤਨੀ ਹੈ। ਅਜੇ ਤੱਕ ਤਾਂ ਉਹ ਮੇਰੀ ਪਤਨੀ ਹੈ ਪਰ ਅਸੀਂ ਵੱਖ-ਵੱਖ ਰਹਿੰਦੇ ਹਾਂ। ਵਿਆਹ ਨੂੰ ਅਜੇ 2 ਸਾਲ ਹੋਏ ਹਨ। ਧੋਖਾ ਹੋ ਗਿਆ ਮੇਰੇ ਨਾਲ ਬਹੁਤ ਵੱਡਾ। ਮੈਨੂੰ ਇਹ ਦੱਸਿਆ ਗਿਆ ਕਿ ਕੁੜੀ ਆਸਟ੍ਰੇਲੀਆ ਦੀ ਪੀ.ਆਰ. ਹੈ। ਮੈਂ ਵਿਆਹ ਕਰਵਾ ਲਿਆ। ਕੁੜੀ ਦੀ ਨੇਚਰ ਇੰਨੀ ਆਕੜਖੋਰੀ, ਨਾ ਮੇਰੀ ਮਾਂ ਨੂੰ ਕੁੱਝ ਸਮਝਦੀ ਹੈ ਅਤੇ ਨਾ ਹੀ ਮੇਰੀ ਭੈਣ ਨੂੰ। ਜਿੰਨਾ ਚਿਰ ਇਥੇ ਰਹੀ ਘਰ ਵਿੱਚ ਕਲੇਸ਼ ਰਿਹਾ। ਹੁਣ ਉਹ ਗਈ ਹੈ ਥੋੜ੍ਹੀ ਸ਼ਾਂਤੀ ਹੈ। ਜਦੋਂ ਤਲਾਕ ਹੋ ਗਿਆ ਸ਼ਾਂਤੀ ਤਾਂ ਅਸਲ ਵਿੱਚ ਉਦੋਂ ਹੀ ਮਿੱਲੂ।’’ ਮੇਰਾ ਇਕ ਆਰਟੀਕਲ ਪੜ੍ਹਣ ਤੋਂ ਬਾਅਦ ਇਕ ਨੌਜਵਾਨ ਨੇ ਉਕਤ ਇਬਾਰਤ ਵਾਲਾ ਫੋਨ ਮੈਨੂੰ ਕੀਤਾ। ਉਸ ਦਾ ਕਹਿਣਾ ਸੀ ਉਹ ਡਿਪਰੈਸ਼ਨ ਵਿੱਚ ਜਾ ਰਿਹਾ ਹੈ ਅਤੇ ਮੈਂ ਉਸ ਲਈ ਕੁਝ ਕਰਾਂ, ਕੁੱਝ ਲਿਖਾਂ ਅਤੇ ਚੜ੍ਹਦੀ ਕਲਾ ’ਚ ਆਉਣ ਦੇ ਕੁੱਝ ਸੂਤਰ ਦੱਸਾਂ।
ਮੈਂ ਉਸ ਨੌਜਵਾਨ ਨੂੰ ਸਮਝਾਉਂਦਾ ਹਾਂ ਕਿ ਤੂੰ ਤਾਂ ਆਸਟਰੇਲੀਆ ਜਾ ਕੇ ਰਹਿਣਾ ਹੈ। ਜਦੋਂ ਤੂੰ ਉਸ ਕੋਲ ਚਲਿਆ ਗਿਆ ਅਤੇ ਤੁਸੀਂ ਇਕੱਠੇ ਰਹਿਣ ਲੱਗੇ ਆਪਣੇ ਆਪ ਪਿਆਰ ਵਧੂ ਅਤੇ ਜਦੋਂ ਮੁਹੱਬਤ ਹੋ ਜਾਂਦੀ ਹੈ ਤਾਂ ਔਰਤ ਆਪਣੇ ਪਤੀ ਲਈ ਕੁੱਝ ਵੀ ਕੁੱਝ ਕਰਨ ਨੂੰ ਤਿਆਰ ਹੁੰਦੀ ਹੈ। ਤੂੰ ਉਸ ਨੂੰ ਪਿਆਰ ਨਾਲ ਜਿੱਤ ਲਈ। ਮੇਰੀ ਇਹ ਗੱਲ ਸੁਣਕੇ ਉਸ ਨੇ ਦੱਸਿਆ ਕਿ ਅਸਲੀ ਗੱਲ ਤਾਂ ਇਹ ਹੈ ਕਿ ਮੈਂ ਉਸ ਕੋਲ ਜਾਣਾ ਨਹੀਂ। ਮੇਰੇ ਨਾਲ ਧੋਖਾ ਹੋਇਆ ਹੈ। ਉਹ ਪਹਿਲਾਂ ਹੀ ਕਿਸੇ ਨੂੰ ਆਪਣਾ ਪਤੀ ਬਣਾ ਕੇ ਲਿਜਾ ਚੁੱਕੀ ਹੈ। ਉਸ ਨੇ ਤਾਂ ਸਿਰਫ ਅੰਗਰੇਜ਼ੀ ਦਾ ਟੈਸਟ ਪਾਸ ਕੀਤਾ ਸੀ। ਬਾਕੀ ਖ਼ਰਚਾ ਤਾਂ ਦੂਜੀ ਪਾਰਟੀ ਨੇ ਕੀਤਾ ਸੀ। ਇਹ ਗੱਲ ਉਨ੍ਹਾਂ ਨੇ ਸਾਡੇ ਕੋਲੋਂ ਲੁਕੋ ਕੇ ਰੱਖੀ। ਹੁਣ ਕੀ ਪਤਾ ਉਹ ਪੇਪਰ ਮੈਰਿਜ਼ ਸੀ ਜਾਂ ਉਹ ਉਥੇ ਪਤੀ-ਪਤਨੀ ਵਾਂਗ ਰਹੇ। ਮੈਨੂੰ ਸ਼ੱਕ ਨੇ ਖਾ ਲਿਆ ਹੈ। ਹੁਣ ਤਾਂ ਮੈਂ ਚਾਹੁੰਦਾ ਹੋਇਆ ਵੀ ਨਹੀਂ ਰਹਿ ਸਕਾਂਗਾ।
