‘ਆਪ’ ਦੇ ਵਿਧਾਇਕਾਂ ਦਾ ਵਿਵਹਾਰ

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਲੀ ਸਟੇਟ ਦੇ ਮੁੱਖ ਸਕੱਤਰ ਸ਼੍ਰੀ ਅੰਸ਼ੂ ਪ੍ਰਕਾਸ਼ ਦੀ ਕੁੱਟਮਾਰ ਬਹੁਤ ਹੀ ਮੰਦਭਾਗੀ ਘਟਨਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕੁੱਟਮਾਰ ਦੀ ਘਟਨਾ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਵਾਪਰੀ। ਇਸ ਘਟਨਾ ਕਾਰਨ ਦੇਸ਼ ਭਰ ਵਿੱਚ ਸਰਕਾਰੀ ਅਧਿਕਾਰੀ ਭਾਰੀ ਗੁੱਸੇ ਵਿੱਚ ਹਨ। ਦਿੱਲੀ ਵਿੱਚ ਤਾਂ ਅਧਿਕਾਰੀਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬਕਾਇਦਾ ਅਪਰਾਧਿਕ ਕੇਸ ਦਰਜ ਕਰ ਲਿਆ ਹੈ। ਆਪ ਦੇ ਦੋ ਵਿਧਾਇਕਾਂ ਨੂੰ ਵੀ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਾਰੀ ਘਟਨਾ ਦੇ ਵੇਰਵੇ ਸਾਹਮਣੇ ਆਉਣ ਦੇ ਬਾਵਜੂਦ ਵੀ ‘ਆਪ’ ਦੇ ਆਗੂ ਇਸ ਮੰਦਭਾਗੀ ਘਟਨਾ ਤੋਂ ਮੁਨਕਰ ਹੋ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਦੀ ਇਸ ਮਾਮਲੇ ਵਿੱਚ ਭੂਮਿਕਾ ਨਕਾਰਾਤਮਕ ਹੈ। ‘ਆਪ’ ਦੇ ਆਗੂਆਂ ਅਤੇ ਵਿਧਾਇਕਾਂ ਵੱਲੋਂ ਇਸ ਤਰ੍ਹਾਂ ਦਾ ਗੈਰ ਲੋਕਤੰਤਰੀ ਵਿਵਹਾਰ ਬਹੁਤ ਨਿਖੇਧੀਜਨਕ ਹੈ। ਲੋਕਤੰਤਰ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ। ਜੇਕਰ ‘ਆਪ’ ਲੋਕਤੰਤਰੀ ਪ੍ਰਕਿਰਿਆ ਵਿੱਚ ਖੁਦ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਲੋਕਤੰਤਰੀ ਕਾਇਦੇ ਕਾਨੂੰਨਾਂ ਉ¤ਪਰ ਪਹਿਰਾ ਦੇਣਾ ਹੋਵੇਗਾ। ਅਜਿਹੀਆਂ ਘਟਨਾਵਾਂ ਕਾਰਨ ਪਾਰਟੀ ਦੀ ਸ਼ਾਖ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ‘ਆਪ’ ਦੇ ਕਈ ਵਿਧਾਇਕਾਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਪਾਰਟੀ ਖੁਦ ਨੂੰ ਸੁਧਾਰਨ ਦੀ ਥਾਂ ਲਗਾਤਾਰ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਿਲ ਹੈ। ਦਿੱਲੀ ਦੀ ਘਟਨਾ ਤੋਂ ਬਾਅਦ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਪ ਦੀ ਰਾਜਨੀਤੀ ਅਜਿਹੇ ਗੁੰਡਾਗਰਦ ਅਨਸਰਾਂ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ। ਪਾਰਟੀ ਨੂੰ ਚਾਹੀਦਾ ਹੈ ਕਿ ਉਹ ਮੁੱਖ ਸਕੱਤਰ ਉ¤ਪਰ ਹਮਲਾ ਕਰਨ ਵਾਲੇ ਵਿਧਾਇਕਾਂ ਨੂੰ ਤੁਰੰਤ ਪਾਰਟੀ ਵਿੱਚੋਂ ਕੱਢੇ। ਇਸ ਦੇ ਨਾਲ ਹੀ ਸਾਰੇ ਪਾਰਟੀ ਨੇਤਾਵਾਂ ਨੂੰ ਅਨੁਸਾਸ਼ਨ ਵਿੱਚ ਰਹਿਣ ਲਈ ਪ੍ਰੇਰਿਆ ਜਾਵੇ। ਕਿਸੇ ਵੀ ਤਰ੍ਹਾਂ ਦੀ ਅਪਰਾਧਕ ਸਰਗਰਮੀ ਨਾਲ ਜੁੜੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਪਾਰਟੀ ਵਿੱਚ ਨਹੀਂ ਰੱਖਣਾ ਚਾਹੀਦਾ। ਉਮੀਦ ਕਰਨੀ ਚਾਹੀਦੀ ਹੈ ਕਿ ਪਾਰਟੀ ਦੇ ਸਿਆਣੇ ਆਗੂ ਇਸ ਸਬੰਧ ਵਿੱਚ ਤੁਰੰਤ ਵਿਚਾਰ ਮਸ਼ਵਰਾ ਕਰਨਗੇ ਅਤੇ ਯੋਗ ਕਦਮ ਚੁੱਕਣਗੇ।
– ਬਲਜੀਤ ਸਿੰਘ ਬਰਾੜ

Send this to a friend