ਸਾਦਿਕ, 21 ਫਰਵਰੀ (ਗੁਲਜ਼ਾਰ ਮਦੀਨਾ)-ਦਿੱਲੀ ਵਿੱਚ ਘਿਰਾਉ ਦੇ ਐਲਾਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੰਜਾਬ ਭਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ ਜਿਸ ਤਹਿਤ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਸਾਦਿਕ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਕਾਫ਼ਿਲਾ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰਾਂ ਦੀਆਂ ਨੀਤੀਆਂ ਦੇ ਸਤਾਏ ਹੋਏ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚ ਰਹੇ ਹਨ।ਉਨ੍ਹਾਂ ਦੱਸਿਆ ਕਿ ਕੇਂਦਰੀ ਸਰਕਾਰਾਂ ਵੱਲੋਂ ਕਿਸਾਨਾਂ ਦੇ ਹਿਤਾਂ ਨਾਲ ਲਗਾਤਾਰ ਧ੍ਰੋਹ ਕਮਾਇਆ ਜਾਂਦਾ ਰਿਹਾ ਹੈ ਜਿਸ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਦੁਖਾਂਤ ਵੀ ਸ਼ਾਮਿਲ ਹੈ।ਉਨ੍ਹਾਂ ਰੋਹ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਹ ਆਪਣੇ ਘਰਾਂ ਤੋਂ ਰਾਸ਼ਨ ਅਤੇ ਲੱਕੜਾਂ ਵਗੈਰਾ ਲੈ ਕੇ ਤੁਰੇ ਹਨ ਅਤੇ ਆਪਣੀਆਂ ਪੂਰਨ ਮੰਗਾਂ ਦੀ ਪੂਰਤੀ ਤੱਕ ਦਿੱਲੀ ਦਾ ਖਹਿੜਾ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਜੇਕਰ ਉਨ੍ਹਾਂ ਨੂੰ ਕਿਸੇ ਸ਼ਹਾਦਤ ਵੀ ਲੋੜ ਪੈਂਦੀ ਹੈ ਤਾਂ ਉਹ ਇਸਦੀ ਪੂਰੀ ਪੂਰੀ ਤਿਆਰੀ ਕਰਕੇ ਚੱਲੇ ਹਨ।ਇਸ ਮੌਕੇ ਕਾਫ਼ਲੇ ਨੂੰ ਰਵਾਨਾ ਕਰਦਿਆਂ ਮਾਰਕੀਟ ਕਮੇਟੀ ਸਾਦਿਕ ਦੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਮੰਗਾਂ ਖ਼ਾਤਿਰ ਅੱਜ ਇਹ ਕਿਸਾਨ ਆਗੂ ਆਪਣਾ ਘਰ ਬਾਰ ਛੱਡ ਕੇ ਦਿੱਲੀ ਜਾ ਰਹੇ ਹਨ ਉਹ ਉਨ੍ਹਾਂ ਦੀਆਂ ਨਿੱਜੀ ਮੰਗਾਂ ਨਹੀਂ ਹਨ ਸਗੋਂ ਸਾਡੇ ਦੇਸ਼ ਦੇ ਸਮੂਹ ਕਿਸਾਨਾਂ ਨੂੰ ਇਸ ਦਾ ਲਾਭ ਮਿਲਣਾ ਹੈ ਅਤੇ ਸਾਨੂੰ ਵਧ ਚੜ੍ਹ ਕੇ ਕਿਸਾਨ ਆਗੂਆਂ ਦਾ ਸਾਥ ਦਿੰਦਿਆਂ ਸੰਘਰਸ਼ ਦੇ ਪਿੜ ਵਿੱਚ ਨਿਧੜਕ ਹੋ ਕੇ ਕੁੱਦਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਤੋਂ 130 ਟ੍ਰੈਕਟਰ ਟਰਾਲੀਆਂ ਰਵਾਨਾ ਹੋ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।