May 23, 2026 3:44 pm

ਕੁਦਰਤੀ ਨਿਆਮਤਾਂ ਦੀ ਸੰਭਾਲ ਮੁੱਖ ਲੋੜ

ਕੁਦਰਤ ਨੇ ਪੰਜਾਬ ਨੂੰ ਬਹੁਤ ਕੀਮਤੀ ਨਿਆਮਤਾਂ ਨਾਲ ਭਰਪੂਰ ਕੀਤਾ ਹੋਇਆ ਹੈ। ਪੰਜਾਬ ਕੋਲ ਦੂਸਰੇ ਸਾਰਿਆਂ ਸੂਬਿਆਂ ਨਾਲੋਂ ਵੱਧ ਕੁਦਰਤੀ ਸੋਮੇ ਹਨ। ਪਾਣੀ ਅਤੇ ਹੋਰ ਨਿਆਮਤਾਂ ਪੰਜਾਬ ਲਈ ਇਕ ਵਰਦਾਨ ਹਨ, ਪਰ ਇਹ ਦੁੱਖ ਦੀ ਗੱਲ ਹੈ ਕਿ ਇਸ ਸਭ ਕੁੱਝ ਦੇ ਬਾਵਜੂਦ ਪੰਜਾਬ ਬਰਬਾਦੀ ਦੇ ਕੰਢੇ ’ਤੇ ਖੜ੍ਹਾ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਅਤੇ ਕੁਦਰਤੀ ਵਾਤਾਵਰਣ ਲਈ ਵੱਡੇ ਖਤਰੇ ਪੈਦਾ ਹੋ ਚੁੱਕੇ ਹਨ। ਪੰਜਾਬ ਦੇ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਨੇ ਸੂਬੇ ਦੇ ਕੁਦਰਤੀ ਸੋਮਿਆਂ ਦਾ ਉਜਾੜਾ ਸ਼ੁਰੂ ਕੀਤਾ ਹੋਇਆ ਹੈ। ਜੇਕਰ ਪੰਜਾਬ ਨੇ ਵਕਤ ਨਾ ਸੰਭਾਲਿਆ ਤਾਂ ਇਹ ਧਰਤੀ ਇਕ ਦਿਨ ਉਜਾੜ ਬਣ ਜਾਵੇਗੀ। ਕੁਦਰਤੀ ਸੋਮਿਆਂ ਨਾਲ ਖਿਲਵਾੜ ਪੰਜਾਬ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ। ਪਹਿਲਾਂ ਪੰਜਾਬ ਦੇ ਵੱਡੀ ਗਿਣਤੀ ਵਿੱਚ ਦਰੱਖਤ ਕੱਟੇ ਗਏ। ਜੰਗਲਾਂ ਦੇ ਜੰਗਲ ਨਿਗਲਣ ਤੋਂ ਬਾਅਦ ਹੁਣ ਦਰਿਆਵਾਂ ਅਤੇ ਪਹਾੜਾਂ ਦੀ ਵਾਰੀ ਹੈ। ਰੇਤਾ -ਬਜਰੀ ਦੇ ਕਾਲੇ ਕਾਰੋਬਾਰੀਆਂ ਦੀ ਨਜ਼ਰ ਦੋਵਾਂ ਉ¤ਪਰ ਲੱਗੀ ਹੋਈ ਹੈ। ਦਿਨ-ਰਾਤ ਪੰਜਾਬ ਦੇ ਪਹਾੜ ਅਤੇ ਦਰਿਆ ਖੋਦੇ ਜਾ ਰਹੇ ਹਨ। ਆਪਣੀ ਕਾਲੀ ਕਮਾਈ ਲਈ ਪੰਜਾਬ ਨੂੰ ਪੂਰੀ ਤਰ੍ਹਾਂ ਉਜਾੜਿਆ ਜਾ ਰਿਹਾ ਹੈ। ਇਸ ਕਾਲੇ ਕਾਰੋਬਾਰ ਵਿੱਚ ਅਧਿਕਾਰੀ ਅਤੇ ਸਿਆਸਤਦਾਨ ਵੀ ਮਿਲੇ ਹੋਏ ਹਨ। ਉਨ੍ਹਾਂ ਦੀ ਸਰਪ੍ਰਸਤੀ ਤੋਂ ਬਿਨਾਂ ਇਹ ਕਾਰੋਬਾਰ ਚੱਲ ਹੀ ਨਹੀਂ ਸਕਦੇ। ਪੰਜਾਬ ਦਾ ਰੇਤਾ-ਬਜਰੀ ਪੂਰੇ ਉ¤ਤਰੀ ਭਾਰਤ ਵਿੱਚ ਵੇਚਿਆ ਜਾ ਰਿਹਾ ਹੈ। ਸੈਂਕੜੇ ਟਰੱਕ ਅਤੇ ਹੋਰ ਮਸ਼ੀਨਾਂ ਦਿਨ-ਰਾਤ ਪੰਜਾਬ ਦੀ ਧਰਤੀ ਨੂੰ ਖੋਦ ਰਹੀਆਂ ਹਨ। ਪੰਜਾਬ ਦੇ ਕਈ ਹਿੱਸਿਆਂ ਵਿੱਚੋਂ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਤੌਰ ’ਤੇ ਰੇਤਾ ਅਤੇ ਬਜਰੀ ਕੱਢ ਕੇ ਵੇਚਿਆ ਜਾ ਰਿਹਾ ਹੈ। ਇਸ ਉ¤ਪਰ ਕੋਈ ਟੈਕਸ ਵੀ ਅਦਾ ਨਹੀਂ ਹੋ ਰਿਹਾ। ਉਲਟਾ ਇਸ ਨਾਲ ਪੰਜਾਬ ਦੇ ਵਾਤਾਵਰਣ ਲਈ ਵੱਡੇ ਖਤਰੇ ਪੈਦਾ ਹੋ ਰਹੇ ਹਨ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਇਸ ਤਬਾਹੀ ਨਾਲ ਮਾਨਵੀ ਹੋਂਦ ਹੀ ਖਤਰੇ ਵਿੱਚ ਪੈ ਗਈ ਹੈ। ਪਹਿਲਾਂ ਕਥਿਤ ਹਰੇ ਇਨਕਲਾਬ ਹਿੱਤ ਕਿਸਾਨਾਂ ਨੂੰ ਬੇਲੋੜੀਆਂ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਲਈ ਪ੍ਰੇਰਿਆ ਗਿਆ। ਇਸ ਨੇ ਪੰਜਾਬ ਦੀ ਜ਼ਮੀਨ ਨੂੰ ਜ਼ਹਿਰੀਲਾ ਬਣਾ ਦਿੱਤਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋ ਗਈ। ਇਸੇ ਤਰ੍ਹਾਂ ਕਾਰਖਾਨਿਆਂ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਨਾਲ ਪਾਣੀ ਦੇ ਕੁਦਰਤੀ ਸੋਮੇ ਪਲੀਤ ਕਰ ਦਿੱਤੇ ਗਏ। ਇਹ ਪਲੀਤ ਪਾਣੀ ਨਾਲ ਖੇਤੀ ਉਤਪਾਦਨ ਵੀ ਜ਼ਹਿਰੀਲੇ ਹੋ ਗਏ। ਜ਼ਹਿਰੀਲਾ ਅਨਾਜ, ਸਬਜ਼ੀਆਂ ਅਤੇ ਫਲ ਖਾਣ ਨਾਲ ਪੰਜਾਬ ਦਾ ਹਰ ਬਾਸ਼ਿੰਦਾ ਬਿਮਾਰ ਹੋ ਚੁੱਕਾ ਹੈ। ਇਸ ਦਾ ਅਸਰ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਉ¤ਪਰ ਵੀ ਹੋ ਰਿਹਾ ਹੈ। ਇਸ ਕਾਰਨ ਹੀ ਪੰਜਾਬ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਨੇ ਘਰ ਕਰ ਲਿਆ ਹੈ। ਪੰਜਾਬ ਦੀਆਂ ਬਹੁਤੀਆਂ ਮੁਸ਼ਕਿਲਾਂ ਇਸ ਕਾਰਨ ਹੀ ਪੈਦਾ ਹੋਈਆਂ ਹਨ। ਕੁਦਰਤ ਨਾਲ ਛੇੜ-ਛਾੜ ਕਾਰਨ ਪੰਜਾਬ ਦਾ ਵਾਤਾਵਰਣ ਸੰਤੁਲਨ ਵਿਗੜ ਗਿਆ ਹੈ। ਇਸ ਕਾਰਨ ਖੇਤੀ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਦੀ ਆਰਥਿਕ ਹਾਲਤ ਦਾ ਇਸ ’ਤੇ ਬਹੁਤ ਬੁਰਾ ਅਸਰ ਹੋਇਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਸਭ ਕੁੱਝ ਦੇ ਬਾਵਜੂਦ ਵੀ ਪੰਜਾਬੀ ਆਪਣੀ ਬਰਬਾਦੀ ਨੂੰ ਸਮਝ ਨਹੀਂ ਰਹੇ। ਪੰਜਾਬ ਨੂੰ ਬਚਾਉਣ ਲਈ ਕੁਦਰਤੀ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਬੇਹ¤ਦ ਜ਼ਰੂਰੀ ਹੈ। ਜਦੋਂ ਤੱਕ ਪੰਜਾਬ ਨੂੰ ਮਿਲੀਆਂ ਕੁਦਰਤੀ ਨੇਮਤਾਂ ਦੀ ਰਾਖੀ ਲਈ ਪੰਜਾਬੀ ਅੱਗੇ ਨਹੀਂ ਆਉਂਦੇ ਤੱਦ ਤੱਕ ਪੰਜਾਬ ਨੂੰ ਇਸ ਬਰਬਾਦੀ ਤੋਂ ਬਚਾਇਆ ਨਹੀਂ ਜਾ ਸਕਦਾ। ਇਹ ਕਾਰਜ ਸਿਰਫ ਸਰਕਾਰ ਨਹੀਂ ਕਰ ਸਕਦੀ ਇਸ ਲਈ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਹੋਵੇਗਾ। ਹਰ ਪੰਜਾਬੀ ਦੇ ਅੰਦਰ ਇਹ ਜਾਗ੍ਰਿਤੀ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਦਰਪੇਸ਼ ਮੌਜੂਦਾ ਮਸਲਿਆਂ ਦਾ ਹੱਲ ਕਿਵੇਂ ਕਰਨਾ ਹੈ ਅਤੇ ਇਸ ਵਿੱਚ ਸਹਾਈ ਕਿਵੇਂ ਹੋਣਾ ਹੈ। ਇਹ ਕਿਸੇ ਇਕ ਪੰਜਾਬੀ ਦਾ ਕਾਰਜ ਨਹੀਂ ਹੈ। ਇਹ ਸਭ ਪੰਜਾਬੀਆਂ ਦਾ ਸਾਂਝਾ ਕਾਰਜ ਹੈ। ਜੇਕਰ ਪੰਜਾਬ ਦਾ ਦਰਦ ਸਮਝਦੇ ਹੋ ਤਾਂ ਪੰਜਾਬ ਦੀਆਂ ਕੁਦਰਤੀ ਨੇਮਤਾਂ ਨੂੰ ਬਚਾਉਣ ਲਈ ਹੁਣੇ ਤੋਂ ਜ਼ੋਰਦਾਰ ਹੰਭਲਾ ਮਾਰੋ। ਪੰਜਾਬ ਦੇ ਵਾਤਾਵਰਣ ਨਾਲ ਖਿਲਵਾੜ ਨਾ ਹੋਣ ਦਿਓ। ਪੰਜਾਬ ਦੇ ਜੰਗਲਾਂ ਨੂੰ ਬਚਾਓ, ਪੰਜਾਬ ਨੂੰ ਹਰਿਆ ਭਰਿਆ ਬਣਾਓ। ਪੰਜਾਬ ਦੇ ਦਰਿਆਵਾਂ ਅਤੇ ਪਹਾੜਾਂ ਦੀ ਰਾਖੀ ਲਈ ਅੱਗੇ ਆਓ। ਪੰਜਾਬ ਦੀ ਖੇਤੀ ਅਤੇ ਖੇਤਾਂ ਨੂੰ ਬਚਾਉਣ ਲਈ ਹੁਣੇ ਤੋਂ ਮੁਹਿੰਮ ਸ਼ੁਰੂ ਕਰੋ। ਤਦ ਹੀ ਪੰਜਾਬ ਬਚੇਗਾ, ਤਦ ਹੀ ਇਹ ਧਰਤੀ ਸਾਡੇ ਰਹਿਣਯੋਗ ਰਹੇਗੀ।
– ਬਲਜੀਤ ਸਿੰਘ ਬਰਾੜ

Send this to a friend