‘‘ਲਾਈਕਸ ਨੇ ਦੁਨੀਆਂ ਕਮਲੀ ਕਰਤੀ, ਲਾਈਕਸ ਨੇ’’ ਉਕਤ ਮੁਖੜੇ ਵਾਲਾ ਇਕ ਗੀਤ ਲਿਖਕੇ ਮੇਰਾ ਇਕ ਵਿਦਿਆਰਥੀ ਮੇਰੇ ਕੋਲ ਲੈ ਕੇ ਆਇਆ। ਪੜ੍ਹਕੇ ਮੈਂ ਹੱਸਿਆ ਅਤੇ ਕਿਹਾ ਕਿ ਦੁਨੀਆਂ ਭਾਵੇਂ ਕਮਲੀ ਨਾ ਕੀਤੀ ਹੋਵੇ ਪਰ ਪ੍ਰਭਾਵਤ ਜ਼ਰੂਰ ਕਰ ਦਿੱਤੀ ਹੈ। ਇਹ ਗੱਲ ਸਹੀ ਹੈ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਲਾਈਕਸ ਵਾਲੇ ਬਟਨ ਨੇ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਖਾਸ ਤੌਰ ’ਤੇ ਜ਼ਿੰਦਗੀ ਵਿੱਚ ਇਕੱਲਤਾ ਭੋਗ ਰਹੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਲਾਈਕਸ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਲਾਈਕਸ ਜ਼ਿਆਦਾ ਖੁਸ਼ੀ ਦਿੰਦੇ ਹਨ। ਜੇਕਰ ਉਨ੍ਹਾਂ ਦੀ ਕਿਸੇ ਪੋਸਟ ’ਤੇ ਘੱਟ ਲਾਈਕਸ ਮਿਲਦੇ ਹਨ ਤਾਂ ਉਹ ਉਦਾਸ ਹੋ ਜਾਂਦੇ ਹਨ। ਜਨਮ ਦਿਨ ਉਤੇ ਮਿਲੇ ਲਾਈਕਸ ਦੀ ਗਿਣਤੀ ਲੋਕਾਂ ਨੂੰ ਖੁਸ਼ ਵੀ ਕਰਦੀ ਹੈ ਅਤੇ ਨਿਰਾਸ਼ ਵੀ। ਜੇਕਰ ਵੱਡੀ ਗਿਣਤੀ ਵਿੱਚ ਲਾਈਕਸ ਮਿਲਦੇ ਹਨ ਤਾਂ ਜਨਮ ਦਿਨ ਮਨਾ ਰਹੇ ਵਿਅਕਤੀ ਦੀ ਹਾਊਮੈ ਨੂੰ ਪੱਠੇ ਪੈ ਜਾਂਦੇ ਹਨ ਅਤੇ ਉਹ ਮਨ ਹੀ ਮਨ ਵਿੱਚ ਬਹੁਤ ਖੁਸ਼ ਹੁੰਦਾ ਹੈ। ਉਂਜ ਫੇਸਬੁੱਕ ਨੇ ਜਨਮ ਦਿਨ ਨੂੰ ਯਾਦ ਕਰਾਉਣ ਅਤੇ ਜਨਮ ਦਿਨ ਮੁਬਾਰਕ ਕਹਿਣ ਨੂੰ ਬਹੁਤ ਅਸਾਨ ਕਰ ਦਿੱਤਾ ਹੈ। ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਬਸ ਇੱਕ ਵਾਰ ਬਟਨ ਨੂੰ ਹੀ ਦਬਾਉਣਾ ਹੈ। ਇਹ ਖੁਸ਼ੀ ਸਿਰਫ ਜਨਮ ਦਿਨ ਤੱਕ ਸੀਮਿਤ ਨਹੀਂ ਸਗੋਂ ਫੇਸਬੁੱਕ ਉਤੇ ਹਰ ਕਿਸਮ ਦੀ ਫੋਟੋ ਪੋਸਟ ਕਰਨ ਤੋਂ ਬਾਅਦ ਵੀ ਮਿਲਦੀ ਹੈ। ਖੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਫੋਟੋ ਨੂੰ ਜ਼ਿਆਦਾ ਲਾਈਕਸ ਮਿਲਦੇ ਹਨ। ਫੇਸਬੁੱਕ ਲਾਈਕਸ ਅਤੇ ਸ਼ੇਅਰ ਕਿਸੇ ਦੀ ਲੋਕਪ੍ਰਿਯਤਾ ਦਾ ਪੈਮਾਨਾ ਬਣ ਚੁੱਕਾ ਹੈ। ਜਿਨੇ ਜ਼ਿਆਦਾ ਲਾਈਕਸ ਉਨਾਂ ਹੀ ਬੰਦਾ ਜ਼ਿਆਦਾ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਨਵੇਂ-ਨਵੇਂ ਗਾਇਕ ਅਤੇ ਹੋਰ ਕਲਾਕਾਰਾਂ ਦੀ ਹਰਮਨ ਪਿਆਰਤਾ ਹੁਣ ਫੇਸਬੁੱਕ ’ਤੇ ਮਿਲੇ ਲਾਈਕਸ ਤੋਂ ਹੀ ਮਾਪੀ ਜਾਣ ਲੱਗੀ ਹੈ। ਲੋਕਾਂ ਦੇ ਇਸ ਰੁਝਾਨ ਨੂੰ ਵੇਖਕੇ ਬਹੁਤ ਸਾਰੀਆਂ ਕੰਪਨੀਆਂ ਇਸ ਬਿਜਨਿਸ ’ਚ ਆ ਗਈਆਂ ਹਨ। ਅਜਿਹੀਆਂ ਕੰਪਨੀਆਂ ਪੈਸੇ ਲੈ ਕੇ ਜ਼ਿਆਦਾ ਲਾਈਕਸ ਦਿਵਾਉਣ ਦਾ ਵਾਅਦਾ ਕਰਦੀਆਂ ਹਨ।
ਫੇਸਬੁੱਕ ਉਤੇ ਮਿਲ ਰਹੇ ਲਾਈਕ ਦਾ ਮਤਲਬ ਹਰਗਿੱਜ਼ ਇਹ ਨਹੀਂ ਕਿ ਲਾਈਕ ਕਰਨ ਵਾਲਾ ਤੁਹਾਡੀ ਪੋਸਟ ਨੂੰ ਲਾਈਕ ਕਰ ਰਿਹਾ ਹੈ। ਇਸ ਦੇ ਹੋਰ ਵੀ ਕਈ ਅਰਥ ਹੋ ਸਕਦੇ ਹਨ। ਸਮਾਜਿਕ ਰਿਸ਼ਤਿਆਂ ’ਚ ਬੱਝੇ ਲੋਕ ਲਾਇਕ ਅਤੇ ਨਾ ਲਾਇਕ ਨੂੰ ਰਿਸ਼ਤੇ ਦੀ ਨਜ਼ਦੀਕੀ ਜਾਂ ਨਰਾਜ਼ਗੀ ਦੇ ਤੌਰ ’ਤੇ ਵੀ ਲੈਂਦੇ ਹਨ। ‘‘ਉਸ ਦੀ ਵਾਈਫ਼ ਅੱਜ ਕੱਲ੍ਹ ਨਰਾਜ਼ ਚੱਲ ਰਹੀ ਹੈ ਪਤਾ ਨਹੀਂ ਕਿਉਂ ਰੁਸ ਗਈ।’’ ਮੇਰੀ ਪਤਨੀ ਕਹਿ ਰਹੀ ਹੈ।
‘‘ਤੈਨੂੰ ਕਿਵੇਂ ਪਤਾ ਲੱਗਾ, ਉਸ ਨੇ ਕੁਝ ਕਿਹਾ?’’ ਮੈਂ ਪੁੱਛਦਾ ਹਾਂ