ਇਹ ਕੋਈ ਇਕ ਕੇਸ ਨਹੀਂ ਅਜਿਹੇ ਸੈਂਕੜੇ ਕੇਸ ਹਨ ਜੋ ਸਾਡੀ ਘਰੇਲੂ ਜ਼ਿੰਦਗੀ ਤਬਾਹ ਕਰ ਰਹੇ ਹਨ। ਰੱਬ ਜਿੰਨਾਂ ਵਿਸ਼ਵਾਸ ਤਾਂ ਗੀਤਾਂ ਵਿੱਚ ਹੀ ਸੁਣਨ ਨੂੰ ਮਿਲਦਾ ਹੈ। ਨਵੀਂ ਪੀੜ੍ਹੀ ਦੀ ਜ਼ਿੰਦਗੀ ਸਰਾਪੀ ਗਈ ਹੈ। ਇਕ ਪਾਸੇ ਤਾਂ ਉਨ੍ਹਾਂ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿੱਚ ਹਨ ਜਿਥੇ ਔਰਤ ਤਾਂ ਦਰਜਾ ਉਹ ਨਹੀਂ ਜੋ ਪੱਛਮੀਂ ਸਮਾਜ ਵਿੱਚ ਹੈ। ਅਸੀਂ ਚਾਹੁੰਦੇ ਹਾਂ ਕਿ ਔਰਤ ਵਿਚਰੇ ਤਾਂ ਪੱਛਮੀਂ ਦੀਆਂ ਔਰਤਾਂ ਵਾਂਗ, ਕਮਾਵੇ ਵੀ ਮਰਦਾਂ ਵਾਂਗ ਅਤੇ ਘਰ ਆ ਕੇ ਘਰੇਲੂ ਔਰਤਾਂ ਵਾਂਗ ਵਿਵਹਾਰ ਕਰੇ। ਸੱਸ ਅਤੇ ਨਨਾਣ ਨੂੰ ਪੂਰਾ ਸਤਿਕਾਰ ਦੇਵੇ। ਦੂਜੇ ਪਾਸੇ ਔਰਤ ਵੀ ਜਾਗਰੂਕ ਹੋ ਗਈ ਹੈ। ਉਹ ਵੀ ਸਭ ਕੁੱਝ ਸਮਝ ਰਹੀ ਹੈ। ਉਕਤ ਕੇਸ ਵਿੱਚ ਵੀ ਇਕ ਗਰੀਬ ਕੁੜੀ ਨੇ ਮਿਹਨਤ ਕਰਕੇ ਆਈਲੈਟਸ ਦਾ ਟੈਸਟ ਪਾਸ ਕੀਤਾ ਇਕ ਅਮੀਰ ਬਾਪ ਦੇ ਨਲਾਇਕ ਮੁੰਡੇ ਨੂੰ ਆਸਟ੍ਰੇਲੀਆ ਦਾ ਸ਼ਹਿਰੀ ਬਣਾਇਆ। ਇਨ੍ਹਾਂ ਸਾਰੇ ਵਰ੍ਹਿਆਂ ਵਿੱਚ ਉਹ ਦਬੰਗ ਹੋ ਗਈ। ਉਸ ਨੂੰ ਦੁਨੀਆਂ ਦੀ ਸਮਝ ਆ ਗਈ। ਉਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਵਿਆਹ ਵੀ ਕਿਸੇ ਕੁੜੀ ਨਾਲ ਨਹੀਂ ਸਗੋਂ ਇਕ ਵਿਕਸਤ ਦੇਸ਼ ਦੀ ਪੀ.ਆਰ. ਦੀ ਲਾਲਸਾ ਨਾਲ ਹੋਇਆ ਹੈ। ਸ਼ਾਇਦ ਇਸੇ ਕਾਰਨ ਵਿਆਹ ਤੋਂ ਤੁਰੰਤ ਬਾਅਦ ਇਹ ਲੜਾਈ ਝਗੜੇ ਸ਼ੁਰੂ ਹੋ ਗਏ ਹਨ।
ਉਕਤ ਕੇਸ ਨੂੰ ਇਕ ਪਾਸੇ ਰੱਖਕੇ ਇਹ ਗੱਲ ਸਾਡੇ ਧਿਆਨ ਦੀ ਮੰਗ ਕਰਦੀ ਹੈ ਕਿ ਅੱਜ ਦੇ ਯੁੱਗ ਵਿੱਚ ਵਿਆਹ ਸੱਚਮੁੱਚ ਹੀ ਕਿਸਮਤ ਨਾਲ ਹੀ ਸੁੱਖੀ ਸਾਂਦੀ ਸਿਰੇ ਚੜ੍ਹਦੇ ਹਨ। ਨਵੀਂ ਪੀੜ੍ਹੀ ਦੀਆਂ ਕੁੜੀਆਂ ਵਿੱਚ ਵੀ ਸਿੱਖਿਆ, ਮੀਡੀਆ ਅਤੇ ਆਰਥਿਕ ਨਿਰਭਰਤਾ ਨੇ ਵੱਡੇ ਬਦਲਾਅ ਲਿਆ ਦਿੱਤੇ ਹਨ। ਕੁੜੀਆਂ ਵਿਆਹ ਤੋਂ ਬਾਅਦ ਸੰਯੁਕਤ ਪਰਿਵਾਰ ਵਿੱਚ ਰਹਿਣ ਤੋਂ ਕੰਨੀ ਕਤਰਾਉਂਦੀਆਂ ਹਨ। ਮੀਡੀਆ ’ਤੇ ਆਉਂਦੇ ਲੜੀਵਾਰਾਂ ਤੋਂ ਸੱਸਾਂ ਨੂੰ ਸਿੱਧੇ ਰਾਹ ਪਾਉਣ ਦੇ ਤਰੀਕੇ ਸਿੱਖ ਜਾਂਦੀਆਂ ਨੇ ਅਤੇ ਘਰਾਂ ਵਿੱਚ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਸਿਆਣੇ ਮਾਪੇ ਇਸ ਗੱਲੋਂ ਲਾਂਭੇ ਹੋਣ ਵਿੱਚ ਭਲਾ ਸਮਝਦੇ ਹਨ ਕਿ ਉਨ੍ਹਾਂ ਦੇ ਪੁੱਤ ਦਾ ਘਰ ਵਸਿਆ ਰਹੇ। ਜੇ ਪੁੱਤ ਅਤੇ ਨੂੰਹ ਦੋਵੇਂ ਰਲ ਜਾਣ ਤਾਂ ਮਾਪਿਆਂ ਨੂੰ ਮਾਨਿਸਕ ਤੌਰ ’ਤੇ ਪੂਰੀ ਤਰ੍ਹਾਂ ਪੀੜ੍ਹਤ ਕਰ ਦਿੰਦੇ ਹਨ। ਜੇ ਮੁੰਡਾ ਮਾਪਿਆਂ ਦੇ ਕਹੇ ਚੱਲਦਾ ਹੈ ਤਾਂ ਕੁੜੀ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ। ਸਮਾਜ ਵਿੱਚ ਕਾਫੀ ਕੁੱਝ ਮਾੜਾ ਵਾਪਰਨ ਲੱਗਾ ਹੈ। ਕੈਨੇਡਾ ਵਿੱਚ ਇਕ ਕੁੜੀ ਆਪਣੇ ਪਤੀ ਦਾ ਘਰ ਛੱਡਕੇ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਰਹਿ ਰਹੀ ਹੈ ਅਤੇ ਮੁੰਡਾ ਉਸ ਘੜੀ ਨੂੰ ਪਛਤਾ ਰਿਹਾ ਹੈ ਜਦੋਂ ਉਹ ਉਸ ਨੂੰ ਵਿਆਹ ਕੇ ਕੈਨੇਡਾ ਲੈ ਕੇ ਆਇਆ ਸੀ।
ਉਕਤ ਵਿਸ਼ੇ ’ਤੇ ਬਹੁਤ ਲੰਬੀ ਚਰਚਾ ਕੀਤੀ ਜਾ ਸਕਦੀ ਹੈ। ਇਸ ਦਾ ਕੋਈ ਅੰਤ ਨਹੀਂ। ਅੱਜ ਦੀ ਗੱਲ ਇੱਥੇ ਇਸ ਨਾਲ ਖ਼ਤਮ ਕਰੀਏ ਕਿ ਅਸੀਂ ਆਪਣੇ ਸਮਾਜ ਅੰਦਰ ਵੱਧ ਰਹੀ ਇਸ ਬੀਮਾਰੀ ਤੋਂ ਕਿਵੇਂ ਬੱਚੀਏ। ਇਸ ਬਾਰੇ ਸਿਰ ਜੋੜਕੇ ਸੋਚੀਏ।

WRITTEN BY