May 10, 2026 11:00 am

ਪੁੱਡਾ ਦੇ ਅਧਿਕਾਰੀ ਸਰਕਾਰ ਦਾ ਕਰ ਰਹੇ ਨੇ ਵਿੱਤੀ ਨੁਕਸਾਨ : ਐਡ. ਰਵਿੰਦਰ

ਅੰਮ੍ਰਿਤਸਰ, 23 ਫਰਵਰੀ (ਦਵਾਰਕਾ ਨਾਥ ਰਾਣਾ)- ਵਿਸ਼ਵ ਪ੍ਰਸਿੱਧ ਇਤਿਹਾਸਕ ਨਗਰੀ ਰਾਮਤੀਰਥ ਨਾਲ ਸਬੰਧਤ ਮਹਿਕਮਾ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਰਾਮਤੀਰਥ ਮੰਦਿਰ ਦੀ ਜਾਇਦਾਦ 16 ਦੁਕਾਨਾਂ ਦੀ ਉਸਾਰੀ ਨੂੰ ਅਣਅਧਿਕਾਰਤ ਮੰਨਦਿਆਂ ਉਘੇ ਸਮਾਜ ਸੇਵੀ ਤੇ ਅਰਟੀਆਈ ਐਕਟਿਵਿਸਟ ਐਡਵੋਕੇਟ ਰਵਿੰਦਰ ਸਿੰਘ ਨੇ ਅਹਿਮ ਖੁਲਾਸਾ ਕੀਤਾ ਹੈ। ਇਹ ਵੀ ਦੋਸ਼ ਲੱਗਾ ਹੈ ਕਿ ਪੁੱਡਾ ਅਧਿਕਾਰੀਆ ਦੀ ਮਿਲੀਭੁਗਤ ਕਾਰਨ ਇਸ ਤਰ੍ਹਾਂ ਸਰਕਾਰ ਨੂੰ ਵਿੱਤੀ ਨੁਕਸਾਨ ਪੁੱਜਾ ਹੈ, ਜਿਸਦੀ ਜਿੰਮੇਵਾਰੀ ਵਿਭਾਗ ਦੇ ਭ੍ਰਿਸ਼ਟ ਅਧਿਕਾਰੀਆ ਸਿਰ ਆਉਂਦੀ ਹੈ। ਐਡਵੋਕੇਟ ਰਵਿੰਦਰ ਸਿੰਘ ਨੇ ਦੱਸਿਆ ਕਿ 25 ਸਤੰਬਰ 2017 ਨੂੰ ਉਨ੍ਹਾਂ ਵਲੋਂ ਪੁੱਡਾ ਵਿਭਾਗ ਨੂੰ ਸ਼ਿਕਾਇਤ ਉਪਰੋਕਤ ਦੁਕਾਨਾਂ ਦੀ ਉਸਾਰੀ ਬਿਨਾਂ ਕਿਸੇ ਮੰਜੂਰੀ ਤੇ ਫੀਸ ਨਾ ਜਮ੍ਹਾਂ ਕਰਵਾਉਣ ਸਬੰਧੀ ਕੀਤੀ ਗਈ ਸੀ, ਉਸਾਰੀ ਕਰਤਾਵਾਂ ਨੂੰ 17 ਨਵੰਬਰ 2017 ਨੂੰ ਫਾਈਨਲ ਨੋਟਿਸ ਦਾ ਸਮਾਂ ਖਤਮ ਹੋਣ ਬਾਰੇ ਵੀ ਸੂਚਿਤ ਕਰਨ ਦੇ ਨਾਲ ਨਾਲ ਤਿੰਨ ਵਾਰ ਮੁੱੜ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ, ਪਰ ਵਿਭਾਗ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਇਸਨੂੰ ਲੈ ਕੇ ਮੁੱਖ ਪ੍ਰਸ਼ਾਸਕ ਪੁੱਡਾ ਨੂੰ ਆਰਟੀਆਈ ਪਾ ਕੇ ਇਸ ਉਸਾਰੀ ਦੀ ਮੁਕੰਮਲ ਰਿਪੋਰਟ ਦੀ ਮੰਗ ਕੀਤੀ ਗਈ, ਜਿਸਦੇ ਜਵਾਬ ਵਿਚ ਇਹ ਗੱਲ ਸਾਫ ਤੇ ਸਪੱਸ਼ਟ ਹੋ ਗਈ ਇਸ ਉਸਾਰੀ ਬਾਬਤ ਕਿਸੇ ਸਮੱਰਥ ਅਧਿਕਾਰੀ ਪਾਸੋ ਕੋਈ ਪ੍ਰਵਾਨਗੀ ਨਹੀ ਲਈ ਗਈ, ਜਿਸ ਕਾਰਨ ਸਰਕਾਰ ਨੂੰ ਵਿੱਤੀ ਚੂਨਾ ਲੱਗਾ ਹੈ। ਜਿਕਰਯੋਗ ਹੈ ਕਿ ਇਹ ਉਸਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਲਕੁੱਲ ਸਰਕਾਰੀ ਸੜਕ ਦੇ ਨਾਲ ਲੱਗਦੇ ਖੇਤਰ ਤੇ ਕੀਤੀ ਗਈ ਹੈ, ਜਦਕਿ ਇਸ ਸਬੰਧੀ ਪੱਪੂ ਕਲੋਨਾਈਜਰ ਨੂੰ ਵੀ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਪੁੱਡਾ ਭਵਨ ਗਰੀਨ ਐਵਿਨਿਊ ਅੰਮ੍ਰਿਤਸਰ ਵਲੋਂ ਪੰਝਾਬ ਰਿਜਨਲ ਐਂਡ ਟਾਊਨ ਪਲੂਨਿੰਗ ਅਤੇ ਡਿਵੈਲਪਮੈਂਟ ਐਕਟ 1995 ਦੇ ਚੈਪਟਰ-11 ਅਧੀਨ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਐਡਵੋਕੇਟ ਰਵਿੰਦਰ ਸਿੰਘ ਨੇ ਵਿਭਾਗ ਵਲੋਂ ਆਰਟੀਆਈ ਜਵਾਬਦੇਹੀ ਤੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਕਿ ਜੇਕਰ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਇਸਦੀ ਸ਼ਿਕਾਇਤ ਸਿੱਧੇ ਰੂਪ ਵਿਚ ਪੰਜਾਬ ਸਰਕਾਰ ਨੂੰ ਵੀ ਕਰਨਗੇ।
ਇਸ ਸਬੰਧੀ ਜਦ ਪੁੱਡਾ ਮੁੱਖ ਪ੍ਰਸ਼ਾਸਕ ਅਧਿਕਾਰੀ ਮੈਡਮ ਦਿਪਤੀ ਉਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ਤੇ ਚੱਲ ਰਹੇ ਹਨ, ਵਾਪਿਸ ਦਫਤਰ ਪਰਤਨ ਤੋਂ ਬਾਅਦ ਹੀ ਇਸ ਸਬੰਧੀ ਸਥਿਤੀ ਸਪੱਸ਼ਟ ਕਰਨਗੇ, ਇਸ ਤੋਂ ਪਹਿਲਾਂ ਉਹ ਕੋਈ ਵੀ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਹਨ।

Send this to a friend