‘‘ਨਹੀਂ ਜੀ ਮੈਨੂੰ ਪਤਾ ਹੈ, ਅੱਜ ਕੱਲ੍ਹ ਉਹ ਮੇਰੀ ਕਿਸੇ ਵੀ ਪੋਸਟ ਨੂੰ ਲਾਈਕ ਨਹੀਂ ਕਰ ਰਹੀ।’’ ਮੇਰੀ ਪਤਨੀ ਦਾ ਜਵਾਬ ਸੀ ਅਤੇ ਉਹ ਠੀਕ ਹੀ ਕਹਿ ਰਹੀ ਸੀ। ਸੋ, ਲਾਈਕਸ ਦਾ ਸਬੰਧ ਤੁਹਾਡੇ ਰਿਸ਼ਤੇ ਨਾਲ ਹੁੰਦਾ ਹੈ ਨਾ ਕਿ ਪੋਸਟ ਨਾਲ। ਭਾਵੇਂ ਕਿ ਅਜਿਹਾ ਹਰ ਥਾਂ ਨਹੀਂ ਹੁੰਦਾ। ਇਕ ਗੱਲ ਹੋਰ, ਪੋਸਟ ਨੂੰ ਲਾਈਕ ਕਰਨ ਵਾਲੇ ਕਈ ਵਾਰ ਸਿਰਫ ਹਾਜ਼ਰੀ ਲਵਾਉਣ ਲਈ ਹੀ ਲਾਈਕ ਕਰਦੇ ਹਨ ਨਾ ਕਿ ਪੋਸਟ ਨੂੰ ਦੇਖਕੇ। ਪਿਛਲੇ ਇਕ ਵਰ੍ਹੇ ਤੋਂ ਮੇਰਾ ਰੋਜ਼ਾਨਾ ਕਾਲਮ ‘ਅੱਜ ਦੀ ਗੱਲ’ ਰੋਜ਼ਾਨਾ ਫੇਸਬੁੱਕ ’ਤੇ ਪੋਸਟ ਹੋ ਰਿਹਾ ਹੈ। ਕਈ ਵਾਰ ਤਾਂ ਪੋਸਟ ਕਰਨ ਤੋਂ ਦੋ ਸੈਕਿੰਡ ਬਾਅਦ ਹੀ ਦੋ ਤਿੰਨ ਲਾਈਕਸ ਦੇਖਣ ਨੂੰ ਮਿਲ ਜਾਂਦੀਆਂ ਹਨ। ਜਦੋਂ ਕਿ ਕਾਲਮ ਨੂੰ ਪੜ੍ਹਣ ਲਈ ਘੱਟੋ-ਘੱਟ 10 ਮਿੰਟ ਤਾਂ ਲਗਦੇ ਹਨ। ਬਹੁਤ ਸਾਰੇ ਲੋਕ ਆਪਣੀਆਂ ਚੰਗੀਆਂ ਮੰਦੀਆਂ ਨਿੱਜੀ ਗੱਲਾਂ ਵੀ ਫੇਸਬੁੱਕ ’ਤੇ ਪੋਸਟ ਕਰ ਦਿੰਦੇ ਹਨ। ਪਿਛਲੇ ਦਿਨੀਂ ਇਕ ਵਿਅਕਤੀ ਨੇ ਐਕਸੀਡੈਂਟ ਤੋਂ ਬਾਅਦ ਹਸਪਤਾਲ ਵਿੱਚ ਪਏ ਹੋਏ ਆਪਣੀ ਫੋਟੋ ਪੋਸਟ ਕਰ ਦਿੱਤੀ। ਇਸ ਪੋਸਟ ਵਿੱਚ ਲਾਈਕ ਕਰਨ ਵਾਲੀ ਕਿਹੜੀ ਗੱਲ ਸੀ ਪਰ ਲੋਕ ਇਸ ਨੂੰ ਲਾਈਕ ਕਰ ਰਹੇ ਸਨ।
ਮੇਰੇ ਕਈ ਕਲਾਕਾਰ ਵਿਦਿਆਰਥੀ ਫੇਸਬੁੱਕ ’ਤੇ ਸਰਗਰਮ ਹਨ। ਉਨ੍ਹਾਂ ਵਿੱਚੋਂ ਕਈ ਕਲਾਕਾਰਾਂ ਨੇ ਆਪਣੀਆਂ ਲਾਈਕਸ ਨੂੰ ਵਧਾਉਣ ਲਈ ਹਜ਼ਾਰਾਂ ਰੁਪਏ ਖਰਚੇ ਹਨ। ਇਹ ਇੱਕ ਅੰਨ੍ਹੀ ਦੌੜ ਬਣਦੀ ਜਾ ਰਹੀ ਹੈ। ਸੋਸ਼ਲ ਮੀਡੀਆ ਦਾ ਇਹ ਪੱਖ ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਨ ਲੱਗਾ ਹੈ। ਮੇਰੇ ਨਾਲ ਨਰਾਜ਼ ਦੋਸਤ ਮੇਰੀ ਪੋਸਟ ਨੂੰ ਕਦੇ ਵੀ ਲਾਈਕ ਨਹੀਂ ਕਰਨਗੇ ਅਤੇ ਜੇ ਕਦੇ ਭੁਲੇਖੇ ਨਾਲ ਲਾਈਕ ਦਾ ਬਟਨ ਦੱਬ ਦੇਣ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਣਗੇ। ਮੈਂ ਇਕ ਤਜ਼ਰਬਾ ਕੀਤਾ। ਮੇਰਾ ਇਕ ਪੱਤਰਕਾਰ ਮਿੱਤਰ ਕਿਸੇ ਗੱਲੋਂ ਮੇਰੇ ਨਾਲ ਨਰਾਜ਼ ਹੋ ਗਿਆ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਉਸ ਨੂੰ ਨਹੀਂ ਮਨਾ ਸਕਿਆ। ਫਿਰ ਮੈਂ ਉਸ ਦੀ ਹਰ ਪੋਸਟ ਨੂੰ ਲਾਈਕ ਕਰਨ ਲੱਗਾ। ਨਤੀਜੇ ਵਜੋਂ ਮਹੀਨੇ ਦੋ ਮਹੀਨੇ ਬਾਅਦ ਉਸ ਦੀ ਨਰਾਜ਼ਗੀ ਦੂਰ ਹੋ ਗਈ। ਸੋ ਇਹ ਨਰਾਜ਼ਗੀ ਦੂਰ ਕਰਨ ਦਾ ਕਾਰਨ ਵੀ ਬਣ ਸਕਦੀ।
ਅੱਜ ਸਿਰਫ ਲਾਈਕਸ ਬਾਰੇ ਚਰਚਾ ਕਰ ਰਹੇ ਹਾਂ ਅਤੇ ਕਮੈਂਟਸ ਬਾਰੇ ਫਿਰ ਕਿਸੇ ਕਾਲਮ ਵਿੱਚ ਚਰਚਾ ਕਰਾਂਗੇ ਪਰ ਇਕ ਗੱਲ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ਦੇ ਇਸ ਪੱਖ ਨੇ ਕਰੋੜਾਂ ਲੋਕਾਂ ਨੂੰ ਇਕ ਕੰਮ ਦੇ ਦਿੱਤਾ ਹੈ। ਲੋਕ ਫੇਸਬੁੱਕ ’ਤੇ ਫੋਟੋ ਪੋਸਟ ਕਰਕੇ ਇਹ ਦੇਖਣ ਵਿੱਚ ਰੁਝ ਜਾਂਦੇ ਹਨ ਕਿ ਕਿੰਨੇ ਲਾਈਕਸ ਜਾਂ ਕਮੈਂਟ ਆਏ ਹਨ। ਫਿਰ ਜੇ ਕੋਈ ਉਨ੍ਹਾਂ ਦਾ ਆਪਣਾ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਉਨ੍ਹਾਂ ਦੀ ਪੋਸਟ ਲਾਈਕ ਨਹੀਂ ਕਰਦਾ ਤਾਂ ਉਹ ਉਦਾਸ ਵੀ ਹੋ ਜਾਂਦੇ ਹਨ ਅਤੇ ਕਦੇ-ਕਦੇ ਨਰਾਜ਼ ਵੀ। ਤਕਨਾਲੋਜੀ ਦੀ ਕਮਾਲ ਦੇਖੋ ਕਿ ਉਹ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰਨ ਲੱਗੀ ਹੈ ਜੋ ਕੋਈ ਚੰਗਾ ਰੁਝਾਨ ਨਹੀਂ।