ਨਵੀਂ ਦਿੱਲੀ – ਸਾਲ 2013-14 ਦੇ ਅਪ੍ਰੈਲ ਤੋਂ ਦਸੰਬਰ ਦੀ ਮਿਆਦ ਵਿਚ ਮੁੱਲ ਦੇ ਪੱਧਰ ‘ਤੇ ਪਿਆਜ਼ ਦੀ ਬਰਾਮਦ 59 ਫੀਸਦੀ ਵੱਧ ਕੇ 2,532 ਕਰੋੜ ਰੁਪਏ ਦੀ ਹੋ ਗਈ ਜਿਸ ਦਾ ਕਾਰਨ ਸਰਕਾਰ ਵਲੋਂ ਵੱਧ ਬਰਾਮਦੀ ਮੁੱਲ ਨਿਰਧਾਰਤ ਕੀਤਾ ਜਾਣਾ ਹੈ। ਰਾਸ਼ਟਰੀ ਬਾਗਵਾਨੀ ਖੋਜ ਵਿਕਾਸ ਫਾਉਂਡੇਸ਼ਨ (ਐੱਨ. ਐੱਚ. ਆਰ. ਡੀ. ਐੱਫ.) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2012-13 ਦੀ ਇਸੇ ਮਿਆਦ ਦੇ ਦੌਰਾਨ ਇਹ ਬਰਾਮਦ 1,590.79 ਕਰੋੜ ਰੁਪਏ ਦੀ ਹੋਈ ਸੀ। ਪੂਰੇ ਵਿੱਤੀ ਸਾਲ 2012-13 ਵਿਚ ਭਾਰਤ ਨੇ 2,294.90 ਕਰੋੜ ਰੁਪਏ ਮੁੱਲ ਦਾ 18.22 ਲੱਖ ਟਨ ਪਿਆਜ਼ ਦਾ ਬਰਾਮਦ ਕੀਤਾ ਸੀ। ਸਾਲ 2013-14 ਦੇ ਅਪ੍ਰੈਲ ਤੋਂ ਦਸੰਬਰ ਦੀ ਮਿਆਦ ਦੌਰਾਨ ਮਾਤਰਾ ਦੇ ਹਿਸਾਬ ਨਾਲ ਪਿਆਜ਼ ਦੀ ਬਰਾਮਦ 30 ਫੀਸਦੀ ਘਟ ਕੇ 9.87 ਲੱਖ
ਟਨ ਹੋ ਗਈ ਜੋ ਪਿਛਲੇ ਵਿੱਤੀ ਸਾਲ ਦੀ ਬਰਾਬਰ ਮਿਆਦ ਵਿਚ 14.04 ਲੱਖ ਟਨ ਸੀ। 26 ਦਸੰਬਰ ਨੂੰ ਪਿਆਜ਼ ਦਾ ਘੱਟੋ-ਘੱਟ ਬਰਾਮਦੀ ਮੁੱਲ (ਐੱਮ. ਈ. ਪੀ.) ਨੂੰ 350 ਡਾਲਰ ਪ੍ਰਤੀ ਟਨ ਤੋਂ ਘਟਾ ਕੇ 150 ਡਾਲਰ ਪ੍ਰਤੀ ਟਨ ਕੀਤਾ ਗਿਆ। ਘੱਟੋ-ਘੱਟ ਬਰਾਮਦੀ ਮੁੱਲ ਬੈਂਚਮਾਰਕ ਕੀਮਤ ਹੈ ਜਿਸ ਤੋਂ ਘੱਟ ਕੀਮਤ ‘ਤੇ ਪਿਆਜ਼ ਦੀ ਬਰਾਮਦ ਨਹੀਂ ਕੀਤੀ ਜਾ ਸਕਦੀ। ਪਿਆਜ਼ ਦਾ ਐੱਮ. ਈ. ਪੀ. 350 ਡਾਲਰ ਪ੍ਰਤੀ ਟਨ ਹੋਣ ਨਾਲ ਪਿਛਲੀ 19 ਦਸੰਬਰ ਨੂੰ ਇਹ 800 ਡਾਲਰ ਅਤੇ 16 ਦਸੰਬਰ ਨੂੰ ਇਹ 1,150 ਡਾਲਰ ਪ੍ਰਤੀ ਟਨ ‘ਤੇ ਸੀ।