1947 ਦੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਸਹਿਣਾ ਪਿਆ ਹੈ। ਇਸ ਵੰਡ ਦੌਰਾਨ ਹੋਈ ਕਤਲੋਗਾਰਤ ’ਚ 10 ਲੱਖ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਮਾਲੀ ਨੁਕਸਾਨ ਦਾ ਤਾਂ ਕੋਈ ਅਨੁਮਾਨ ਹੀ ਨਹੀਂ ਹੈ। ਸੱਤ ਦਹਾਕਿਆਂ ਬਾਅਦ ਵੀ ਇਸ ਦੀ ਪੀੜਾ ਅੱਜ ਤੱਕ ਦੇਖੀ ਜਾ ਸਕਦੀ ਹੈ। ਇਹ ਬੇਹਦ ਦੁਖ ਦੀ ਗੱਲ ਹੈ ਕਿ ਇਸ ਵੰਡ ਅਤੇ ਖੂਨ ਖਰਾਬੇ ਤੋਂ ਪੰਜਾਬੀਆਂ ਨੇ ਕੁਝ ਨਹੀਂ ਸਿੱਖਿਆ। ਦੋਵੇਂ ਪਾਸੇ ਵਸਦੇ ਪੰਜਾਬ ਦਰਮਿਆਨ ਆਪਸੀ ਸਾਂਝ ਵੀ ਨਹੀਂ ਬਣ ਸਕੀ। ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਹੀ ਇਹ ਨਹੀਂ ਚਾਹੁੰਦੇ ਕਿ ਲਾਹੌਰ ਅਤੇ ਅੰਮ੍ਰਿਤਸਰ ਦਰਮਿਆਨ ਕੋਈ ਰਾਫਤਾ ਬਣੇ। ਲਗਾਤਾਰ ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾਂਦੇ ਰਹੇ ਹਨ, ਜਿਸ ਨਾਲ ਦੋਵੇਂ ਪੰਜਾਬਾਂ ਦਾ ਮੇਲ-ਜੋਲ ਨਹੀਂ ਬਣ ਸਕਿਆ। ਆਪਸੀ ਤਾਲਮੇਲ ਅਤੇ ਭਾਈਚਾਰੇ ਦੀ ਕਮੀ ਕਾਰਨ ਪੰਜਾਬੀ ਇਕ ਦੂਸਰੇ ਦਾ ਸਾਥ ਨਹੀਂ ਮਾਣ ਸਕੇ। ਹੋਰ ਤਾਂ ਹੋਰ ਬੋਧਿਕ ਪੱਧਰ ’ਤੇ ਵੀ ਦੋਵੇਂ ਪਾਸੇ ਸਾਂਝ ਪੈਦਾ ਨਹੀਂ ਕੀਤੀ ਜਾ ਸਕੀ। ਪਾਕਿਸਤਾਨੀ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਵਿੱਚ ਬਹੁਤ ਹੀ ਪੁਰਾਣਾ ਅਤੇ ਉ¤ਚ ਪਾਏਦਾਰ ਸਾਹਿਤ ਪਿਆ ਹੈ। ਕਈ ਅਹਿਮ ਦਸਤਾਵੇਜ ਵੀ ਉਥੇ ਦੇ ਅਕਾਦਮਿਕ ਅਦਾਰਿਆਂ ਵਿੱਚ ਉਪਲੱਬਧ ਹਨ। ਸਿੱਖ ਇਤਿਹਾਸ ਨਾਲ ਸਬੰਧਤ ਕਾਫੀ ਸਮੱਗਰੀ ਦਾ ਖਜਾਨਾ ਮੌਜੂਦ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਭਾਰਤੀ ਪੰਜਾਬ ਦੇ ਵਿਦਵਾਨ ਅਤੇ ਖੋਜੀ ਇਸ ਸਮੱਗਰੀ ਤੱਕ ਪਹੁੰਚ ਨਹੀਂ ਰੱਖਦੇ। ਭਾਰਤੀ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਅਕਾਦਮਿਕ ਅਦਾਰੇ ਨਵੇਂ ਹਨ। ਜ਼ਿਆਦਾਤਰ ਅਦਾਰੇ 1947 ਤੋਂ ਬਾਅਦ ਹੀ ਹੋਂਦ ਵਿੱਚ ਆਏ ਹਨ। ਇਸ ਕਾਰਨ ਉਨ੍ਹਾਂ ਕੋਲ ਪੁਰਾਤਨ ਅਤੇ ਇਤਿਹਾਸਕ ਸਮੱਗਰੀ ਦੀ ਕਮੀ ਹੈ। ਖੋਜ ਕਾਰਜਾਂ ਅਤੇ ਇਤਿਹਾਸ ਨੂੰ ਜਾਨਣ ਲਈ ਪੁਰਾਣੇ ਦਸਤਾਵੇਜ ਅਤੇ ਹੋਰ ਸਮੱਗਰੀ ਬੇਹਦ ਅਹਿਮ ਹੁੰਦੀ ਹੈ। ਜੇਕਰ ਦੋਵੇਂ ਪਾਸੇ ਪੰਜਾਬ ਅਕਾਦਮਿਕ ਸਾਂਝ ਬਣਾਉਣ ਤਾਂ ਇਸ ਦਾ ਦੋਵੇਂ ਪਾਸੇ ਲਾਭ ਹੋ ਸਕਦਾ ਹੈ। ਬੇਸ਼ਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਆਮ ਵਰਗੇ ਨਹੀਂ ਹਨ, ਪ੍ਰੰਤੂ ਅਕਾਦਮਿਕ ਸਾਂਝ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇਕਰ ਮਾੜੇ ਸਬੰਧਾਂ ਵਿੱਚ ਵੀ ਦਵੱਲਾ ਵਪਾਰ ਆਮ ਵਾਂਗ ਚਲਦਾ ਰਹਿੰਦਾ ਹੈ ਤਦ ਅਕਾਦਮਿਕ ਸਾਂਝ ਦੀ ਲਗਾਤਾਰ ਬਣਾਈ ਰੱਖੀ ਜਾ ਸਕਦੀ ਹੈ। ਦੋਵੇਂ ਖੇਤਰਾਂ ਦੇ ਵਿਦਵਾਨਾਂ ਅਤੇ ਖੋਜੀਆਂ ਨੂੰ ਆਉਣ-ਜਾਣ ’ਚ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਦਸਤਾਵੇਜਾਂ ਅਤੇ ਹੋਰ ਸਮੱਗਰੀ ਦਾ ਵਟਾਂਦਰੇ ਦੀ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਅੰਤਰ-ਰਾਸ਼ਟਰੀ ਅਕਾਦਮਿਕ ਸਮਝੌਤੇ ਅਧੀਨ ਇਹ ਕਾਰਜ ਸੰਭਵ ਹੋ ਸਕਦਾ ਹੈ। ਗੁਰਧਾਮਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਵੀਜ਼ੇ ਦੇ ਪ੍ਰਬੰਧ ਦੀ ਤਰ੍ਹਾਂ ਹੀ ਦੋਵੇਂ ਪੰਜਾਬਾਂ ਦੇ ਵਿਦਵਾਨਾਂ ਅਤੇ ਖੋਜੀਆਂ ਦਾ ਆਪਸੀ ਆਦਾਨ-ਪ੍ਰਦਾਨ ਸੰਭਵ ਕੀਤਾ ਜਾ ਸਕਦਾ ਹੈ।ਵਿਦਿਆਰਥੀਆਂ ਨੂੰ ਵੀ ਅਜਿਹੀ ਖੁੱਲ੍ਹ ਮਿਲਣੀ ਚਾਹੀਦੀ ਹੈ ਤਾਂ ਜੋ ਦੋਵੇਂ ਪੰਜਾਬ ਅਕਾਦਮਿਕ ਖੇਤਰ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰ ਸਕਣ। ਇਸ ਨਾਲ 1947 ਦੌਰਾਨ ਵਾਪਰੇ ਦੁਖਾਂਤ ਨੂੰ ਵੀ ਭੁੱਲਣ ਵਿੱਚ ਕੁਝ ਮਦਦ ਮਿਲੇਗੀ।
– ਬਲਜੀਤ ਸਿੰਘ ਬਰਾੜ